Wednesday, 3 March 2021

ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ-ਸਾਰੇ ਸੀਨੀਅਰ ਸਿਟੀਜ਼ਨ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਉੱਪਰ ਦੇ ਵਿਅਕਤੀ ਲਗਵਾ ਸਕਦੇ ਹਨ ਟੀਕਾ-ਡੀ. ਸੀ

ਸਰਕਾਰੀ ਹਸਪਤਾਲਾਂ ਵਿਚੋਂ ਮੁਫ਼ਤ ਅਤੇ ਪ੍ਰਾਈਵੇਟ ਹਸਪਤਾਲਾਂ ਵਿਚੋਂ 250 ਰੁਪਏ ਵਿਚ ਲਗਵਾਇਆ ਜਾ ਸਕਦੈ ਟੀਕਾ
ਨਵਾਂਸ਼ਹਿਰ, 3 ਮਾਰਚ :- ਜ਼ਿਲੇ ਵਿਚ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਪਹਿਲੀ ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਪੜਾਅ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾਕਰਨ ਵਾਸਤੇ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ। ਉਨਾਂ ਦੱਸਿਆ ਕਿ ਟੀਕਾਕਰਨ ਦੇ ਇਸ ਪੜਾਅ ਵਿਚ ਟੀਕਕਾਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਅਤੇ ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟਰ ਕਰ ਵੀ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਹਸਪਤਾਲ ਪਹੁੰਚ ਸਕਦੇ ਹਨ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਦੀ ਪ੍ਰਤੀ ਖ਼ੁਰਾਕ ਪਿੱਛੇ 150 ਰੁਪਏ ਵਸੂਲਣ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ ਉਹ ਸੇਵਾ ਪ੍ਰਬੰਧਨ ਖ਼ਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ। ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਵੀ ਨਾਲੋ-ਨਾਲ ਚੱਲ ਰਿਹਾ ਹੈ, ਭਾਵੇਂ ਕਿ ਉਹ ਪਹਿਲਾਂ ਰਜਿਸਟਰਡ ਨਹੀਂ ਵੀ  ਹੋਏ, ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ 'ਤੇ ਜਾ ਕੇ ਟੀਕਾ ਲਗਵਾ ਸਕਦੇ ਹਨ। ਉਨਾਂ ਕਿਹਾ ਕਿ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕੇਵਲ ਆਪਣਾ ਅਧਿਕਾਰਤ ਪਹਿਚਾਣ ਪੱਤਰ ਹੀ ਦਿਖਾਉਣਾ ਹੋਵੇਗਾ। ਉਨਾਂ ਦੱਸਿਆ ਕਿ ਜ਼ਿਲੇ ਦੇ 7 ਸਰਕਾਰੀ ਅਤੇ 3 ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਿਲਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਸੀ. ਐਚ. ਸੀ ਬੰਗਾ, ਸੀ. ਐਚ. ਸੀ ਰਾਹੋਂ, ਸੀ. ਐਚ. ਸੀ ਮੁਕੰਦਪੁਰ, ਸੀ. ਐਚ. ਸੀ ਸੜੋਆ ਅਤੇ ਪੀ. ਐਚ. ਸੀ ਸੁੱਜੋਂ ਸ਼ਾਮਿਲ ਹਨ ਜਦਕਿ ਪਾਈਵੇਟ ਹਸਪਤਾਲਾਂ ਵਿਚ ਰਾਜਾ ਹਸਪਤਾਲ, ਆਈ. ਵੀ. ਵਾਈ ਹਸਪਤਾਲ ਅਤੇ ਮਿੱਤਲ ਹਸਪਤਾਲ ਸ਼ਾਮਿਲ ਹਨ। ਉਨਾਂ ਦੱਸਿਆ ਕਿ ਸਹਿ-ਰੋਗਾਂ ਵਿਚ ਡਾਇਬਟੀਜ਼, ਦਿਲ ਦੇ ਰੋਗਾਂ, ਗੁਰਦੇ ਦੇ ਰੋਗਾਂ, ਜਿਗਰ ਦੇ ਰੋਗਾਂ, ਸਾਹ ਪ੍ਰਣਾਲੀ ਦੇ ਰੋਗਾਂ ਅਤੇ ਸਟਰੋਕ ਆਦਿ ਨਾਲ ਸਬੰਧਤ 20 ਦੇ ਕਰੀਬ ਬਿਮਾਰੀਆਂ ਸ਼ਾਮਿਲ ਹਨ, ਜਿਸ ਦਾ ਪ੍ਰਮਾਣੀਕਰਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਕਰਵਾਉਣਾ ਹੋਵੇਗਾ। ਉਨਾਂ ਸਮੂਹ ਸਿਹਤ ਸੰਭਾਲ ਕਰਮਚਾਰੀਆਂ, ਫਰੰਟ ਲਾਈਨ ਕਰਮਚਾਰੀਆਂ, 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਵਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੋਵਿਡ-19 ਟੀਕਾਕਰਨ ਹੀ ਇਕੋ-ਇਕ ਰਸਤਾ ਹੈ। ਇਸ ਲਈ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। 
ਫੋਟੋ : -  ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ। 

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਹੋਵੇਗੀ ਮੁਫ਼ਤ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਹੋਵੇਗੀ ਮੁਫ਼ਤ ਬੰਗਾ  04 ਅਪਰੈਲ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵ...

ਜੀ ਆਇਆਂ ਨੂੰ WELCOME