ਡੀ ਐਸ ਪੀ ਅਰਮਿੰਦਰ ਸਿੰਘ ਨੇ ਰਿਸ਼ਵਤ ਮੰਗੇ ਜਾਣ ਦੀ ਸੂਚਨਾ 9501200200 ’ਤੇ ਦੇਣ ਦੀ ਅਪੀਲ
ਨਵਾਂਸ਼ਹਿਰ, 31 ਅਕਤੂਬਰ :-ਜ਼ਿਲ੍ਹੇੇ ’ਚ ਚੌਕਸੀ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਵੱਲੋਂ ਅੱਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭਿ੍ਰਸ਼ਟਾਚਾਰ ਖ਼ਿਲਾਫ਼ ਸਹੁੰ ਚੁਕਾ ਕੇ ਕੀਤੀ ਗਈ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਇਸ ਸਬੰਧੀ ਕੀਤੇ ਗਏ ਰਸਮੀ ਸਮਾਗਮ ਦੌਰਾਨ ਡੀ ਐਸ ਪੀ ਅਰਮਿੰਦਰ ਸਿੰਘ ਨੇ ਦੇਸ਼ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਪ੍ਰਗਤੀ ’ਚ ਭਿ੍ਰਸ਼ਟਾਚਾਰ ਨੂੰ ਵੱਡੀ ਰੁਕਾਵਟ ਕਰਾਰ ਦਿੰਦਿਆਂ ਸਰਕਾਰੀ ਅਦਾਰਿਆਂ, ਨਾਗਰਿਕ ਤੇ ਨਿੱਜੀ ਖੇਤਰ ’ਚ ਕੰਮ ਕਰਨ ਵਾਲਿਆਂ ਨੂੰ ਇਕੱਠੇ ਹੋ ਕੇ ਭਿ੍ਰਸ਼ਟਚਾਰ ਨੂੰ ਜੜ੍ਹੋਂ ਖਤਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਹਰੇਕ ਨਾਗਰਿਕ ਨੂੰ ਵੀ ਚੌਕਸ ਰਹਿਣ ਦੀ ਅਪੀਲ ਕਰਦਿਆਂ, ਇਮਾਨਦਾਰੀ ਦੇ ਪੈਮਾਨੇ ਨੂੰ ਹਰ ਵਕਤ ਤਰਜੀਹ ਦੇ ਕੇ ਭਿ੍ਰਸ਼ਟਾਚਾਰ ਖ਼ਿਲਾਫ਼ ਲੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਉੁਨ੍ਹਾਂ ਇਸ ਮੌਕੇ ਕਰਵਾਏ ਪ੍ਰਣ ’ਚ ਇਮਾਨਦਾਰ ਰਹਿਣ, ਕਾਨੂੰਨ ਅਤੇ ਨਿਯਮਾਂ ਦੀ ਆਪਣੀ ਜ਼ਿੰਦਗੀ ’ਚ ਪਾਲਣਾ ਕਰਨ, ਨਾ ਰਿਸ਼ਵਤ ਲੈਣ ਅਤੇ ਨਾ ਹੀ ਦੇਣ, ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਨ, ਹਰ ਕੰਮ ਨੂੰ ਜਨ ਹਿੱਤ ਵਿੱਚ ਕਰਨ, ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਇਮਾਨਦਾਰੀ ਦੀ ਮਿਸਾਲ ਪੈਦਾ ਕਰਨ ਅਤੇ ਭਿ੍ਰਸ਼ਟਾਚਾਰ ਸਬੰਧੀ ਸਮਰੱਥ ਤਫ਼ਤੀਸ਼ੀ ਏਜੰਸੀ ਨੂੰ ਸੂਚਨਾ ਦੇਣ ਦਾ ਪ੍ਰਣ ਦਿਵਾਇਆ।
ਸਥਾਨਕ ਵਿਜੀਲੈਂਸ ਯੂਨਿਟ ਦੇ ਡੀ ਐਸ ਪੀ ਅਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜ਼ੀਰੋ ਸਹਿਣ ਸ਼ਕਤੀ ਅਪਣਾਉਂਦਿਆਂ ਜਿੱਥੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ 9501200200 ਚਲਾਈ ਹੈ, ਉੱਥੇ ਟੋਲ ਫ੍ਰੀ ਨੰਬਰ 1800 1800 1000 ਵੀ ਜਾਰੀ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਐਸ ਐਸ ਪੀ ਵਿਜੀਲੈਂਸ ਜਲੰਧਰ ਰੇਂਜ ਰਾਜੇਸ਼ਵਰ ਸਿੰਘ ਸਿੱਧੂ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਨੇ ਪਿਛਲੇ ਦਿਨਾਂ ’ਚ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਭਿ੍ਰਸ਼ਟਾਚਾਰ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਹੈ ਅਤੇ ਉਹ ਵਚਨਬੱਧਤਾ ਦੁਹਰਾਉੁਂਦੇ ਹਨ ਕਿ ਭਵਿੱਖ ’ਚ ਵੀ ਰਿਸ਼ਵਤਖੋਰੀ ਖ਼ਿਲਾਫ਼ ਮੁਹਿੰਮ ’ਚ ਕੋਈ ਢਿੱਲ-ਮੱਠ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਜਨਤਕ ਅਦਾਰੇ ’ਚ ਕੰਮ ਬਦਲੇ ਰਿਸ਼ਵਤ ਦੀ ਮੰਗ ਹੋਣ ’ਤੇ ਵਿਜੀਲੈਂਸ ਬਿਊਰੋ ਨੂੰ ਸੂਚਿਤ ਕਰਨ ਤਾਂ ਜੋ ਅਜਿਹੇ ਭਿ੍ਰਸ਼ਟ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਇਸ ਮੌਕੇ ਡੀ ਸੀ ਦਫ਼ਤਰ ਦੇ ਸਮੂਹ ਕਰਮਚਾਰੀਆਂ ਤੋਂ ਇਲਾਵਾ ਡੀ ਡੀ ਪੀ ਓ ਦਵਿੰਦਰ ਸ਼ਰਮਾ, ਇੰਸਪੈਕਟਰ ਵਿਜੀਲੈਂਸ ਚਮਕੌਰ ਸਿੰਘ, ਏ ਐਸ ਆਈ ਜਗਰੂਪ ਸਿੰਘ, ਏ ਐਸ ਆਈ ਅਵਤਾਰ ਸਿੰਘ ਤੇ ਏ ਐਸ ਆਈ ਕੁਲਵਿੰਦਰ ਸਿੰਘ ਤੇ ਏ ਐਸ ਆਈ ਸੋਮਨਾਥ ਮੌਜੂਦ ਸਨ।
ਡੀ ਐਸ ਪੀ ਅਰਮਿੰਦਰ ਸਿੰਘ ਅਨੁਸਾਰ 31 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣ ਵਾਲੇ ਚੌਕਸੀ ਜਾਗਰੂਕਤਾ ਸਪਤਾਹ ਤਹਿਤ ਮੰਗਲਵਾਰ 1 ਨਵੰਬਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ, ਪਿੰਡ ਪੱਦੀ ਮੱਟਵਾਲੀ ਵਿਖੇ ਦਿਨੇ 11 ਵਜੇ ਜਨਤਕ ਸਮਾਗਮ ਦੌਰਾਨ ਜਾਗਰੂਕਤਾ ਕੀਤੀ ਜਾਵੇਗੀ। ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਸਮਾਗਮ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਫ਼ੋਟੋ ਕੈਪਸ਼ਨ:
ਡੀ ਐਸ ਪੀ ਵਿਜੀਲੈਂਸ ਅਰਮਿੰਦਰ ਸਿੰਘ ਸੋਮਵਾਰ ਨੂੰ ਨਵਾਂਸ਼ਹਿਰ ਵਿਖੇ ਚੌਕਸੀ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਮੌਕੇ ਸਰਕਾਰੀਆਂ ਅਧਿਕਾਰੀਆਂ ਤੇੇ ਕਰਮਚਾਰੀਆਂ ਨੂੰ ਪ੍ਰਣ ਦਿਵਾਉਂਦੇ ਹੋਏ।