ਹੁਸ਼ਿਆਰਪੁਰ 16 ਸਤੰਬਰ (ਪਰਸ਼ੋਤਮ ਲਾਲ ਦੜੌਚ) ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਮੰਗਲਵਾਰ ਨੂੰ ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ ਨੇ ਸੀਨੀਅਰ ਮੈਡੀਕਲ ਅਫਸਰ ਵਜੋਂ ਆਪਣਾ-ਆਪਣਾ ਅਹੁਦਾ ਸੰਭਾਲਿਆ।
ਡਾ. ਨਵਜੋਤ ਸਿੰਘ ਨੇ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਵਜੋਂ ਕੰਮਕਾਜ ਸੰਭਾਲਿਆ। ਉਹ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੀ 2021 ਤੋਂ ਸਰਜੀਕਲ ਸਪੈਸ਼ਲਿਸਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਅਤੇ ਮਰੀਜ਼ਾਂ ਨੂੰ ਉੱਤਮ ਸਰਜੀਕਲ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਚੁੱਕੇ ਹਨ।
ਡਾ. ਨੇਹਾ ਪਾਲ ਨੇ ਵੀ ਮੰਗਲਵਾਰ ਨੂੰ ਸੀਨੀਅਰ ਮੈਡੀਕਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲਿਆ। ਉਹ ਵੀ ਇਸ ਤੋਂ ਪਹਿਲਾਂ ਪਿਛਲੇ 5 ਸਾਲਾਂ ਤੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਸੇਵਾਵਾਂ ਦੇ ਰਹੇ ਸਨ ਅਤੇ ਮਰੀਜ਼ਾਂ ਦੀ ਸੰਭਾਲ ਅਤੇ ਇਲਾਜ ਵਿੱਚ ਆਪਣੀ ਵਿਸ਼ੇਸ਼ਤਾ ਨਾਲ ਹਮੇਸ਼ਾਂ ਅੱਗੇ ਰਹੇ ਹਨ।
ਜਿਕਰਯੋਗ ਹੈ ਕਿ ਇਹ ਨਵੀਆਂ ਨਿਯੁਕਤੀਆਂ ਡਾ. ਸਵਾਤੀ ਸ਼ੀਂਹਮਾਰ ਅਤੇ ਡਾ. ਕੁਲਦੀਪ ਸਿੰਘ ਦੀ ਬਦਲੀ ਤੋਂ ਬਾਅਦ ਕੀਤੀਆਂ ਗਈਆਂ ਹਨ। ਹਸਪਤਾਲ ਦੇ ਸਟਾਫ ਮੈਂਬਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਵੇਂ ਡਾਕਟਰਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ 'ਤੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੇ ਨਵੇਂ ਤੌਰ 'ਤੇ ਚਾਰਜ ਸੰਭਾਲਣ ਵਾਲੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਵਿੱਚ ਮਰੀਜ਼ਾਂ ਨੂੰ ਹੋਰ ਵੀ ਚੰਗੀਆਂ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ।