ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਹਿੱਤ 5 ਮਤੇ ਪਾਸ
ਕੈਨੇਡਾ, 10 ਜੁਲਾਈ - ਉਂਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ 'ਚ ਕਰਵਾਈ ਗਈ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਆਪਣੀਆਂ ਇਤਿਹਾਸਿਕ ਪੈੜਾ ਸਥਾਪਿਤ ਕਰਦੀ ਹੋਈ ਸਮਾਪਿਤ ਹੋ ਗਈ। ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਜੋ ਮਿਤੀ 5 ਤੋਂ 7 ਜੁਲਾਈ 2024 ਤੱਕ ਐਡਰੇਲੀਆ, ਜਿਮ ਆਰਚਡੇਕਿਨ ਰੀਕ੍ਰਿਏਸ਼ਨ ਸੈਂਟਰ ਤੇ ਸੈਂਚੁਰੀ ਗਾਰਡਨ ਰੀਕ੍ਰਿਏਸ਼ਨ ਸੈਂਟਰ ਬਰੈਂਪਟਨ ਕੈਨੇਡਾ ਤਿੰਨ ਵੱਖ ਥਾਵਾਂ 'ਤੇ ਕਰਵਾਈ ਗਈ। ਜਿਸ ਦਾ ਵਿਸ਼ਾ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ ਰੱਖਿਆ ਗਿਆ ਸੀ।
ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕਾਨਫ਼ਰੰਸਾਂ ਦਾ ਇਤਿਹਾਸਿਕ ਤੇ ਮਾਣਮੱਤਾ ਮੀਲ ਪੱਥਰ ਸਮੁੱਚੀ ਟੀਮ ਦੀ ਸੁਹਿਰਦਤਾ ਤੋਂ ਬਿਨ੍ਹਾਂ ਸਥਾਪਿਤ ਨਹੀਂ ਹੋ ਸਕਦਾ ਸੀ। ਉਨ੍ਹਾਂ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆਂ ਪ੍ਰਮੁੱਖ ਪ੍ਰਾਪਤੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਜਿੱਥੇ ਇਸ ਕਾਨਫ਼ਰੰਸ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਹੋਈਆਂ ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਵਾਨਾਂ ਨੇ ਵੀ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਾਨਫ਼ਰੰਸ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਇੰਦਰਵੀਰ ਸਿੰਘ ਨਿੱਜਰ ਨੇ ਬਲਵਿੰਦਰ ਕੌਰ ਚੱਠਾ ਵੱਲੋਂ ਸੰਪਾਦਕ ਕੀਤੀ ਕਿਤਾਬ "ਨੈਤਿਕਤਾ" ਰਿਲੀਜ਼ ਕੀਤੀ ਗਈ। ਦੂਜੇ ਦਿਨ 'ਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ ਸ੍ਰ. ਹਕੂਮਤ ਸਿੰਘ ਮੱਲੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਫੂਡ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਸ਼ਿਰਕਤ ਕੀਤੀ। ਕਾਨਫ਼ਰੰਸ ਦੇ ਦੂਜੇ ਦਿਨ ਦੀ ਸਮਾਪਤੀ 'ਤੇ ਧੰਨਵਾਦ ਪੰਜਾਬੀਅਤ ਦੇ ਭਵਿੱਖ ਅਜਮੀਤ ਸਿੰਘ ਚੱਠਾ ਅਤੇ ਸ਼ਾਹਰ ਸਿੰਘ ਚੌਹਾਨ ਨੇ ਕੀਤਾ। ਤੀਜੇ ਦਿਨ 'ਤੇ ਵਰਲਡ ਪੰਜਾਬੀ ਕਾਨਫ਼ਰੰਸ ਦੀ ਸਮੁੱਚੀ ਟੀਮ ਵੱਲੋਂ ਸਮਾਜ ਵਿੱਚ ਪਾਏ ਅਹਿਮ ਤੇ ਵੱਡਮੁੱਲੇ ਯੋਗਦਾਨ 'ਤੇ "ਸਮਾਜ ਰਤਨ ਪੁਰਸਕਾਰ" ਵਜੋਂ ਬੰਤ ਸਿੰਘ ਨਿੱਜਰ, ਦਲਜੀਤ ਸਿੰਘ ਸਹੋਤਾ, ਅਵਤਾਰ ਸਿੰਘ ਮਨਹਾਸ, ਸਾਗਰਦੀਪ ਸਿੰਘ, ਗੁਰਮੁਖ ਸਿੰਘ ਬਾਠ, ਹਰਪਾਲ ਸਿੰਘ ਸਿੱਧੂ ਅਤੇ ਅਮਨਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਕਾਨਫ਼ਰੰਸ ਦਾ ਕੂੰਜੀਵਤ ਤੇ ਧੰਨਵਾਦੀ ਭਾਸ਼ਣ ਡਾ. ਸਤਨਾਮ ਸਿੰਘ ਜੱਸਲ ਅਤੇ ਕਾਨਫ਼ਰੰਸ ਦੀ ਸਮੁੱਚੀ ਰਿਪੋਰਟ ਗੁਰਵੀਰ ਸਿੰਘ ਸਰੌਦ ਨੇ ਪੜ੍ਹੀ।
ਉਨ੍ਹਾਂ ਸਮੁੱਚੀ ਕਾਨਫ਼ਰੰਸਾਂ ਵਿੱਚ ਹੋਈਆਂ ਵਿਚਾਰਾਂ ਦੇ ਆਧਾਰ 'ਤੇ ਸਮਾਪਤੀ ਭਾਸ਼ਣ ਤੋਂ ਬਾਅਦ ਪੰਜ ਮਤੇ ਪੇਸ਼ ਕੀਤੇ ਜਿਨਾਂ ਨੂੰ ਕਾਨਫ਼ਰੰਸ ਦੇ ਭਰੇ ਹਾਲ ਵਿੱਚ ਸਮੂਹਿਕ ਤੌਰ ਪ੍ਰਵਾਨਗੀ ਦਿੱਤੀ ਗਈ ਇਹ ਮਤੇ ਕ੍ਰਮਵਾਰ ਪਹਿਲਾ ਮਤਾ ਸਿੱਖਿਆ ਨੀਤੀ ਤਹਿਤ ਨੈਤਿਕਤਾ ਨੂੰ ਵਿਸ਼ੇ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ। ਦੂਜਾ ਮਤਾ ਹਰੇਕ ਸਰਕਾਰੀ ਕਰਮਚਾਰੀ ਤੋਂ ਸਾਲ ਵਿੱਚ ਇੱਕ ਵਾਰ ਗੁਰਮੁਖੀ ਦੇ 35 ਅੱਖਰ ਸੁਣੇ ਜਾਣ ਅਤੇ ਲਿਖਵਾਏ ਜਾਣ। ਤੀਜਾ ਮਤਾ ਪੰਜਾਬੀ ਨਾਇਕਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਸ ਨੂੰ ਦਸਤਾਵੇਜੀ ਰੂਪ ਵਿੱਚ ਭਵਿੱਖ ਲਈ ਸੰਭਾਲਿਆ ਜਾਵੇ। ਚੌਥਾ ਮਤਾ ਕਿੱਤਾ ਮੁਖੀ ਸਿੱਖਿਆ ਮਾਤ ਭਾਸ਼ਾ ਵਿੱਚ ਹੀ ਕਰਵਾਈ ਜਾਵੇ ਤਾਂ ਜੋ ਵਿਦਿਆਰਥੀ ਇਸ ਨੂੰ ਆਸਾਨੀ ਨਾਲ ਸਮਝ ਸਕਣ। ਪੰਜਵਾਂ ਮਤਾ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਪ੍ਰਫੁੱਲਿਤ ਕਰਨ ਹਿੱਤ ਕਾਨੂੰਨ, ਡਾਕਟਰੀ ਅਤੇ ਵਿਗਿਆਨ ਦੀ ਸਿੱਖਿਆ ਗੁਰਮੁਖੀ ਵਿੱਚ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ ਪਹਿਲ ਦਿੱਤੀ ਜਾਵੇ ਵਰਣਨਯੋਗ ਹਨ।
ਇਸ ਤੋਂ ਇਲਾਵਾ ਕਾਨਫ਼ਰੰਸ ਦੇ ਵੱਖ -ਵੱਖ ਦਿਨਾਂ 'ਚ ਮਹਿਮਾਨ ਵਜੋਂ ਐੱਮਪੀ ਰੂਬੀ ਸਹੋਤਾ, ਐੱਮਪੀ ਸੋਨੀਆ ਸਿੱਧੂ, ਐੱਮਪੀ ਮਨਿੰਦਰ ਸਿੱਧੂ, ਐਮਪੀਪੀ ਹਰਦੀਪ ਸਿੰਘ, ਡਿਪਟੀ ਮੇਅਰ ਹਰਕੀਰਤ ਸਿੰਘ, ਕੌਸਲਰ ਗੁਰਪ੍ਰਤਾਪ ਸਿੰਘ ਅਤੇ ਕੌਸਲਰ ਪੋਲ ਵਿਨਸੈਂਟ , ਇੰਦਰਬੀਰ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਕਾਨਫ਼ਰੰਸ 'ਚ ਵੱਖ- ਵੱਖ ਦੇਸ਼ਾਂ ਤੋਂ ਪਹੁੰਚੇ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਦਾ ਭਵਿੱਖ ਤੇ ਪੰਜਾਬੀ ਨਾਇਕ ਵਿਸ਼ੇ ਦੇ ਸੰਦਰਭ ਪਰਚੇ ਪੜ੍ਹੇ ਗਏ, ਜਿਨ੍ਹਾਂ ਵਿੱਚ ਡਾ. ਆਸਾ ਸਿੰਘ ਘੁੰਮਣ, ਡਾ.ਨਾਬੀਲਾ ਰਹਿਮਾਨ, ਡਾ. ਇਕਬਾਲ ਸ਼ਾਹਿਦ, ਡਾ.ਸਾਈਮਾ ਇਰਮ, ਪ੍ਰੋਫ਼ੈਸਰ ਨਸਰੀਨ ਖਾਨ, ਧਰਮ ਸਿੰਘ ਗੁਰਾਇਆ, ਡਾ.ਗੁਰਰਾਜ ਸਿੰਘ ਚਾਹਲ , ਡਾ. ਅਫ਼ਜ਼ਲ ਰਾਜ, ਸੁਖਵਿੰਦਰ ਸਿੰਘ ਅਰੋੜਾ, ਗੁਰਿੰਦਰ ਸਿੰਘ ਕਲਸੀ, ਸੁਰਿੰਦਰ ਸਿੰਘ ਹੋਠੀ, ਡਾ. ਜਸਬੀਰ ਕੌਰ ਗਰੇਵਾਲ, ਅਜੈਬ ਸਿੰਘ ਗਰਚਾ, ਤਾਹਿਰ ਅਸਲਮ ਗੋਰਾ, ਹਾਲੀਮਾ ਸਾਦੀਆ, ਡਾ. ਸਲੋਮਨ ਨਾਜ਼, ਸੰਤੋਖ ਸਿੰਘ ਜੱਸੀ, ਅਮਰਜੀਤ ਸਿੰਘ ਚਾਹਲ, ਪਿਆਰਾ ਸਿੰਘ ਕੁੱਦੋਵਾਲ, ਡਾ.ਰਮਨੀ ਬੱਤਰਾ, ਡਾ. ਇੰਦਰਜੀਤ ਕੌਰ ਜਗਵਿੰਦਰ ਸਿੰਘ ਸਿੱਧੂ, ਰਮਿੰਦਰ ਵਾਲੀਆ, ਦਲਜੀਤ ਕੌਰ ਸੰਧੂ, ਸਹਿਜ ਕੌਰ ਮਾਂਗਟ, ਕੁਲਵਿੰਦਰ ਰਾਏ, ਪ੍ਰਿੰ. ਕਰਮ ਚੰਦ, ਇਸਤੂਫਾਰ ਚੌਧਰੀ, ਰਾਜਵੰਤ ਬਾਜਵਾ ਦੇ ਨਾਮ ਵਰਣਨਯੋਗ ਹਨ। ਕਾਨਫ਼ਰੰਸ ਦੇ ਤਿੰਨੋਂ ਦਿਨ ਸਮੁੱਚੇ ਹਾਲ ਖਚਾ-ਖਚ ਭਰੇ ਹੋਏ ਸਨ।
ਕਾਨਫ਼ਰੰਸ ਤੋਂ ਅਗਲੇ ਦਿਨ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਵਾਨਾਂ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਦਫ਼ਤਰ ਤੇ ਪਾਰਲੀਮੈਂਟ ਹਾਊਸ ਦਾ ਦੌਰਾ ਕਰਵਾਇਆ ਗਿਆ। ਜਿੱਥੇ ਐੱਮਪੀ ਸੋਨੀਆ ਸਿੱਧੂ ਦੇ ਨਿੱਜੀ ਸਹਾਇਕ ਅਲੈਕਸ ਨੇ ਸ਼ਾਨਦਾਰ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਸਮੇਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਸਰਪ੍ਰਸਤ ਅਮਰ ਸਿੰਘ ਭੁੱਲਰ, ਪ੍ਰਧਾਨ ਤਰਲੋਚਨ ਸਿੰਘ ਅਟਵਾਲ, ਸੈਕਟਰੀ ਡਾ. ਸੰਤੋਖ ਸਿੰਘ ਸੰਧੂ, ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ, ਪੱਬਪਾ ਦੇ ਪ੍ਰਧਾਨ ਡਾ. ਰਮਨੀ ਬੱਤਰਾ, ਮੀਤ ਪ੍ਰਧਾਨ ਬਲਵਿੰਦਰ ਕੌਰ ਚੱਠਾ, ਜਗਤ ਪੰਜਾਬੀ ਸਭਾ ਪਾਕਿਸਤਾਨ ਦੇ ਪ੍ਰਧਾਨ ਅਫਜ਼ਲ ਰਾਜ ਅਤੇ ਬਲਵਿੰਦਰ ਸਿੰਘ ਚੱਠਾ ਹਾਜ਼ਰ ਸਨ।