ਰੋਟਰੀ ਆਈ ਬੈਂਕ ਨੇ ਸਨਮਾਨ ਸਮਾਰੋਹ ਵਿਚ ਲਾਇਨ ਵਿਜੇ ਅਰੋੜਾ ਨੂੰ ਸਨਮਾਨਿਤ ਕੀਤਾ
ਹੁਸ਼ਿਆਰਪੁਰ 28 ਜਨਵਰੀ (ਦੜੌਚ)ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 15 ਮੈਂਬਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ ਸਮਾਜ ਸੇਵੀ ਲਾਇਨ ਵਿਜੇ ਅਰੋੜਾ ਨੂੰ ਡੀ.ਜੀ.ਪੀ. ਟ੍ਰੈਫਿਕ ਵੱਲੋਂ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਵਿੱਚ ਟ੍ਰੈਫਿਕ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਇਹ ਉਨ੍ਹਾਂ ਦੀ ਖਾਸ ਪਛਾਣ ਬਣ ਗਈ ਹੈ। ਉਨ੍ਹਾਂ ਨੂੰ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਉਣ ਦੀ ਖੁਸ਼ੀ ਵਿੱਚ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ, ਪੀ.ਸੀ.ਆਰ ਇੰਚਾਰਜ ਸੁਭਾਸ਼ ਭਗਤ ਅਤੇ ਰੋਟਰੀ ਆਈ ਬੈਂਕ ਦੇ ਚੇਅਰਮੈਨ ਜੇ.ਬੀ. ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਵਿਜੇ ਅਰੋੜਾ ਦਾ ਸੜਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਜਨੂੰਨ ਉਨ੍ਹਾਂ ਨੂੰ ਅੱਜ ਇਸ ਮੁਕਾਮ `ਤੇ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਵਿਜੇ ਅਰੋੜਾ 2008 ਤੋਂ ਲਗਾਤਾਰ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਕੜਾਕੇ ਦੀ ਠੰਡ ਦੇ ਮੌਸਮ ਦੌਰਾਨ ਵਾਹਨਾਂ ਅਤੇ ਹਾਦਸਿਆਂ ਸੰਭਾਵੀ ਖੇਤਰਾਂ ਵਿੱਚ ਰਿਫਲੈਕਟਰ ਲਗਾਉਣ ਵਿੱਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਜੇ ਅਰੋੜਾ ਉਨ੍ਹਾਂ ਦੀ ਸੁਸਾਇਟੀ ਦੇ ਮੀਤ ਪ੍ਰਧਾਨ ਵੀ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਭਾਗ ਨੇ ਮੈਂਬਰ ਨਾਮਜ਼ਦ ਕਰਕੇ ਉਨ੍ਹਾਂ ਦੀ ਮਿਹਨਤ ਦਾ ਇਨਾਮ ਦਿੱਤਾ ਹੈ। ਸੁਸਾਇਟੀ ਦੇ ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਵਿਜੇ ਅਰੋੜਾ ਜਿੱਥੇ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ, ਉਥੇ ਹੀ ਉਹ ਰੋਟਰੀ ਆਈ ਬੈਂਕ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਕੰਮਾਂ ਵਿੱਚ ਵੀ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ। ਜੋ ਉਨ੍ਹਾਂ ਦੀ ਮਨੁੱਖੀ ਸੇਵਾ ਦੀ ਲਗਨ ਨੂੰ ਦਰਸਾਉਂਦਾ ਹੈ। ਇਸ ਮੌਕੇ ਸੁਰਿੰਦਰ ਸਿੰਘ ਅਤੇ ਸੁਭਾਸ਼ ਭਗਤ ਨੇ ਕਿਹਾ ਕਿ ਵਿਜੇ ਅਰੋੜਾ ਦੇ ਸ਼ਲਾਘਾਯੋਗ ਸਹਿਯੋਗ ਅਤੇ ਵਡਮੁੱਲੇ ਯੋਗਦਾਨ ਸਦਕਾ ਅੱਜ ਹਜ਼ਾਰਾਂ ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਏ ਹਨ ਅਤੇ ਹਾਲ ਹੀ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵਿਭਾਗ ਵਿੱਚ ਪਾਏ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ। ਜਿਸ ਨੂੰ ਮੰਨਦੇ ਹੋਏ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਸਨਮਾਨ ਲਈ ਸੁਸਾਇਟੀ ਦਾ ਧੰਨਵਾਦ ਕਰਦਿਆਂ ਵਿਜੇ ਅਰੋੜਾ ਨੇ ਕਿਹਾ ਕਿ ਉਹ ਕਿਸੇ ਅਹੁਦੇ ਦੀ ਚਾਹਤ ਨਹੀਂ ਰੱਖਦੇੇ, ਸਮਾਜ `ਤੇ ਮਨੁੱਖੀ ਸੇਵਾ ਨੂੰ ਸਰਵਉੱਚ ਮੰਨਦੇ ਹਨ ਅਤੇ ਆਪਣਾ ਫਰਜ਼ ਨਿਭਾ ਰਹੇ ਹਨ। ਵਿਭਾਗ ਨੇ ਉਨ੍ਹਾਂ ਨੂੰ ਇਸ ਯੋਗ ਸਮਝਿਆ, ਇਸ ਲਈ ਉਹ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਅਤੇ ਪਹਿਲਾਂ ਦੀ ਤਰ੍ਹਾਂ ਉਹ ਵਿਭਾਗ ਨਾਲ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਚੇਅਰਮੈਨ ਏ.ਡੀ.ਜੀ.ਪੀ. ਟ੍ਰੈਫਿਕ ਹਨ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਾਈਸ ਚੇਅਰਮੈਨ ਹਨ, ਜਿਨ੍ਹਾਂ ਦੀ ਅਗਵਾਈ ਹੇਠ ਇਹ ਕਮੇਟੀ ਟ੍ਰੈਫਿਕ ਨਿਯਮਾਂ ਨੂੰ ਹੋਰ ਵੀ ਗੰਭੀਰਤਾ ਨਾਲ ਲਾਗੂ ਕਰਨ ਵਿੱਚ ਸਫਲ ਹੋਵੇਗੀ। ਇਸ ਮੌਕੇ ਬੋਲਦਿਆਂ ਪ੍ਰਿੰ. ਡੀ.ਕੇ. ਸ਼ਰਮਾ, ਮਦਨ ਲਾਲ ਮਹਾਜਨ, ਕੁਲਦੀਪ ਰਾਏ ਗੁਪਤਾ, ਕੁਲਵਿੰਦਰ ਸਿੰਘ ਸਚਦੇਵਾ, ਜਸਵੀਰ ਕੰਵਰ, ਰਜਿੰਦਰ ਮੌਦਗਿਲ, ਦਵਿੰਦਰ ਅਰੋੜਾ, ਤਰਸੇਮ ਮੌਦਗਿਲ, ਅਵਿਨਾਸ਼ ਸੂਦ, ਸ਼ਾਖਾ ਬੱਗਾ, ਦੀਪਕ ਮਹਿੰਦੀਰੱਤਾ, ਗੌਰਵ ਖੱਟਰ, ਅਮਿਤ ਨਾਗਪਾਲ, ਤਮੰਨਾ ਬਾਬੂ ਅਤੇ ਹੋਰ ਪਤਵੰਤੇ ਮੌਜੂਦ ਸਨ।
ਫੋਟੋ:- ਲਾਇਨ ਵਿਜੇ ਅਰੋੜਾ ਨੂੰ ਸਨਮਾਨਿਤ ਕਰਦੇ ਸੰਜੀਵ ਅਰੋੜਾ, ਜੇ.ਬੀ. ਬਹਿਲ, ਸੁਰਿੰਦਰ ਸਿੰਘ, ਸੁਭਾਸ਼ ਭਗਤ ਅਤੇ ਹੋਰ।