ਨਵਾਂਸ਼ਹਿਰ 23 ਜੂਨ :- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰਾਂ ਦੀ ਦਿਹਾੜੀ, ਮਗਨਰੇਗਾ ਸਮੇਤ ਲਗਾਤਾਰ ਰੁਜ਼ਗਾਰ ਅਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੇ ਸਵਾਲ ਨੂੰ ਲੈ ਕੇ ਪਿੰਡ ਪੱਧਰੀ ਘੋਲ਼ ਚਲਾਉਣ ਲਈ 30 ਜੂਨ ਨੂੰ ਸਵੇਰੇ10 ਵਜੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਭਰਵੀਂ ਮਜ਼ਦੂਰ ਮੀਟਿੰਗ ਕੀਤੀ ਜਾ ਰਹੀ ਹੈ।ਮੀਟਿੰਗ ਉਪਰੰਤ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸਦੀ ਤਿਆਰੀ ਸਬੰਧੀ ਯੂਨੀਅਨ ਵੱਲੋਂ ਬੜਵਾ,ਕਿਸ਼ਨ ਪੁਰਾ, ਗੋਹਲੜੋਂ, ਪੁੰਨੂੰ ਮਜਾਰਾ, ਪੱਲੀਆਂ ਖੁਰਦ ਅਤੇ ਮਹਿਰਮਪੁਰ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਆਗੂ ਕਮਲਜੀਤ ਸਿੰਘ ਸਨਾਵਾ ਨੇ ਦੱਸਿਆ ਕਿ ਮਜਦੂਰਾਂ ਵੱਲੋਂ ਇਸਦੀ ਤਿਆਰੀ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਮਾਡਲ ਲਾਗੂ ਕਰਨ ਦੀਆਂ ਟਾਹਰਾਂ ਮਾਰਨ ਵਾਲੀ ਭਗਵੰਤ ਸਿੰਘ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਰਗੀ ਬੇਜ਼ਮੀਨੇ ਮਜ਼ਦੂਰਾਂ ਵਿਰੋਧੀ ਸਰਕਾਰ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਇਸ ਕਰਕੇ ਹੀ ਗਾਰੰਟੀ ਦੇ ਬਾਵਜੂਦ ਮਹਿਜ਼ ਮਗਨਰੇਗਾ ਤਹਿਤ 100 ਦਿਨ ਮਿਲਣ ਵਾਲਾ ਰੁਜ਼ਗਾਰ ਵੀ ਨਹੀਂ ਮਿਲ ਰਿਹਾ। ਸੂਬਾ ਸਰਕਾਰ ਨੂੰ ਆਪਣੀ ਤਰਫੋਂ 200 ਦਿਨ ਦਾ ਰੁਜ਼ਗਾਰ ਮੁਹੱਈਆਂ ਕਰਵਾਉਣ ਦੀ ਗਾਰੰਟੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੰਮ ਉੱਪਰ ਹਾਜ਼ਰ ਹੋਣ ਤੇ ਦਿਹਾੜੀ ਦੀ ਹੋ ਰਹੀ ਕਟੌਤੀ ਬੰਦ ਕੀਤੀ ਜਾਵੇ, ਦਿੱਲੀ ਮਾਡਲ ਤਹਿਤ ਆਲ ਇੰਡੀਆ ਲੇਬਰ ਕਾਨਫਰੰਸ 1956 ਤਹਿਤ ਹਰ ਖੇਤਰ ਵਿੱਚ ਮਜ਼ਦੂਰਾਂ ਦੀ ਦਿਹਾੜੀ 1000 ਰੂਪਏ ਕਰਨ ਦੀ ਗਾਰੰਟੀ ਕੀਤੀ ਜਾਵੇ ਅਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਹਨਾਂ ਬੁਨਿਆਦੀ ਮੁੱਦਿਆਂ ਉੱਪਰ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਹਨਾਂ ਮੀਟਿੰਗਾਂ ਨੂੰ ਇਲਾਕਾ ਕਮੇਟੀ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਮੀਰਪੁਰੀ, ਇੰਦਰਜੀਤ ਕੌਰ, ਬਖਸ਼ੀ ਰਾਮ, ਸੋਹਨ ਲਾਲ, ਜਸਵਿੰਦਰ, ਰਣਜੀਤ ਕੌਰ, ਸੀਤਾ ਰਾਣੀ, ਤਾਰਾ ਚੰਦ, ਮੋਹਨ ਲਾਲ, ਕਮਲਾ ਅਤੇ ਸਵਰਨ ਕੌਰ ਨੇ ਵੀ ਸੰਬੋਧਨ ਕੀਤਾ । ਇਹਨਾਂ ਮੀਟਿੰਗਾਂ ਵਿੱਚ ਸੁਰਿੰਦਰ ਕੌਰ, ਕ੍ਰਿਸ਼ਨਾ, ਭੁਪਿੰਦਰ ਕੌਰ, ਤਾਰਾ ਚੰਦ, ਕਸ਼ਮੀਰ ਕੌਰ, ਗੁਰਬਖਸ਼ ਕੌਰ ਵੀ ਮੌਜੂਦ ਸਨ।
ਕੈਪਸ਼ਨ :ਮੀਟਿੰਗ ਵਿੱਚ ਸ਼ਾਮਲ ਯੂਨੀਅਨ ਦੇ ਆਗੂ ਅਤੇ ਵਰਕਰ।