ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੰਗ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ
ਹੁਸ਼ਿਆਰਪੁਰ (ਪ੍ਰਸ਼ੋਤਮ ਲਾਲ ਦੜੋਚ) ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਗ ਦਾਨ ਜਾਗਰੂਕਤਾ ਮੁਹਿੰਮ ਦੇਸ਼ ਭਰ ਵਿੱਚ ਚਲਾਈ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਆਧੁਨਿਕ ਯੁੱਗ ਦੇ ਸੱਭ ਤੋਂ ਵੱਡੇ ਦਾਨ - ਅੰਗ ਦਾਨ ਕਰਨ ਦੀ ਵਚਨਬੱਧਤਾ ਕਰਕੇ ਮਨੁੱਖਤਾ ਦੀ ਭਲਾਈ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।
ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਇਸ ਮਹਿਮ ਤਹਿਤ ਨੇਤਰ
ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਹਾਨ ਪਰਉਪਕਾਰੀ ਕਾਰਜ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਮਹਿਮ ਤਹਿਤ ਇਕ ਅੰਗ ਦਾਨ ਜਾਗਰੂਕਤਾ ਕੈਂਪ ਹੁਸ਼ਿਆਰਪੁਰ ਦੇ ਪਿੰਡ ਬੁੱਲ੍ਹੋਵਾਲ ਦੀ ਪੰਚਾਇਤ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ , ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਲਗਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਨੇਤਰ ਦਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਮਨੁੱਖਤਾ
ਦੀ ਭਲਾਈ ਲਈ ਅੰਗ ਦਾਨ ਕਰਨ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੰਗ ਦਾਨੀ 8 ਮਨੁੱਖੀ ਕੀਮਤੀ ਜਾਨਾਂ ਬਚਾ ਕੇ ਮਨੁੱਖਤਾ ਦੀ ਭਲਾਈ ਲਈ ਸੇਵਾ ਕਾਰਜ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਨ ਸੇਵਾ ਕਾਰਜ ਲਈ ਆਪਣੀ ਵਚਨਬੱਧਤਾ ਕਰਨ ਲਈ ਸਰਕਾਰ
ਦੀ ਪ੍ਰਮਾਣਿਤ ਵੈੱਬਸਾਈਟ notto.abdm.gov.in ਤੇ ਜਾ ਕੇ ਆਪਣੇ ਆਧਾਰ ਨੰਬਰ ਨਾਲ ਰਜਿਸਟ੍ਰੇਸ਼ਨ ਕਰ ਸਕਦਾ ਹੈ ਅਤੇ ਪ੍ਰੀਕਿਰਿਆ ਪੂਰੀ ਹੋਣ ਤੇ ਅੰਗ ਦਾਨ ਵਚਨਬੱਧਤਾ ਦਾ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਇਸ ਮਹਾਨ ਪਰਉਪਕਾਰੀ ਕਾਰਜ ਲਈ ਹਜ਼ਾਰਾਂ ਹੀ ਲੋਕ ਜੁੜ ਰਹੇ ਹਨ।
ਉਨ੍ਹਾਂ ਕਿਹਾ ਕਿ ਅੰਗ ਦਾਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਨੇਤਰ ਦਾਨ ਐਸੋਸੀਏਸ਼ਨ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਮੈਂਬਰ ਰਾਜ ਸਭਾ ਵੱਲੋਂ ਅੰਗ ਦਾਨ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਦੀ ਵਚਨਬੱਧਤਾ ਕਰਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ।
ਇਸ ਮੌਕੇ ਤੇ ਸੰਤ ਸੁੱਖਵੰਤ ਸਿੰਘ ਨਾਹਲਾਂ ਵਾਲੇ, ਸਰਪੰਚ ਅਰੁਣਦੀਪ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਸਿੱਧੂ, ਜਤਿੰਦਰ ਕੌਰ, ਮਨਜੀਤ ਸਿੰਘ ਜੰਡਾ, ਬਲਬੀਰ ਸਿੰਘ ਸੋਢੀ ਅਤੇ ਰਤਨ ਲਾਲ ਆਦਿ ਹਾਜ਼ਰ ਸਨ।