ਇਨਸਾਨੀਅਤ ਅਜੇ ਵੀ ਜਿੰਦਾ : ਮਿਲਿਆ ਹੋਇਆ ਸਮਾਰਟਫੋਨ ਅਸਲੀ ਮਾਲਕ ਨੂੰ ਵਾਪਸ ਕੀਤਾ
ਫਗਵਾੜਾ (ਮਨਜੀਤ ਸਿੰਘ) ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਆਪਣਾ ਹੀ ਫਾਇਦਾ ਦੇਖਦੇ ਹਨ, ਉੱਥੇ ਕੁਝ ਲੋਕ ਅਜੇ ਵੀ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਮਾਜ ਸੇਵਕ ਮਦਨ ਲਾਲ ਕੋਰੋਟੋਨੀਆ ਅਤੇ ਐਂਟੀ ਕਰਪਸ਼ਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਵੱਲੋਂ ਪੇਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸੜਕ ਦੇ ਕਿਨਾਰੇ ਤੋਂ ਇੱਕ ਸਮਾਰਟਫੋਨ ਮਿਲਿਆ ਜੋ ਲਾਕ ਸੀ ਅਤੇ ਉਸ ਵਿੱਚ ਕੋਈ ਸਿਗਨਲ ਵੀ ਨਹੀਂ ਆ ਰਿਹਾ ਸੀ। ਇਸ ਕਾਰਨ ਫੋਨ ਦੇ ਅਸਲੀ ਮਾਲਕ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਸੀ। ਪਰ ਦੋਵਾਂ ਨੇ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਅਤੇ ਆਖਿਰਕਾਰ ਫੋਨ ਦੇ ਅਸਲ ਮਾਲਕ ਪਵਨ ਸਹੋਤਾ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ, ਜੋ ਕਿ ਟੈਲੀਫੋਨ ਵਿਭਾਗ ਤੋਂ ਰਿਟਾਇਰਡ ਜੇ.ਈ. ਹਨ। ਮਦਨ ਲਾਲ ਕੋਰੋਟੋਨੀਆ ਅਤੇ ਨੰਦ ਸੋਨੀ ਨੇ ਉਨ੍ਹਾਂ ਨੂੰ ਮਿਲਕੇ ਫੋਨ ਵਾਪਸ ਸੌਂਪ ਦਿੱਤਾ। ਫੋਨ ਵਾਪਸ ਮਿਲਣ ’ਤੇ ਜਿੱਥੇ ਪਵਨ ਸਹੋਤਾ ਨੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਉੱਥੇ ਅਜਿਹੀ ਸਮਾਜ ਸੇਵਾ ਦੀ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਜੀਤ ਰਾਮ, ਗੁਰਮੁਖ ਸਿੰਘ ਚੰਨਾ, ਅਮਨਦੀਪ ਸਿੰਘ ਧੰਜੂ, ਰਾਜੂ ਬੰਗੜ ਅਤੇ ਰਾਜਿੰਦਰ ਕੁਮਾਰ ਆਦਿ ਵੀ ਮੌਜੂਦ ਸਨ।