ਕੁਲਵੰਤ ਸਿੰਘ ਸਿੱਧੂ ਨੇ ਲਿਆ ਤਹਿਸੀਲਦਾਰ ਕਮ ਸਬ ਰਜਿਸਟਰਾਰ ਹੁਸ਼ਿਆਰਪੁਰ ਦਾ ਚਾਰਜ
ਹੁਸ਼ਿਆਰਪੁਰ 3 ਸਤੰਬਰ (ਪਰਸ਼ੋਤਮ ਲਾਲ ਦੜੋਚ) ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਕੀਤੀਆਂ ਗਈਆਂ ਵੱਡੇ ਪੱਧਰ ਬਦਲੀਆਂ ਵਿੱਚ ਕੁਲਵੰਤ ਸਿੰਘ ਸਿੱਧੂ ਨੂੰ ਤਹਿਸੀਲਦਾਰ ਅਤੇ ਸਬ ਰਜਿਸਟਰਾਰ ਵਾਧੂ ਚਾਰਜ ਹੁਸ਼ਿਆਰਪੁਰ ਲਗਾਇਆ ਗਿਆ ਹੈ । ਸ੍ਰੀ ਸਿੱਧੂ ਨੇ ਆਪਣੀ ਸਰਵਿਸ ਦੀ ਸ਼ੁਰੂਆਤ ਮਾਲ ਵਿਭਾਗ ਵਿੱਚ ਬਤੌਰ ਨਾਇਬ ਤਹਿਸੀਲਦਾਰ 1999 ਵਿੱਚ ਸਬ ਤਹਿਸੀਲ ਗੁਰਾਇਆਂ ਤੋਂ ਕੀਤੀ, ਉਪਰੰਤ ਮਾਹਿਲਪੁਰ, ਗੜ੍ਹਸ਼ੰਕਰ, ਨਵਾਂ ਸ਼ਹਿਰ ਵਿੱਚ ਤਾਇਨਾਤ ਰਹੇ। ਤਰੱਕੀ ਉਪਰੰਤ 2019 ਵਿੱਚ ਤਹਿਸੀਲਦਾਰ ਬਣੇ ਅਤੇ ਬਤੌਰ ਸਬ ਰਜਿਸਟਰਾਰ ਲੁਧਿਆਣਾ, ਜਲੰਧਰ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ। ਹਾਲ ਹੀ ਵਿੱਚ ਸਮਰਾਲਾ ਤੋਂ ਬਦਲ ਕੇ ਹੁਸ਼ਿਆਰਪੁਰ ਆਏ ਸ੍ਰੀ ਸਿਧੂ ਨੇ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਵਜੋਂ ਅਹੁਦੇ ਦਾ ਚਾਰਜ ਲਿਆ। ਉਪਰੰਤ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਮਾਲ ਵਿਭਾਗ ਦੇ ਕੰਮਾਂ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਗਰ ਕਿਸੇ ਨੂੰ ਆਪਣੇ ਕੰਮ ਪ੍ਰਤੀ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਉਹ ਬੇਸ਼ੱਕ ਉਨ੍ਹਾਂ ਨਾਲ ਦਫਤਰ ਮਿਲ ਸਕਦੇ ਹਨ । ਪੈਡਿੰਗ ਇੰਤਕਾਲਾਂ ਦਾ ਨਿਪਟਾਰਾ ਸਮੇਂ ਸਿਰ ਹੋਵੇਗਾ। ਦਫਤਰੀ ਸਟਾਫ ਦੀ ਡਿਊਟੀ ਨੂੰ ਯਕੀਨੀ ਬਣਾਇਆ ਜਾਵੇਗਾ। ਅੰਗਹੀਣ ਤੇ ਸੀਨੀਅਰ ਸਿਟੀਜਨ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਉਨ੍ਹਾਂ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਰਜਿਸਟਰੀ ਕਰਵਾਉਣ ਵੇਲੇ ਸਹੀ ਦਸਤਾਵੇਜ ਹੀ ਲਗਾਉਣ। ਗਲਤ ਕੰਮ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।