ਨਵਾਂਸ਼ਹਿਰ ਵਿਖੇ ਸ਼ੁਰੂ ਕੀਤਾ ਗਿਆ ਯੋਗਾ ਸੈਟੇਲਾਈਟ ਸੈਂਟਰ
ਨਵਾਂਸ਼ਹਿਰ, 7 ਦਸੰਬਰ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ‘ਸੀ. ਐੱਮ ਦੀ ਯੋਗਸ਼ਾਲਾ’ ਤਹਿਤ ਇਕ ਸਾਲ ਦਾ ਯੋਗਾ ਸਿਖਲਾਈ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਕਿਰਨ ਬਾਲਾ ਨੇ ਦੱਸਿਆ ਕਿ ਇਸ ਸਬੰਧੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਨੋਡਲ ਅਫ਼ਸਰ ਡਾ. ਗਗਨ ਸਿੰਘ ਧਾਕੜ, ਪੰਜਾਬ ਦੇ ਯੋਗਾ ਵਿਭਾਗ ਦੇ ਸੀਨੀਅਰ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਮਿਸ਼ਰਾ, ਡਿਪਲੋਮਾ ਕੋਆਰਡੀਨੇਟਰ ਅਤੇ ਅਧਿਆਪਕਾਂ ਵੱਲੋਂ ਇਕ ਆਨਲਾਈਨ ਮੀਟਿੰਗ ਕੀਤੀ ਗਈ।
ਇਸ ਦੌਰਾਨ ਡਾ. ਸੰਜੀਵ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਯੋਗਾ ਸਿਖਲਾਈ ਦੇ ਡਿਪਲੋਮਾ ਕੋਰਸ ਲਈ ਕੁੱਲ 100 ਸੀਟਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਯੋਗਾ ਸੈਟੇਲਾਈਟ ਸੈਂਟਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਜੋ ਯੋਗਾ ਵਿਚ ਇਕ ਸਾਲ ਦਾ ਡਿਪਲੋਮਾ ਕੋਰਸ ਕਰਨਾ ਚਾਹੁੰਦਾ ਹੈ, ਉਹ ਇਸ ਕੋਰਸ ਵਿਚ ਦਾਖ਼ਲਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ ਨਿਵੇਕਲੀ ਪਹਿਲਕਦਮੀ 'ਸੀ.ਐੱਮ ਦੀ ਯੋਗਸ਼ਾਲਾ' ਸ਼ੁਰੂ ਕੀਤੀ ਹੈ, ਜਿਸ ਦਾ ਮੰਤਵ ਯੋਗਾ ਰਾਹੀਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਹਸਪਤਾਲਾਂ ਵਿਚ ਭੀੜ ਘਟਾਉਣਾ ਹੈ। ਸੀਨੀਅਰ ਯੋਗਾ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਮਿਸ਼ਰਾ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਅਧੀਨ ਯੋਗ ਟਰੇਨਰ ਰੋਜ਼ਾਨਾ ਪੰਜਾਬ ਦੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ ਅਤੇ ਹਰੇਕ ਜਿਲ੍ਹੇ ਵਿਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਯੋਗ ਕਲਾਸਾਂ ਚੱਲ ਰਹੀਆਂ ਹਨ। ਇਸ ਲਈ ਹੈਲਪਲਾਈਨ ਨੰਬਰ 76694-00500 ਵੀ ਸ਼ੁਰੂ ਕੀਤਾ ਗਿਆ ਹੈ, ਬੱਸ ਇਕ ਮਿਸ ਕਾਲ ’ਤੇ ਸਰਕਾਰ ਮੁਫ਼ਤ ਯੋਗਾ ਅਧਿਆਪਕ ਮੁਹੱਈਆ ਕਰਵਾਏਗੀ।
ਇਸ ਆਨਲਾਈਨ ਮੀਟਿੰਗ ਵਿਚ ਜ਼ਿਲ੍ਹੇ ਦੇ ਯੋਗਾ ਟ੍ਰੇਨਰਾਂ ਤੋਂ ਇਲਾਵਾ ਨਵਾਂਸ਼ਹਿਰ ਤੇ ਆਲੇ-ਦੁਆਲੇ ਦੇ ਕਸਬਿਆਂ ਤੇ ਪਿੰਡਾਂ ਤੋਂ ਸਕੂਲੀ ਬੱਚਿਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਤੇ ਯੋਗਾ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਬੱਚਿਆਂ ਨੇ ਸ਼ੁਰੂ ਕੀਤੇ ਜਾ ਰਹੇ ਇਸ ਡਿਪਲੋਮੇ ਪ੍ਰਤੀ ਕਾਫੀ ਦਿਲਚਸਪੀ ਦਿਖਾਈ।
ਫੋਟੋ ਕੈਪਸ਼ਨ : -ਯੋਗਾ ਡਿਪਲੋਮਾ ਕੋਰਸ ਸਬੰਧੀ ਆਨਲਾਈਨ ਮੀਟਿੰਗ ਵਿਚ ਸ਼ਿਰਕਤ ਕਰਦੇ ਹੋਏ ਜ਼ਿਲ੍ਹੇ ਦੇ ਟ੍ਰੇਨਰ ਅਤੇ ਵਿਦਿਆਰਥੀ।