*30 ਅਕਤੂਬਰ,1922*
14 ਕੱਤਕ,554 ਅਨੁਸਾਰ
(100 ਸਾਲਾ ਦਿਵਸ 30 ਅਕਤੂਬਰ, 2022 ਨੂੰ)
*ਸਾਕਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ*
The Panja Sahib incident took place.
20ਵੀਂ ਸਦੀ ਦੇ ਆਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿਚ ਜਾਗ੍ਰਿਤੀ ਪੈਦਾ ਕੀਤੀ,ਇਸ ਲਹਿਰ ਦੇ ਦੌਰਾਨ ਨਨਕਾਣਾ ਸਾਹਿਬ ਦੀ ਧਰਤੀ ‘ਤੇ ਵਾਪਰਿਆ ਸ਼ਹੀਦੀ ਸਾਕਾ ਅਹਿਮ ਘਟਨਾ ਹੈ।
*ਗੁਰਦੁਆਰਾ ਸੁਧਾਰ ਲਹਿਰ ਦੀ ਇਕ ਹੋਰ ਅਹਿਮ ਘਟਨਾ ‘ਗੁਰੂ ਕੇ ਬਾਗ ਦਾ ਮੋਰਚਾ’ ਹੈ।ਇਹ ਮੋਰਚਾ ਅਗਸਤ,1922 ਨੂੰ ਸ਼ੁਰੂ ਹੋਇਆ।ਮੋਰਚੇ ਵਿਚ ਸ਼ਾਮਿਲ ਹੋਣ ਵਾਲੇ ਮਰਜੀਵੜਿਆਂ ਦੇ ਜਥੇ ਸਮੁੱਚੇ ਪੰਜਾਬ ਵਿਚੋਂ ਆਉਂਦੇ ਸਨ।ਪਿਆਰੇ ਗੁਰਧਾਮਾਂ ਲਈ ਆਪਾ ਵਾਰਨ ਵਾਸਤੇ ਇਹ ਮਰਜੀਵੜੇ ਪਰਿਵਾਰਾਂ ਤੋਂ ਵਿਛੜਨ ਸਮੇਂ ਅਰਦਾਸ ਕਰਕੇ ਤੁਰਦੇ ਸਨ।*
ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕਿਲ੍ਹੇ ਗੋਬਿੰਦਗੜ੍ਹ ਵਿਚ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ।
ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਿੱਛੋਂ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ।
*29 ਅਕਤੂਬਰ,1922 ਦੀ ਰਾਤ ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਕ ਕਿਲ੍ਹੇ ਵੱਲ ਭੇਜੀ ਗਈ।*
ਕੈਦੀਂ ਸਿੰਘ ਭੁੱਖੇ/ਪਿਆਸੇ ਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿਚ ਕਿਤੇ ਵੀ ਨਾ ਠਹਿਰਾਇਆ ਜਾਵੇ, ਜਦੋਂ ‘ਪੰਜਾ ਸਾਹਿਬ’ ਇਹ ਖ਼ਬਰ ਪੁੱਜੀ,ਤਾਂ ਜਿਸ ਕਿਸੇ ਨੇ ਸੁਣਿਆਂ ਚਾਰੇ ਕੱਪੜੇ ਅੱਗ ਲੱਗ ਗਈ।
*‘ਪੰਜਾ ਸਾਹਿਬ’ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪ ਭਾਈ ਮਰਦਾਨਾ ਜੀ ਦੀ ਪਿਆਸ ਬੁਝਾਈ ਸੀ,ਉਸ ਸ਼ਹਿਰ ਤੋਂ ਪਿਆਸਿਆਂ/ਭੁਖਿਆਂ/ਮਜ਼ਲੂਮਾਂ ਦੀ ਗੱਡੀ ਭਰੀ ਲੰਘ ਜਾਏ ਇਹ ਕਿਵੇਂ ਹੋ ਸਕਦਾ ਸੀ?*
ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤ ਨੇ *ਫੈਸਲਾ ਲਿਆ ਕਿ ਗੱਡੀ ਨੂੰ ਰੋਕਿਆ ਜ਼ਰੂਰ ਜਾਵੇਗਾ।ਸਟੇਸ਼ਨ ਮਾਸਟਰ ਨੂੰ ਅਰਜ਼ੀ ਪਾਈ, ਟੈਲੀਫ਼ੂਨਾਂ ਖੜਕੀਆਂ,ਤਾਰਾਂ ਭੇਜੀਆਂ,ਪਰ ਫ਼ਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿਚ ਕਿਤੇ ਵੀ ਖੜੀ ਨਹੀਂ ਕੀਤੀ ਜਾਏਗੀ,ਤੇ ਗੱਡੀ ਵਿਚ ਆਜ਼ਾਦੀ ਦੇ ਪਰਵਾਨੇ,ਦੇਸ਼-ਭਗਤ ਭੁੱਖੇ ਸਨ,ਉਹਨਾਂ ਲਈ ਪਾਣੀ/ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ।*
ਗੱਡੀ ਨੇ ‘ਪੰਜਾ ਸਾਹਿਬ’ ਨਹੀਂ ਰੁਕਣਾ ਸੀ,ਪਰ ‘ਪੰਜਾ ਸਾਹਿਬ’ ਦੀਆਂ ਸੰਗਤਾਂ ਦਾ ਇਹ ਫੈਸਲਾ ਅਟੱਲ ਸੀ ਕਿ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ।ਸੰਗਤਾਂ ਨੇ ਸਟੇਸ਼ਨ ’ਤੇ ਰੋਟੀਆਂ,ਖੀਰਾਂ,ਪੂੜਿਆਂ,ਦਾਲ ਦੀਆਂ ਦੇਗ਼ਾਂ ਦੇ ਢੇਰ ਲਗਾ ਦਿੱਤੇ।
*ਗੱਡੀ ਨੂੰ ਰੋਕਿਆ ਕਿਵੇਂ?*
30 ਅਕਤੂਬਰ,1922(14 ਕੱਤਕ,554 ਨਸ ਅੱਜ)ਵਾਲੇ ਦਿਨ ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤ ਨੇ ਅੰਮ੍ਰਿਤਸਰ ਤੋਂ ਅਟਕ ਜਾ ਰਹੀ ਰੇਲ ਗੱਡੀ ਵਿਚ ਸਵਾਰ ਕੈਦੀ ਸਿੰਘਾਂ ਨੂੰ ਨੇੜਲੇ ਸਟੇਸ਼ਨ ‘ਹਸਨ ਅਬਦਾਲ’ (ਪੱਛਮੀ ਪੰਜਾਬ,ਪਾਕਿਸਤਾਨ) ਵਿਚ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਦਾ ਫ਼ੈਸਲਾ ਕੀਤਾ।ਜਦੋਂ ਕਿ ਇਸ ਰੇਲ ਗੱਡੀ ਨੇ ਇਸ ਸਟੇਸ਼ਨ ‘ਤੇ ਬਿਨਾਂ ਰੁਕਣ ਤੋਂ ਹੀ ਅੱਗੇ ਨਿਕਲਣਾ ਸੀ।
*ਇਹ ਸਮਾਂ ਸਵੇਰੇ 10 ਵਜੇ ਦਾ ਸੀ। ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕਰਦਿਆਂ ਕਿਹਾ ਕਿ “ਕੈਦੀ ਸਿੰਘਾਂ ਵਾਲੀ ਰੇਲ ਸਰਕਾਰ ਦੇ ਹੁਕਮ ਮੁਤਾਬਿਕ ਨਹੀਂ ਰੋਕੀ ਜਾ ਸਕਦੀ,ਇਹ ਲੰਗਰ ਦੇ ਪ੍ਰਬੰਧ ਵਿਅਰਥ ਹਨ ।”*
*ਭਾਈ ਕਰਮ ਸਿੰਘ ਜੀ ਕੀਰਤਨੀਏ ਤੇ ਭਾਈ ਪ੍ਰਤਾਪ ਸਿੰਘ ਜੀ ਖਜਾਨਚੀ(ਗੁਰਦਵਾਰਾ ਪੰਜਾ ਸਾਹਿਬ)ਜੀਆਂ ਨੇ ਜਵਾਬ ਵਿਚ ਕਿਹਾ ਕਿ “ਜੇ ਗੁਰੂ ਨਾਨਕ ਇਕ ਹੱਥ ਨਾਲ ਪਹਾੜ ਰੋਕ ਸਕਦੇ ਹਨ ਤਾਂ ਉਹਨਾਂ ਦੇ ਸਿੱਖ ਇਕ ਟ੍ਰੇਨ ਨਹੀ ਰੋਕ ਸਕਦੇ"?*
ਲੰਗਰ ਛਕਾਉਣ ਲਈ ਉਤਾਵਲੀ ਹੋਈ ਸੰਗਤ ਰੇਲ ਪਟੜੀ ਉੱਪਰ ਬੈਠ ਗਈ।ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਨੂੰ ਪੂਰਾ ਕੀਤਾ।
*ਇਸ਼ ਸਾਕੇ ਦੇ ਦੋ ਮੂਖ਼ ਸ਼ਹੀਦੀ*
*ਸ਼ਹੀਦ ਭਾਈ ਪ੍ਰਤਾਪ ਸਿੰਘ ਜੀ* ਦਾ ਜਨਮ 26 ਮਾਰਚ,1899 ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸ: ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਆਪਣੇ ਕਸਬੇ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਅਧਿਆਪਕ ਨਿਯੁਕਤ ਹੋ ਗਏ,ਪਿੱਛੋਂ ਕਰਾਚੀ ਦੇ ਕਿਸੇ ਆੜਤੀਏ ਕੋਲ ਵੀ ਨੌਕਰੀ ਕੀਤੀ।
1918 ਵਿਚ ਇਨ੍ਹਾਂ ਦੀ ਸ਼ਾਦੀ ਬੀਬੀ ਹਰਨਾਮ ਕੌਰ ਨਾਲ ਹੋਈ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ।
ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ,ਜੋ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਜਾਨਚੀ ਦੀ ਸੇਵਾ ਕਰਦੇ ਸਨ।
*ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਜੀ* ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਪਹਿਲਾਂ ਇਨ੍ਹਾਂ ਦਾ ਨਾਂਅ ਸ: ਸੰਤ ਸਿੰਘ ਸੀ।
ਪਰ ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿਚ ਨਾਮਵਰ ਕੀਰਤਨੀਏ ਬਣ ਗਏ।
1922 ਚ ਆਪਣੀ ਪਤਨੀ ਸਮੇਤ ਗੁ: ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ,ਇਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ ਗਿਆ।
*30 ਅਕਤੂਬਰ,1922 ਨੂੰ ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ।ਗੱਡੀ ਵਿਸਲਾਂ ਮਾਰਦੀ ਆ ਰਹੀ ਸੀ,ਪਰ ਇਹ ਮਰਜੀਵੜੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜਕੇ। ਭਾਈ ਪ੍ਰਤਾਪ ਸਿੰਘ ਜੀ ਤੇ ਭਾਈ ਕਰਮ ਸਿੰਘ ਜੀ ਗੰਭੀਰ ਰੂਪ ਵਿਚ ਜ਼ਖਮੀ ਸਨ, ਪਰ ਸੁਆਸ ਚੱਲ ਰਹੇ ਸਨ।*
ਸਾਰੇ ਜ਼ਖਮੀਆਂ ਨੂੰ ਗੁ: ਪੰਜਾ ਸਾਹਿਬ ਦੇ ਗੁਰਧਾਮ ਵਿਚ ਇਲਾਜ ਲਈ ਪਹੁੰਚਾਇਆ ਗਿਆ। ਲੰਗਰ ਲੈ ਕੇ ਪੁੱਜੀ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੀ ਗੁਰੂ ਕੇ ਲੰਗਰ ਨਾਲ ਭਰਪੂਰ ਸੇਵਾ ਕੀਤੀ।ਇਸ ਘਟਨਾ ਦੀ ਖ਼ਬਰ ਪੂਰੀ ਦੁਨੀਆ ਚ ਜੰਗਲ ਦੀ ਅੱਗ ਵਾਂਗ ਫੈਲ ਗਈ।ਇਹ ਸਾਕਾ 30 ਅਕਤੂਬਰ,1922 ਨੂੰ ਵਾਪਰਿਆ।
*ਗੰਭੀਰ ਰੂਪ ਵਿਚ ਦੋਵੇਂ ਜ਼ਖਮੀ ਸਾਥੀ ਭਾਈ ਕਰਮ ਸਿੰਘ ਜੀ ਤੇ ਭਾਈ ਪ੍ਰਤਾਪ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ। ਪਹਿਲੀ ਨਵੰਬਰ ਨੂੰ ਦੋਵਾਂ ਸ਼ਹੀਦਾਂ ਦਾ ਸੰਸਾਕਰ ਰਾਵਲਪਿੰਡੀ ਵਿਖੇ ‘ਲੋਈ’ ਨਦੀ ਦੇ ਕਿਨਾਰੇ ਕੀਤਾ ਗਿਆ*।
1947 ਦੀ ਦੇਸ਼ ਦੀ ਵੰਡ ਤੋਂ ਪਹਿਲਾਂ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਇਨ੍ਹਾਂ ਸ਼ਹੀਦਾਂ ਦੀ ਯਾਦ ‘ਚ ਪੰਜਾ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਅਕਤੂਬਰ ਦੇ ਅੰਤ ਵਿਚ ਲਗਦਾ ਸੀ,ਪਰ ਹੁਣ ਕੇਵਲ ਇਨ੍ਹਾਂ ਸ਼ਹੀਦਾਂ ਦੀ ਅਮਰ ਯਾਦ ਹੀ ਬਾਕੀ ਹੈ।
*ਧਰਮ ਲਈ ਆਪਾ ਕੁਰਬਾਨ ਕਰਨ ਤੇ ਗੁਰਧਾਮਾਂ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਇਸ ਅਮਰ ਸਾਕੇ ਦੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ*।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ