ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ ਦਰਜ ਕਰਨ ਦੀ ਕੀਤੀ ਮੰਗ
ਗੁਰਦਾਸਪੁਰ/ਹੁਸ਼ਿਆਰਪੁਰ 17 ਸਤੰਬਰ (ਸਰਵਣ ਸਿੰਘ ਕਲਸੀ) ਹਰ ਰੋਜ਼ ਸੜਕਾਂ ਤੇ ਟਿੱਪਰ ਚਾਲਕਾਂ ਵੱਲੋਂ ਅਣਗਹਿਲੀਆਂ ਕਾਰਨ ਲੋਕਾਂ ਨੂੰ ਟਿੱਪਰਾਂ ਹੇਠਾਂ ਦਰੜਿਆ ਜਾ ਰਿਹਾ ਹੈ। ਜਿਸ ਨਾਲ ਹਰ ਰੋਜ਼ ਕਈ ਪਰਿਵਾਰ ਕੀਰਨੇ ਪਾਉਂਦੇ ਦਿਖਾਈ ਦਿੰਦੇ ਹਨ। ਇਸੇ ਹੀ ਤਰ੍ਹਾਂ ਦਾ ਇੱਕ ਹਾਦਸਾ 12 ਸਤੰਬਰ ਨੂੰ ਸਵੇਰੇ 4:30 ਵਜੇ ਸ਼ਹੀਦ ਭਗਤ ਸਿੰਘ ਨਗਰ ਥਾਣਾ ਬੰਗਾ ਅਧੀਨ ਆਉਂਦੇ ਮੇਨ ਹਾਈਵੇ ਨੇੜੇ ਪਿੰਡ ਢਾਹਾਂ ਕਲੇਰਾਂ ਵਿਖੇ ਵਾਪਰਿਆ ਜਿੱਥੇ ਇੱਕ ਟਿੱਪਰ ਚਾਲਕ ਨੇ ਐਮ.ਡੀ ਕਰ ਰਹੇ ਇੱਕ ਨੌਜਵਾਨ ਡਾਕਟਰ ਅੰਮ੍ਰਿਤਪਾਲ ਸਿੰਘ ਜੋ ਕਿ ਆਪਣੀ ਆਈ20 ਕਾਰ ਨੰਬਰ PB06 BG 3258 ਤੇ ਮੁਹਾਲੀ ਤੋਂ ਸਟਾਫ ਮੈਂਬਰ ਨਾਲ ਵਾਪਸ ਆ ਰਿਹਾ ਸੀ
ਨੂੰ ਆਪਣੇ ਟਿੱਪਰ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਲਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਉਧਨਵਾਲ ਦੇ ਅੰਮ੍ਰਿਤਪਾਲ ਸਿੰਘ ਜੋ ਕਿ ਐਮ ਡੀ ਔਰਥੋ 2025 ਜਨਵਰੀ ਬੈਚ ਦਾ ਵਿਦਿਆਰਥੀ ਸੀ। ਮ੍ਰਿਤਕ ਡਾਕਟਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਹਰਭਜਨ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਮਧਰੇ ਹਾਲ ਵਾਸੀ ਪਿੰਡ ਉਧਨਵਾਲ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਵੱਲੋਂ ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਲਿਖਤੀ ਸ਼ਿਕਾਇਤ ਕੀਤੀ । ਉਹਨਾਂ ਸ਼ਿਕਾਇਤ ਵਿੱਚ ਦੱਸਿਆ ਕਿ ਮੇਰਾ ਪੁੱਤਰ ਮੋਹਾਲੀ ਤੋਂ ਆ ਰਿਹਾ ਸੀ। ਇਸੇ ਦੌਰਾਨ ਟਿੱਪਰ ਚਾਲਕ ਨੇ ਮੇਰੇ ਪੁੱਤਰ ਦੀ ਕਾਰ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਮੇਰੇ ਪੁੱਤਰ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਇਸ ਦੌਰਾਨ ਮੇਰੇ ਪੁੱਤਰ ਦੇ ਨਾਲ ਉਸ ਦੀ ਸਟਾਫ ਮੈਂਬਰ ਐਮ.ਡੀ ਕਰ ਰਹੀ ਲੜਕੀ ਅਰਸ਼ਦੀਪ ਕੌਰ ਜਿਸ ਦੀ ਹਾਲਤ ਗੰਭੀਰ ਬਣੀ ਪਈ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੇ ਮੇਰੇ ਬਿਆਨਾਂ ਤੇ ਥਾਣਾ ਸਦਰ ਬੰਗਾ ਵਿੱਚ ਰਪਟ ਦਰਜ ਕੀਤੀ । ਉਹਨਾਂ ਕਿਹਾ ਕਿ ਮੈਂ ਉਸ ਵਕਤ ਬਹੁਤ ਮਾੜੇ ਦੌਰ ਵਿੱਚ ਰਿਹਾ ਸੀ ਅਤੇ ਪੂਰੇ ਸਦਮੇ ਵਿੱਚ ਸੀ। ਜਿਸ ਕਰਕੇ ਮੈਨੂੰ ਕੋਈ ਸੁੱਧ ਬੁੱਧ ਨਹੀਂ ਸੀ। ਉਹਨਾਂ ਕਿਹਾ ਕਿ ਜਦ ਅਸੀਂ ਅਤੇ ਸਾਡੇ ਸਹਿਯੋਗੀਆਂ ਨੇ ਇਸ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਮੇਰੇ ਬੇਟੇ ਦੀ ਕਾਰ ਦਾ ਪ੍ਰਾਈਵੇਟ ਕੰਪਨੀ ਰੇਤਾ ਨਾਲ ਭਰੇ ਟਿੱਪਰ ਨੇ ਐਕਸੀਡੈਂਟ ਕੀਤਾ ਹੈ। ਇਸ ਟਿੱਪਰ ਦੀ ਆਪਣੇ ਪੱਧਰ ਤੇ ਛਾਣਬੀਣ ਕਰਕੇ ਸੀਸੀਟੀਵੀ ਫੁਟੇਜ ਅਤੇ ਗੱਡੀ ਦੇ ਨੰਬਰ ਤੋਂ ਲੈ ਕੇ ਮਾਲਕ ਦੇ ਨੰਬਰਾਂ ਤੱਕ 15 ਸਤੰਬਰ ਨੂੰ ਡੀਐਸਪੀ ਸਾਹਿਬ ਬੰਗਾ ਨੂੰ ਮਿਲ ਕੇ ਮਿਲ ਕੇ ਸਾਰੀ ਜਾਣਕਾਰੀ ਮੁੜ ਤੋਂ ਦਿੱਤੀ ਹੈ। ਸਾਰੀ ਘਟਨਾ ਦਾ ਮੌਕਾ ਸੰਬੰਧਿਤ ਤਫਤੀਸ਼ੀ ਅਫਸਰ ਨੂੰ ਵੀ ਦਿਖਾਇਆ ਹੈ। ਉਹਨਾਂ ਕਿਹਾ ਕਿ ਮੇਰੀ ਧੀ ਅਤੇ ਪੁੱਤਰ ਮਾੜੇ ਹਾਲਾਤਾਂ ਵਿੱਚ ਰਹਿ ਕੇ ਡਾਕਟਰ ਬਣੇ ਅਤੇ ਉਨਾਂ ਨੇ ਆਉਣ ਵਾਲੇ ਸਮੇਂ ਵਿੱਚ ਸਮਾਜ ਦੀ ਵੱਡੀ ਸੇਵਾ ਕਰਨੀ ਸੀ ਪਰ ਮੇਰੇ ਪੁੱਤਰ ਦੀ ਇਸ ਸੜਕ ਹਾਦਸੇ ਨੇ ਜਾਨ ਹੀ ਨਹੀਂ ਲਈ ਸਗੋਂ ਸਾਡੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਦੇ ਸੁਪਨਿਆਂ ਨੂੰ ਵੀ ਚਕਨਾਚੂਰ ਕਰ ਦਿੱਤਾ ਹੈ। ਉਨਾ ਪੁਲਿਸ ਪ੍ਰਸ਼ਾਸਨ ਤੋ ਇਸ ਟਿੱਪਰ ਚਾਲਕ ਅਤੇ ਮਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਉੱਥੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ ਤੇ ਓਵਰਲੋਡ ਚੱਲ ਰਹੇ ਇਹਨਾਂ ਟਿੱਪਰਾਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਕੀਮਤੀ ਜਾਨਾ ਬਚ ਸਕਣ ।