ਹੜ੍ਹ ਪੀੜਤਾਂ ਲਈ ਅਗਲੇ ਪੜਾਓ 'ਚ ਕਣਕ ਦੀ ਬਿਜਾਈ ਲਈ ਸੰਸਥਾਵਾਂ ਕਣਕ ਬੀਜ਼, ਡੀਜ਼ਲ, ਖਾਦਾਂ ਲਈ ਕਮਰਕੱਸੇ ਕਰਨ-ਧਾਲੀਵਾਲ
-ਗੁਰਦੁਆਰਾ ਸ੍ਰੀ ਪਰੋ ਸਾਹਿਬ ਵਿਖੇ ਸਜਾਇਆ ਗਿਆ ਹੜ੍ਹ ਪੀੜਤਾਂ ਦੀ ਚੜਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ-ਅੰਮ੍ਰਿਤਸਰ/ਅਜਨਾਲਾ, 11 ਸਤੰਬਰ (ਚੀਫ ਬਿਊਰੋ) ਵਿਧਾਨ ਸਭਾ ਹਲਕਾ ਅਜਨਾਲਾ ਸਮੇਤ ਪੰਜਾਬ ਭਰ 'ਚ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਤੇ ਕਸਬਿਆਂ 'ਚ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਅਤੇ ਨੁਕਸਾਨੇ ਗਏ ਹਰ ਵਰਗ ਦੇ ਘਰਾਂ ਤੇ ਪਸ਼ੂਆਂ ਦਾ ਸਰਵੇਖਣ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਤੇ ਲੋਕਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ 15 ਅਕਤੂਬਰ ਤੱਕ ਉਚਿਤ ਮੁਆਵਜਾ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਚਿਤ ਕਦਮ ਚੁੱਕ ਲਏ ਹਨ । ਅੱਜ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਹਲਕੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਪਰੋ ਸਾਹਿਬ , ਸੁਧਾਰ (ਅਜਨਾਲਾ) ਵਿਖੇ ਇਲਾਕੇ ਦੀ ਸੱੁਖ ਸ਼ਾਂਤੀ , ਹੜ੍ਹ ਪੀੜਤਾਂ ਦੀ ਚੜਦੀ ਕਲਾ , ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਤੇ ਹੋਰ ਯੋਗ ਸਹਾਇਤਾ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀਆਂ ਤੇ ਨਿਭਾਅ ਰਹੀਆਂ ਧਾਰਮਿਕ ਤੇ ਸਮਾਜਿਕ ਸੇਵਾ ਸੁਸਾਇਟੀਆਂ , ਕਾਰਸੇਵਾ ਵਾਲੇ ਬਾਬਿਆਂ , ਰਾਜਸੀ ਸੰਗਠਨਾਂ ਦੇ ਕਾਰਕੁੰਨਾਂ ਤੇ ਗ੍ਰਾਮ ਪੰਚਾਇਤਾਂ ਦਾ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਲਈ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਰਖਵਾਏ ਪਾਠ ਦੇ ਭੋਗ ਉਪਰੰਤ ਅਰਦਾਸ ਜੋਦੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਧਾਲੀਵਾਲ ਨੇ ਕਿਹਾ ਕਿ ਸੂਬਾ ਮਾਨ ਸਰਕਾਰ ਦੇ ਕੁਦਰਤੀ ਆਫਤਾਂ ਦੇ ਨਿਯਮਾਂ ਤਹਿਤ ਆਦੇਸ਼ਾਂ ਦੀ ਇੰਨ੍ਹ ਬਿੰਨ੍ਹ ਪਾਲਣਾ ਕਰਦਿਆਂ ਸਭ ਤੋਂ ਪਹਿਲਾਂ ਉਨ੍ਹਾਂ (ਸ. ਧਾਲੀਵਾਲ) ਵਲੋਂ ਜ਼ਿਲਾ੍ਹ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਪੁਲੀਸ ਜ਼ਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਮੁੱਖੀ ਮਨਿੰਦਰ ਸਿੰਘ, ਤੇ ਫੌਜ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ 'ਚ ਰੁੜਣ ਤੋਂ 3200 ਵਿਅਕਤੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ 'ਚ ਜਿਥੇ ਸਫਲ ਹੋਏ ਹਨ, ਉਥੇ ਬਦਕਿਸਮਤੀ ਨਾਲ 3 ਵਿਅਕਤੀਆਂ ਹੜ੍ਹਾਂ ਦੀ ਮਾਰ 'ਚ ਰੁੜ ਗਏ। ਜਦੋਕਿ ਹੜ੍ਹ ਪੀੜਤਾਂ ਦੀ ਦੂਸਰੀ ਸਹਾਇਤਾ 'ਚ ਪਹਿਲ ਕਦਮੀ ਵਜੋਂ ਭੁੱਖੇ ਤਿਹਾਏ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ 'ਚ ਰਾਤ ਦਿਨ ਇਕ ਕੀਤਾ ਗਿਆ, ਜਿਸ ਵਿੱਚ ਗੈਰ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬ ਦੇ ਖੇਤਰ 'ਚ ਦੂਰ ਦੁਰਾਡਿਓਂ ਪੰਜਾਬੀਆਂ ਨੇ ਆਪਣੀ ਗੈਰਤ ਤੇ ਅਣਖ ਤੇ ਰਵਾਇਤੀ ਡੱਟਵਾਂ ਪਹਿਰਾ ਦਿੱਤਾ ਅਤੇ ਇਸ ਸੰਕਟ ਦੀ ਘੜੀ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁਚਾਉਣ 'ਚ ਸਰਗਰਮ ਭੂਮਿਕਾ ਨਿਭਾਈ। ਬਾਲੀਵੁੱਡ ਤੇ ਪੰਜਾਬੀ ਫਿਲਮ ਜਗਤ ਦੇ ਕਲਾਕਾਰਾਂ , ਪੰਜਾਬੀ ਗਾਇਕਾਂ ਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਵਲੋਂ ਬੇੜੀਆਂ, ਬੇੜੇ ਤੇ ਹੋਰ ਸਾਜੋ ਸਮਾਨ ਭੇਜ ਕਿ ਸੇਵਾ ਦਾ ਲਾਹਾ ਖੱਟਿਆ। ਇਸੇ ਤਰਾਂ ਗੁਆਂਢੀ ਸੂਬਿਆਂ, ਰਾਜਸਥਾਨ, ਹਰਿਆਣਾ, ਦਿੱਲੀ, ਤੋਂ ਵੀ ਸਿੱਖ ਸੰਸਥਾਵਾਂ ਸਮੇਤ ਹੋਰ ਵਰਗਾਂ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਦਾਨੀ ਸੱਜਣਾਂ ਵਲੋਂ ਵੀ ਰਾਹਤ ਸਮੱਗਰੀ ਭੇਜ ਕਿ ਸੇਵਾ ਦੇ ਕੁੰਭ 'ਚ ਆਪਣਾ ਹਿੱਸਾ ਪਾਇਆ।ਸ: ਧਾਲੀਵਾਲ ਨੇ ਇਨ੍ਹਾਂ ਸਮਾਜਿਕ , ਧਾਰਮਿਕ ਸੰਸਥਾਵਾਂ ਦਾ ਬਤੌਰ ਹਲਕਾ ਅਜਨਾਲਾ ਤੋਂ ਚੁਣੇ ਹੋਏ ਲੋਕਾਂ ਦੇ ਪ੍ਰਤੀਨਿਧ ਵਜੋਂ ਸ਼ੁਕਰਾਨਾ ਕਰਦਿਆਂ ਇਹ ਵੀ ਸੱਦਾ ਦਿੱਤਾ ਕਿ ਸੇਵਾ ਦੇ ਅਗਲੇ ਪੜਾਅ 'ਚ ਹਾੜੀ ਦੀ ਮੁੱਖ ਫਸਲ ਕਣਕ ਦੀ ਬਿਜਾਈ ਲਈ ਪ੍ਰਭਾਵਿਤ ਹੜ੍ਹ ਪੀੜਤ ਕਿਸਾਨ ਨੂੰ ਉਸਦੇ ਉਪਜਾਊ ਰਕਬੇ ਦੇ ਮੱਦੇਨਜ਼ਰ ਕਣਕ ਦਾ ਬੀਜ਼ , ਡੀਜ਼ਲ, ਰਸਾਈਣਿਕ ਖਾਦਾਂ ਮੁਹੱਈਆ ਕਰਵਾਉਣ ਲਈ ਜਿੱਥੇ ਹੁਣ ਤੋਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਜਾਣ, ਉਥੇ ਹਲਕਾ ਅਜਨਾਲਾ ਦੇ ਪੰਚਾਂ ਸਰਪੰਚਾਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਿਨ੍ਹਾਂ ਕਿਸੇ ਸਮਾਜਿਕ ਵਿਤਕਰੇ ਭਾਵ ਰਾਜਨੀਤੀ ਤੋਂ ਉਪੱਰ ਉੱਠ ਕੇ ਪ੍ਰਭਾਵਿਤ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਨ 'ਚ ਹੁਣ ਤੋਂ ਹੀ ਪਿੰਡ ਪਿੰਡ ਜੁੱਟ ਜਾਣ। ਅਤੇ ਗਰੀਬ ਵਰਗਾਂ ਦੇ ਮੁੜ ਵਸੇਬੇ ਲਈ ਵੀ ਸੂਚੀਆਂ ਤਿਆਰ ਕਰ ਲੈਣ। ਤਾਂ ਜੋ ਉਨ੍ਹਾਂ ਤੱਕ ਵੀ ਯੋਗ ਸਹਾਇਤਾ ਪੁੱਜ ਸਕੇ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਤੇ ਤਪਸਵੀ ਸੰਤ ਮਹਾਂਪੁਰਖ ਬਾਬਾ ਵਰਿਆਮ ਸਿੰਘ , ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ 'ਚੋਂ ਪ੍ਰੋ: ਨਿਰਮਲ ਸਿੰਘ ਛੇਹਰੱਟਾ, ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਪੰਜਾਬ ਵਿੰਗ ਦੇ ਇੰਚਾਰਜ ਭਾਈ ਮਨਜੀਤ ਸਿੰਘ ਭੋਮਾ, ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਸੀਨੀਅਰ ਮਹਿਲਾ ਆਗੂ ਤੇ ਸਮਾਜ ਸੇਵਿਕਾ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਗੁਰਦੀਪ ਕੌਰ, ਕੌਂਸਲਰ ਰਾਜਬੀਰ ਕੌਰ ਚਾਹਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਸਮੇਤ ਦਰਜਨਾਂ ਸੀਨੀਅਰ ਆਗੂ , ਪੰਚ ਸਰਪੰਚ ਤੇ ਧਾਰਮਿਕ ਸਮਾਜਿਕ ਸੰਗਠਨਾਂ ਦੇ ਆਗੂ ਮੌਜੂਦ ਸਨ।