ਜਿਸ ਦਾ ਖੇਤ ਉਸ ਦੀ ਰੇਤ " ਨੀਤੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਨਾਲਾ ਵਿੱਚ ਕੀਤਾ ਕੰਮ ਸ਼ੁਰੂ
ਕਿਸਾਨਾਂ ਨੂੰ ਮਸ਼ੀਨਰੀ ਦੇ ਕੇ ਰੇਤ ਚੁੱਕਣ ਵਿੱਚ ਵੀ ਕੀਤੀ ਸਹਾਇਤਾ
ਅਜਨਾਲਾ 17 ਸਤੰਬਰ (ਡਾਕਟਰ ਗੁਰਦੇਵ ਸਿੰਘ ਦਾਸੂਵਾਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਦਰਿਆ ਵੱਲੋਂ ਸੁੱਟੀ ਗਈ ਰੇਤ ਉੱਤੇ ਕਿਸਾਨ ਦਾ ਹੱਕ ਦੱਸਦੇ ਹੋਏ " ਜਿਸ ਦਾ ਖੇਤ ਉਸ ਦੀ ਰੇਤ " ਨੀਤੀ ਐਲਾਨੀ ਗਈ ਸੀ, ਜਿਸ ਦੇ ਚਲਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਜਨਾਲਾ ਦੇ ਹੜ ਪ੍ਰਭਾਵਿਤ ਪਿੰਡ ਮਾਛੀਵਾਲ ਤੋਂ ਕਿਸਾਨਾਂ ਦੇ ਖੇਤਾਂ ਵਿੱਚੋਂ ਇਹ ਰੇਤਾ ਚੁੱਕਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰੇਤ ਇਕੱਠੀ ਕਰਨ ਅਤੇ ਉਸਨੂੰ ਚੁੱਕਣ ਲਈ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਵੱਲੋਂ ਦਿੱਤੇ ਗਈ ਐਮ ਪੀ ਲੈਡ ਫੰਡ ਨਾਲ ਖਰੀਦੀ ਜੇਸੀਬੀ ਅਤੇ ਟਰੈਕਟਰ ਦੀ ਸਹਿਤ ਨਾਲ ਇਹ ਰੇਤਾ ਅੱਜ ਨੈਸ਼ਨਲ ਹਾਈਵੇ ਨੂੰ ਵੇਚਿਆ ਗਿਆ। ਇਸ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਮੇਰੇ ਵੱਲੋਂ ਕੀਤੀ ਗਈ ਅਪੀਲ ਨੂੰ ਮੰਨਦੇ ਹੋਏ ਅਗਲੇ ਦਿਨ ਹੀ ਇਹ ਨੀਤੀ ਐਲਾਨ ਦਿੱਤੀ, ਜਿਸ ਨਾਲ ਕਿਸਾਨ ਨੂੰ ਆਰਥਿਕ ਫਾਇਦਾ ਹੋਵੇਗਾ। ਉਹਨਾਂ ਨੇ ਉਕਤ ਮਸ਼ੀਨਰੀ ਮੁਹਈਆ ਕਰਵਾਉਣ ਲਈ ਸੰਸਦ ਮੈਂਬਰ ਸ੍ਰੀ ਰਾਘਵ ਚੱਢਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਸ ਧਾਲੀਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਪਹਿਲ ਦੇ ਅਧਾਰ ਉੱਤੇ ਇਹ ਰੇਤਾ ਚੁੱਕਿਆ ਜਾਵੇ।
ਇਸ ਮੌਕੇ ਐਸ ਡੀ ਐਮ ਅਜਨਾਲਾ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਦੀ ਅਗਵਾਈ ਹੇਠ ਅਸੀਂ ਉਹਨਾਂ ਪਿੰਡਾਂ ਵਿੱਚੋਂ ਰੇਤਾ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ ਹੈ, ਜਿੱਥੇ ਸਭ ਤੋਂ ਵੱਧ ਰੇਤਾ ਦਰਿਆ ਨੇ ਸੁੱਟ ਦਿੱਤਾ ਹੈ। ਉਹਨਾਂ ਦੱਸਿਆ ਕਿ ਮਾਛੀਵਾਲ ਦੇ ਇਹਨਾਂ ਖੇਤਾਂ ਵਿੱਚ ਚਾਰ ਚਾਰ ਫੁੱਟ ਦੇ ਕਰੀਬ ਰੇਤਾ ਹੈ ਅਤੇ ਇਹ ਰੇਤਾ ਕਿਸਾਨ ਦੀ ਮਾਲਕੀ ਹੈ, ਉਹ ਜਿਸ ਨੂੰ ਵੀ ਚਾਹੇ ਅੱਗੇ ਵੇਚ ਸਕਦਾ ਹੈ, ਅਸੀਂ ਉਸ ਨੂੰ ਇਸ ਲਈ ਮਸ਼ੀਨਰੀ ਮੁਹਈਆ ਕਰਵਾ ਰਹੇ ਹਾਂ । ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਸ੍ਰੀ ਵਿਕਰਮਜੀਤ ਸਾਹਨੀ ਸੰਸਦ ਮੈਂਬਰ ਵੱਲੋਂ ਮੁਹਈਆ ਕਰਵਾਈ ਗਈ ਹੋਰ ਮਸ਼ੀਨਰੀ, ਨੈਸ਼ਨਲ ਹਾਈਵੇ, ਖੇਤੀਬਾੜੀ ਵਿਭਾਗ ਅਤੇ ਜਲ ਸਰੋਤ ਵਿਭਾਗ ਨੂੰ ਨਾਲ ਲੈ ਕੇ ਇਹ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਕਰਾਂਗੇ ਤਾਂ ਜੋ ਕਣਕ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਖੇਤਾਂ ਨੂੰ ਵਿੱਚੋਂ ਰੇਤ ਕੱਢ ਦਿੱਤੀ ਜਾਵੇ।
.jpeg)