ਗੁਰੂਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਨੌਜਵਾਨਾਂ ਨੂੰ ਕਰਾਇਆ ਜਾਵੇ ਜਾਣੂ : ਕੁਲਜੀਤ ਸਿੰਘ ਸਰਹਾਲ
ਐਤਵਾਰ ਨੂੰ ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ ਕਰਾਇਆ ਜਾਵੇਗਾ ਸਮਾਗਮ
ਸਰਹਾਲ ਕਾਜ਼ੀਆਂ (ਬੰਗਾ), 01 ਨਵੰਬਰ:- ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਹੇਠ ਅੱਜ ਸਥਾਨਕ ਬਾਬਾ ਜਵਾਹਰ ਸਿੰਘ ਝੰਡਾ ਜੀ ਵਿਖੇ ਸਮਾਗਮ ਕਰਾਇਆ ਗਿਆ ਜਿੱਥੇ ਗੁਰੂ ਜੀ ਦੇ ਮਹਾਨ ਜੀਵਨ ਅਤੇ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।
ਸ਼ਹੀਦੀ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਅਤੇ ਕੀਰਤਨ ਸਮਾਗਮ ਦੌਰਾਨ ਇਲਾਹੀ ਬਾਣੀ ਦੇ ਪਾਠ ਅਤੇ ਕੀਰਤਨ ਕੀਤਾ ਗਿਆ। ਕਵੀ ਦਰਬਾਰ ਵਿਚ ਭਾਈ ਅਵਤਾਰ ਸਿੰਘ ਅਤੇ ਭਾਈ ਰਵਿੰਦਰ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਦੇ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਆਈਆ ਸ਼ਖਸੀਅਤਾਂ ਨੇ ਗੁਰੂ ਜੀ ਦੇ ਜੀਵਨ ਬਾਰੇ ਅਤੇ ਸਿਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇ।
ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਤੇਗ਼ ਬਹਾਦੁਰ ਜੀ ਨੇ ਮਨੁੱਖਤਾ ਦੇ ਭਲੇ ਅਤੇ ਮਨੁੱਖੀ ਹੱਕ-ਹਕੂਕ ਦੀ ਰਾਖੀ ਲਈ ਲਾਸਾਨੀ ਕੁਰਬਾਨੀ ਦਿੱਤੀ ਜਿਸ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ, ਪੈਗੰਬਰਾਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀ ਧਰਤੀ ਹੈ ਅਤੇ ਆਪਣੇ ਗੁਰੂਆਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਸਮਾਗਮਾਂ ਕਰਵਾਏ ਜਾ ਰਹੇ ਹਨ ਜੋ 25 ਨਵੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀਆਂ ਮਹਾਨ ਕੁਰਬਾਨੀਆਂ ਬਾਰੇ ਨੌਜਵਾਨ ਪੀੜੀ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਹੱਕ-ਸੱਚ ਲਈ ਦਿੱਤੀਆਂ ਕੁਰਬਾਨੀਆਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਇਆ ਜਾ ਸਕੇ।
ਪੰਜਾਬ ਸਰਕਾਰ ਵਲੋਂ ਐਤਵਾਰ 2 ਨਵੰਬਰ ਨੂੰ ਨੇੜਲੇ ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ। ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਅਰਦਾਸ ਕਰਕੇ 25 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਉਪਰੰਤ ਮਹੀਨਾਭਰ ਵੱਖ-ਵੱਖ ਥਾਂਵਾਂ ‘ਤੇ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਵੀ ਉਲੀਕੀ ਗਈ ਹੈ। ਪੰਜਾਬ ਸਰਕਾਰ ਵੱਲੋਂ 1 ਤੋਂ 18 ਨਵੰਬਰ ਤੱਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਫਲਸਫ਼ੇ ਨੂੰ ਦਰਸਾਇਆ ਜਾਵੇਗਾ। ਰਾਜ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਤੋਂ 25 ਨਵੰਬਰ ਤੱਕ ਵਿਆਪਕ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ ਜਿੱਥੇ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਠਹਿਰਾਅ ਲਈ ਟੈਂਟ ਸਿਟੀ ਬਣਾਈ ਜਾਵੇਗੀ, ਜਿਸ ਦਾ ਨਾਮ ‘ਚੱਕ ਨਾਨਕੀ’ ਹੋਵੇਗਾ।
ਸਮਾਗਮ ਦੌਰਾਨ ਪਿੰਡ ਵਾਸੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਭਾਰੀ ਗਿਣਤੀ ਸੰਗਤ ਮੌਜੂਦ ਰਹੀ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਬੀਰ ਕਰਨਾਣਾ, ਐਸ.ਡੀ.ਐਮ. ਵਿਪਨ ਭੰਡਾਰੀ, ਡੀ. ਐਸ.ਪੀ. ਹਰਜੀਤ ਸਿੰਘ, ਸਰਪੰਚ ਬਲਬੀਰ ਕੌਰ, ਪੰਚ ਰਣਜੀਤ ਸਿੰਘ, ਪੰਚ ਮਹਿੰਦਰ ਪਾਲ, ਪੰਚ ਤਜਿੰਦਰ ਕੁਮਾਰ, ਪੰਚ ਬਖਸ਼ੋ, ਪੰਚ ਕਮਲਜੀਤ ਕੌਰ, ਪੰਚ ਕੁਲਵਿੰਦਰ, ਪੰਚ ਜਤਿੰਦਰ ਕੌਰ, ਲੰਬੜਦਾਰ ਜਸਵਿੰਦਰ ਸਿੰਘ, ਵਪਾਰ ਮੰਡਲ ਤੋਂ ਸਾਗਰ ਅਰੋੜਾ, ਕੁਲਬੀਰ ਪਾਬਲਾ, ਜਸਕੰਵਲ ਸਿੰਘ ਆਦਿ ਵੀ ਮੌਜੂਦ ਸਨ ।
ਕੈਂਪਸ਼ਨ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸਰਹਾਲ ਕਾਜ਼ੀਆਂ ਵਿਖੇ ਕਰਵਾਏ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ ।