ਨਵਾਂਸ਼ਹਿਰ 25 ਜੂਨ:- ਲੰਮੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ) ਦੀ ਪੋਸਟ ਖਾਲੀ ਹੋਣ ਕਰਕੇ ਅਧਿਆਪਕਾਂ ਦੇ ਬਹੁਤ ਸਾਰੇ ਜ਼ਰੂਰੀ ਕੰਮ ਪੈਡਿੰਗ ਰਹਿ ਗਏ ਹਨ। ਇਨ੍ਹਾਂ ਸਾਰੇ ਕੰਮਾਂ ਨੁੰ ਜਲਦ ਹੀ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ,ਇਨ੍ਹਾਂ ਵਿਚਾਰਾਂ ਦਾ ਪ੍ਰੈਸ ਨਾਲ ਪ੍ਰਗਟਾਵਾ ਕਰਦੇ ਹੋਏ ਸ਼੍ਰੀ ਆਸ਼ੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ), ਸ਼ਹੀਦ ਭਗਤ ਸਿੰਘ ਨਗਰ ਨੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਔੜ ਦੀ ਪਲੇਠੀ ਫੇਰੀ ਦੁਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਬਲਾਕ ਦਫ਼ਤਰ ਦੀ ਵਿਜ਼ਟ ਦੁਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਔੜ ਤੋਂ ਦਫ਼ਤਰ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਅਧਿਆਪਕਾਂ ਦੀਆਂ ਸਰਵਿਸ ਬੁੱਕਾਂ, ਏ ਸੀ ਆਰ, ਪਿਛਲੇ ਸਮੇਂ ਦੇ ਰਹਿੰਦੇ ਬਕਾਇਆ ਅਤੇ ਅਧਿਆਪਕਾਂ ਦੇ ਹੋਰ ਪੈਡਿੰਗ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਸਕੂਲਾਂ ਵਿੱਚ ਚੱਲ ਰਹੇ ਸਿਵਲ ਵਰਕਸ ਦੇ ਕੰਮਾਂ ਅਤੇ ਗ੍ਰਾਂਟਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਤੱਕ ਪੜ੍ਹਦੇ ਜਨਰਲ ਅਤੇ ਬੀ ਸੀ ਵਰਗ ਦੇ ਸਾਰੇ ਮੁੰਡਿਆਂ ਨੂੰ ਵਰਦੀਆਂ ਦੀ ਗ੍ਰਾਂਟ ਵੀ ਭੇਜੀ ਗਈ ਹੈ,ਜੋ ਕਿ ਬਲਾਕ ਦਫ਼ਤਰਾਂ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਸਕੂਲ ਅਧਿਆਪਕਾਂ ਨੂੰ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਦੀ ਖ੍ਰੀਦ ਕਰਕੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਣ ਤਾਂ ਕਿ ਸਕੂਲ ਖੁੱਲਦੇ ਸਾਰ ਸਾਰੇ ਬੱਚੇ ਸਕੂਲੀ ਵਰਦੀ ਵਿੱਚ ਸਕੂਲ ਆਉਣ। ਉਨ੍ਹਾਂ ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਕਿ ਸਕੂਲਾਂ ਵਿੱਚ ਚੱਲ ਰਹੇ ਨਿਪੁੰਨ ਭਾਰਤ ਤਹਿਤ ਵਿੱਦਿਆ ਪ੍ਰਵੇਸ਼ ਪ੍ਰੋਜੈਕਟ ਅਧੀਨ ਬੱਚਿਆਂ ਲਈ ਲਰਨਿੰਗ ਰਿਕਵਰੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ,ਇਸ ਦੇ ਤਹਿਤ ਹੀ ਕੰਮ ਕਰਵਾਇਆ ਜਾਵੇ ਤਾਂ ਕਿ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਵਾਧਾ ਹੋ ਸਕੇ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ "ਏਕ ਭਾਰਤ ਸ਼੍ਰੇਸ਼ਠ ਭਾਰਤ" ਪ੍ਰੋਜੈਕਟ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਦੂਜੇ ਰਾਜਾਂ ਦੇ ਰਹਿਣ-ਸਹਿਣ, ਭਾਸ਼ਾ ਅਤੇ ਸੱਭਿਆਚਾਰ ਦੀ ਵਧੇਰੇ ਜਾਣਕਾਰੀ ਪ੍ਰਾਪਤ ਹੋ ਸਕੇ। ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣਾ ਕੰਮ ਮਿਹਨਤ,ਲਗਨ ਅਤੇ ਇਮਾਨਦਾਰੀ ਨਾਲ ਕਰਨ। ਉਨ੍ਹਾਂ ਦੇ ਰਹਿੰਦੇ ਕੰਮ ਭਾਵੇਂ ਉਹ ਬਲਾਕ ਜਾ ਜ਼ਿਲ੍ਹਾ ਪੱਧਰ ਦੇ ਹੋਣ ਬਹੁਤ ਜਲਦ ਨੇਪਰੇ ਚਾੜ ਦਿੱਤੇ ਜਾਣਗੇ। ਸ਼੍ਰੀ ਸ਼ਰਮਾ ਨੇ ਕਿਹਾ ਕਿ ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ,ਉਨ੍ਹਾਂ ਦਾ ਹਰੇਕ ਕੰਮ ਜਿੰਨੇ ਅਸਾਨ ਤਰੀਕੇ ਨਾਲ ਹੋ ਸਕੇ,ਕੀਤਾ ਜਾਵੇ ਤਾਂ ਕਿ ਉਹ ਟੈਂਸ਼ਨ ਮੁਕਤ ਹੋਕੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇ ਸਕਣ ਕਿਉਂਕਿ ਬੱਚਿਆਂ ਦਾ ਸਰਵ ਪੱਖੀ ਵਿਕਾਸ ਕਰਨਾ ਹੀ ਸਾਡਾ ਮੁੱਖ ਮੰਤਵ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਵਿਜ਼ਟ ਦੁਰਾਨ ਦਫ਼ਤਰ ਦਾ ਸਾਰਾ ਕੰਮ ਤਸੱਲੀ ਪੂਰਵਿਕ ਪਾਇਆ ਗਿਆ ਹੈ।ਫਿਰ ਵੀ ਜੇਕਰ ਕਿਸੇ ਅਧਿਆਪਕ ਦਾ ਕੋਈ ਕੰਮ ਅਧੂਰਾ ਹੈ ਤਾਂ ਜਲਦੀ ਹੀ ਪੂਰਾ ਕਰਨ ਲਈ ਦਫ਼ਤਰੀ ਅਮਲੇ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਰਿੰਦਰ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜਗਦੀਸ਼ ਰਾਏ ਐਮ ਆਈ ਐਸ, ਸੁਰੇਸ਼ ਕੁਮਾਰ ਸੀਨੀਅਰ ਸਹਾਇਕ ਵੀ ਮੌਜੂਦ ਸਨ।
ਕੈਪਸ਼ਨ-ਸ਼੍ਰੀ ਆਸ਼ੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ