ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ
ਨਵਾਂਸ਼ਹਿਰ 29 ਦਸੰਬਰ: (ਪੰਜਾਬ ਕਰਾਈਮ ਨਿਊਜ਼ ਟੀਮ)ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਅੱਜ ਕੋਵਿਡ-19 ਵੈਕਸੀਨ ਲਈ ਦੋ ਦਿਨਾ 'ਡਰਾਈ ਰਨ' ਅਭਿਆਸ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੰਜ ਸੈਸ਼ਨ ਸਾਈਟਾਂ ਸਿਵਲ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ. ਮੁਕੰਦਪੁਰ, ਮਿੰਨੀ ਪੀ.ਐਚ.ਸੀ. ਜਾਡਲਾ, ਸਬ ਸੈਂਟਰ ਉਸਮਾਨਪੁਰ ਅਤੇ ਆਈ.ਵੀ.ਵਾਈ ਹਸਪਤਾਲ, ਨਵਾਂਸ਼ਹਿਰ ਵਿਖੇ ਸਵੇਰੇ 9.00 ਵਜੇ ਡਰਾਈ ਰਨ ਅਭਿਆਸ ਸ਼ੁਰੂ ਹੋਇਆ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਟੀਕਾਕਰਨ ਲਈ ਤੈਅ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ 'ਡਮੀ ਟੀਕਾਕਰਨ' ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਟੀਕਾਕਰਨ ਪ੍ਰਕਿਰਿਆ ਦੀ ਪਰਖ ਕਰਨਾ ਸੀ, ਜਿਸ ਵਿਚ ਯੋਜਨਾ ਤੇ ਤਿਆਰੀ, ਸੈਸ਼ਨ ਸਾਈਟਾਂ ਬਣਾਉਣੀਆਂ, ਕੋ-ਵਿਨ ਐਪ ਦੀ ਸਥਿਤੀ ਨੂੰ ਦੇਖਣਾ, ਸਾਈਟਾਂ ਦੀ ਮੈਪਿੰਗ, ਹੈਲਥ ਕੇਅਰ ਵਰਕਰ ਡਾਟਾ ਸਫਲਤਾਪੂਰਵਕ ਅਪਲੋਡ ਕਰਨਾ, ਵੈਕਸੀਨ ਲੈ ਕੇ ਜਾਣ, ਵੈਕਸੀਨ ਦੀ ਵੰਡ, ਸੈਸ਼ਨ ਪਲਾਨਿੰਗ, ਟੀਕਾਕਰਨ ਟੀਮਾਂ ਦੀ ਤਾਇਨਾਤੀ ਅਤੇ ਹੋਰ ਸਾਜੋ-ਸਮਾਨ ਸੈਸ਼ਨ ਸਾਈਟਾਂ ਤੱਕ ਪਹੁੰਚਾਉਣਾ ਆਦਿ ਸ਼ਾਮਲ ਸੀ। ਡਾ. ਭਾਟੀਆ ਨੇ ਦੱਸਿਆ ਕਿ ਕੋਵਿਡ-19 ਦੇ ਲਾਭਪਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਕੋ-ਵਿਨ ਪੋਰਟਲ ਰਾਹੀਂ ਟੀਕਾਕਰਨ ਲਈ ਮੈਸੇਜ ਭੇਜ ਦਿੱਤੇ ਗਏ, ਜਿਨ੍ਹਾਂ ਨੇ ਅੱਜ ਆਪਣੇ ਨਿਰਧਾਰਿਤ ਸੈਸ਼ਨ ਸਥਾਨਾਂ ਉੱਤੇ ਪਹੁੰਚ ਕੇ ਟੀਕਾਕਰਨ ਦੇ ਅਭਿਆਸ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਸਾਈਟ ਉੱਤੇ ਵੇਟਿੰਗ ਰੂਮ, ਟੀਕਾਕਰਨ ਰੂਮ ਅਤੇ ਨਿਗਰਾਨੀ ਰੂਮ ਬਣਾਏ ਗਏ ਸਨ। ਇਸ ਮੋਕ ਡਰਿੱਲ ਵਿਚ ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਨ ਵਿਚ ਨਿਰਧਾਰਿਤ ਮਾਪਦੰਡਾਂ ਦੀ ਜਾਂਚ ਕਰਨਾ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਅੰਦਰੂਨੀ ਘਾਟਾਂ ਦਾ ਸਮਾਂ ਰਹਿੰਦਿਆ ਪਤਾ ਲਗਾ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਡਾ. ਢਾਂਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਥਾਨਾਂ ਉੱਤੇ ਡਰਾਈ ਰਨ ਅਭਿਆਸ ਪੂਰੀ ਤਰ੍ਹਾਂ ਨਾਲ ਸਫਲ ਰਹੇ। ਹਰ ਸੈਸ਼ਨ ਸਾਈਟ ਉੱਤੇ 25-25 ਲਾਭਪਾਤਰੀਆਂ ਨੂੰ 'ਡਮੀ ਟੀਕੇ' ਲਾਉਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਇਕ ਅਭਿਆਸ ਸੀ ਜੋ ਦੋ ਦਿਨ ਤੱਕ ਚੱਲਦਾ ਰਿਹਾ। ਜਦੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਵੇਗਾ, ਤਾਂ ਇਹ ਅਭਿਆਸ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਦਦਗਾਰ ਸਾਬਿਤ ਹੋਵੇਗਾ ਅਤੇ ਹੁਣ ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਵਿੱਖ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਹਰਵਿੰਦਰ ਸਿੰਘ, ਨੋਡਲ ਅਫਸਰ ਡਾ ਹਰਪਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਮ ਸਿੰਘ, ਬਲਾਕ ਐਜੂਕੇਟਰ ਤਰਸੇਮ ਲਾਲ, ਬਲਾਕ ਐਜੂਕੇਟਰ ਵਿਕਾਸ ਵਿਰਦੀ, ਈ.ਪੀ.ਆਈ. ਅਸਿਸਟੈਂਟ ਸੁਸ਼ੀਲ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
