“ਬਿਜਲੀ ਦੀ ਵਰਤੋਂ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਆਯੋਜਿਤ
ਪਟਿਆਲਾ : 06-05-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਮਾਡਲ ਟਾਊਨ ਪਟਿਆਲਾ ਵਿਖੇ “ਬਿਜਲੀ ਦੀ ਵਰਤੋਂ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਊਰਜਾ ਬੱਚਤ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਡੀ.ਐਸ.ਐਮ ਦਫਤਰ ਦੇ ਇੰਜੀ. ਸਲੀਮ ਮੁਹੰਮਦ, ਉਪ ਮੁੱਖ ਇੰਜ:, ਇੰਜ: ਸ਼ੰਮੀ ਜਿੰਦਲ, ਵਧੀਕ ਨਿਗਰਾਨ ਇੰਜ:, ਇੰਜ: ਭੁਪਿੰਦਰ ਸਿੰਘ, ਏ.ਈ.ਈ:, ਇੰਜ: ਦਿਪਾਂਸੂ ਨਿਮਲ, ਏ.ਈ.ਈ, ਇੰਜ: ਗਰੀਸ਼ ਕੁਮਾਰ ਮਹਾਜਨ, ਏ.ਈ:, ਇੰਜ: ਅਮਰਜੀਤ ਸਿੰਘ, ਏ.ਏ.ਈ ਅਤੇ ਇੰਜ ਕਰਮਜੀਤ ਸਿੰਘ, ਏ.ਏ.ਈ ਨੇ ਹਿੱਸਾ ਲਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਇਨ੍ਹਾਂ ਤਰੀਕਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ।
ਪੀ.ਐਸ.ਪੀ.ਸੀ.ਐਲ ਦੇ ਡੀ.ਐਸ.ਐਮ ਦਫਤਰ ਵੱਲੋਂ ਵਿਦਿਆਰਥੀਆਂ ਨੂੰ ਊਰਜਾ ਸੰਜਮਤਾ ਵਿਸ਼ੇ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਪਹਿਲਾਂ ਹੀ ਪ੍ਰੇਰਿਤ ਕੀਤਾ ਗਿਆ ਸੀ ਤਾਂ ਜੋ ਕਿ ਵਿਦਿਆਰਥੀਆਂ ਵਿੱਚ ਊਰਜਾ ਬੱਚਤ ਬਾਰੇ ਰੂਚੀ ਪੈਦਾ ਹੋ ਸਕੇ। ਇਸ ਸਮਾਗਮ ਦੋਰਾਣ ਵਿਦਿਆਰਥੀਆਂ ਵੱਲੋਂ ਊਰਜਾ ਸੰਜਮਤਾ ਵਿਸ਼ੇ ਉੱਤੇ ਪੇਪਰ ਪੜ੍ਹੇ ਗਏ ਅਤੇ ਵਿਦਿਆਰਥੀਆਂ ਵੱਲੋਂ ਊਰਜਾ ਬੱਚਤ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਕਾਬਿਲ-ਏ-ਤਾਰੀਫ਼ ਸਨ।
ਇਸ ਮੌਕੇ ਤੇ ਸਕੂਲ ਦੇ ਪੰਜਾਬੀ ਦੇ ਲੈਕਚਰਾਰ ਸ਼੍ਰੀ ਰਜਿੰਦਰ ਕੁਮਾਰ ਜੀ ਵੱਲੋਂ ਸਟੇਜ ਦੀ ਪ੍ਰਕਿਰਿਆ ਬਾਖੁਬੀ ਨਿਭਾਈ ਗਈ। ਸ਼੍ਰੀ ਰਜਿੰਦਰ ਕੁਮਾਰ ਪੰਜਾਬੀ ਲੈਕਚਰਾਰ ਅਤੇ ਸ਼੍ਰੀ ਜਸਕਿਰਨ ਕੌਰ ਵਿਰਕ, ਲੈਕਚਰਾਰ ਫਾਈਨ ਆਰਟਸ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਸਮਾਗਮ ਨਾਲ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਭਰਪੂਰ ਜਾਣਕਾਰੀ ਮਿਲੀ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਸਕੂਲਾਂ ਵਿੱਚ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਤਾਂ ਜੋ ਬਿਜਲੀ ਬੱਚਤ ਸਬੰਧੀ ਵਿਦਿਆਰਥੀਆਂ ਨੂੰ ਹੋਰ ਜਾਗਰਿਤ ਕੀਤਾ ਜਾ ਸਕੇ।
ਸਕੂਲ ਦੇ ਇੰਚਾਰਜ ਸ. ਭਗਵੰਤ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਗਮ ਵਿਦਿਆਰਥੀਆਂ ਲਈ ਬਿਜਲੀ ਬੱਚਤ ਸਬੰਧੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਇਆ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਭਵਿੱਖ ਵਿੱਚ ਅਜਿਹੇ ਸਮਾਗਮ ਹੋਰ ਸਕੂਲਾਂ ਵਿੱਚ ਵੀ ਕਰਵਾਏ ਜਾਣੇ ਚਾਹੀਦੇ ਹਨ। ਉਨਾਂ ਨੇ ਪੀ.ਐਸ.ਪੀ.ਸੀ.ਐਲ ਵੱਲੋਂ ਉਨਾਂ ਦੇ ਸਕੂਲ ਵਿੱਚ ਕਰਵਾਏ ਗਏ ਊਰਜਾ ਬੱਚਤ ਸੰਬੰਧੀ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦੇ ਅੰਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਐਸ.ਪੀ.ਸੀ.ਐਲ. ਦੀ DSM ਟੀਮ ਵੱਲੋਂ ਇਨਾਮ ਵਜੋਂ ਊਰਜਾ ਸੰਜਮਤਾ ਸਬੰਧੀ ਸਲੋਗਨ ਦਰਸਾਉਂਦੀਆਂ ਕਾਪੀਆਂ ਅਤੇ ਮੱਗ ਵੰਡੇ ਗਏ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਇਹ ਕਾਪੀਆਂ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਅੰਤ ਵਿੱਚ, ਸਕੂਲ ਦੇ ਇੰਚਾਰਜ ਸ. ਭਗਵੰਤ ਸਿੰਘ ਜੀ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
