ਨਵਾਂਸ਼ਹਿਰ 19ਜੂਨ :- ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗਿਤਾਜਲੀ ਸਿੰਘ ਪੀ,ਐਚ, ਸੀ ਮੁਜੱਫਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਅਤੇ ਤੰਦਰੁਸਤੀ ਕੇਂਦਰ ਭਗੌਰਾਂ ਵਲੋਂ ਗੈਰ ਸੰਚਾਰਿਤ ਬਿਮਾਰੀਆਂ ਸਬੰਧੀ ਪਿੰਡ ਬੜਵਾ ਵਿਖੇ ਇੱਕ ਸਿਹਤ ਮੇਲਾ ਲਗਾਇਆ ਗਿਆ। ਜਿਸ ਵਿਚ ਸਿਹਤ ਅਧਿਕਾਰੀ ਸ੍ਰੀ ਘਨ ਸ਼ਾਮ ਅਤੇ ਸੀ, ਐਚ,ਓ ਸੀ੍ ਗੁਰਪ੍ਰੀਤ ਸਿੰਘ ਵੱਲੋਂ ਕੈਂਪ ਵਿਚ ਆਏ ਲੋਕਾਂ ਨੂੰ ਗੈਰ ਸੰਚਾਰਿਤ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਕੈਂਪ ਵਿਚ ਆਏ ਹੋਏ ਲੋਕਾਂ ਦੇ ਬਲੱਡ ਪਰੈਸ਼ਰ, ਬਲੱਡ ਸ਼ੂਗਰ, ਹੀਮੋਗਲੋਬਿਨ ਦੀ ਜਾਂਚ ਕੀਤੀ ਗਈ ਅਤੇ ਆਏ ਹੋਏ ਲੋਕਾਂ ਨੂੰ ਲੋੜ ਅਨੁਸਾਰ ਬਿਮਾਰੀ ਮੁਤਾਬਿਕ ਦਵਾਈਆਂ ਵੀ ਦਿੱਤੀਆਂ ਗਈਆਂ। ਜ਼ਿਆਦਾ ਬੀ,ਪੀ, ਸ਼ੂਗਰ ਵਾਲਿਆਂ ਵਿਅਕਤੀਆਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸੰਬੰਧੀ ਸੀ, ਐਚ, ਓ ਸੀ੍ ਗੁਰਪ੍ਰੀਤ ਸਿੰਘ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤੰਦਰੁਸਤ ਰਹਿਣ ਲਈ ਸਾਨੂੰ ਰੋਜ਼ਾਨਾ ਯੋਗਾ ਅਤੇ ਸਰੀਰਕ ਕਸਰਤ ਕਰਨੀ ਚਾਹੀਦੀ ਹੈ। ਸਿਹਤ ਅਧਿਕਾਰੀ ਸ੍ਰੀ ਘਨ ਸ਼ਾਮ ਨੇ ਮੌਸਮੀ ਬਿਮਾਰੀਆਂ ਸਬੰਧੀ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਇਸ ਮੌਸਮ ਵਿੱਚ ਲੋਕਾਂ ਨੂੰ ਡੇਂਗੂ, ਮਲੇਰੀਆ,ਚਿਕੁੱਨਗੁਨੀਆ ਤੋਂ ਬਚਣ ਲਈ ਕਿਸੀ ਵੀ ਜਗ੍ਹਾ ਉੱਤੇ ਬੇਲੋੜਾ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਹ ਬਿਮਾਰੀਆਂ ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ ਅਤੇ ਇਹ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੂਨ ਮਹੀਨੇ ਨੂੰ ਮਲੇਰੀਆ ਜਾਗਰੂਕਤਾ ਮਹੀਨਾਂ ਅਤੇ ਜੁਲਾਈ ਮਹੀਨੇ ਨੂੰ ਡੇਂਗੂ ਜਾਗਰੂਕਤਾ ਮਹੀਨਾਂ ਵਜੋਂ ਮਨਾਇਆ ਜਾ ਰਿਹਾ ਹੈ ਅਗਰ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੋਵੇ ਤਾਂ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਖੂਨ ਦੀ ਜਾਂਚ ਕਰਵਾ ਸਕਦਾ ਹੈ ਜੋ ਕਿ ਬਿਲਕੁਲ ਫਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੈਜ਼ਾ, ਲੂਜ਼ ਮੋਸ਼ਨ, ਉਲਟੀਆਂ, ਅਤੇ ਫੂਡ ਪੋਇਜ਼ਨ ਤੋਂ ਬਚਣ ਲਈ ਚੰਗਾ ਸਾਫ਼ ਸੁਥਰਾ ਭੋਜਨ ਅਤੇ ਸਾਫ਼ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਵਿਚ ਫ਼ਸੇ ਵਿਅਕਤੀਆਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਅਭਿਆਨ ਚਲਾਇਆ ਗਿਆ ਹੈ ਜਿਸ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ। ਜਿਨ੍ਹਾਂ ਵਿਚ ਨਸ਼ਾ ਛੱਡਣ ਵਾਲੇ ਵਿਅਕਤੀਆਂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਨਸ਼ਾ ਛਢਾਊ ਕੇਦਰਾਂ ਦਾ ਲਾਭ ਲੈਂਦੇ ਹੋਏ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਤੋਂ ਬਾਅਦ ਐ,ਐਨ,ਐਮ, ਸ੍ਰੀਮਤੀ ਸੁਰਜੀਤ ਕੌਰ ਵੱਲੋਂ ਔਰਤਾਂ ਵਿਚ ਹੋਣ ਵਾਲੇ ਛਾਤੀ ਦੇ ਕੈਂਸਰ ਸੰਬੰਧੀ ਕੈਂਪ ਵਿਚ ਹਾਜ਼ਰ ਔਰਤਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਨਿਯਮਤ ਰੂਪ ਵਿਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਕੈਂਪ ਵਿੱਚ ਆਸ਼ਾ ਫਸਿਲੀਟੇਟਰ ਸ੍ਰੀਮਤੀ ਪਰਮੀਲਾ ਦੇਵੀ, ਆਸ਼ਾ ਵਰਕਰ ਸ੍ਰੀਮਤੀ ਬਲਜੀਤ ਕੌਰ ਵੱਲੋਂ ਵੀ ਆਸ਼ਾ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਸਿਹਤ ਅਧਿਕਾਰੀ ਸ੍ਰੀ ਘਨ ਸ਼ਾਮ ਨੇ ਦੱਸਿਆ ਕਿ ਇਸ ਕੈਂਪ ਵਿੱਚ 100 ਦੇ ਕਰੀਬ ਆਏ ਲੋਕਾਂ ਦੇ ਬੀ, ਪੀ ਸ਼ੂਗਰ ਅਤੇ ਹੀਮੋਗਲੋਬਿਨ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਪਿੰਡ ਬੜਵਾ ਦੇ ਸਰਪੰਚ ਸ੍ਰੀ ਗੁਰਮੇਲ ਚੰਦ,ਪੰਚ ਬਲਵੀਰ ਸਿੰਘ,ਪੰਚ ਜਗਦੀਸ਼ ਕੌਰ, ਬਲਵਿੰਦਰ ਸਿੰਘ,ਚਮਨ ਲਾਲ, ਰਿਟਾਇਰ ਫੌਜੀ ਸਤਪਾਲ ਵਲੋਂ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ।