ਨਵਾਂਸ਼ਹਿਰ 7ਅਗਸਤ - ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਜਸਪੀ੍ਤ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਪਿੰਡ ਗਦਾਣੀ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖਰੇਖ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਗੰਦਾ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਦਸਤ, ਉਲਟੀਆਂ, ਪੇਟ ਦਰਦ, ਚਮੜੀ ਤੇ ਅੱਖਾਂ ਸਬੰਧਾਂ ਰੋਗਾਂ ਅਤੇ ਡੇਂਗੂ, ਚਿਕਨਗੁਨੀਆ ਦੀ ਜਾਗਰੂਕਤਾ ਅਤੇ ਰੋਕਥਾਮ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਗੰਦੇ ਪਾਣੀ ਤੋਂ ਪੈਦਾ ਹੁੰਦੇ ਰੋਗਾਂ ਜਿਵੇਂ ਕਿ ਟਾਇਫ਼ਾਈਡ, ਹੈਜਾ ਨੂੰ ਫ਼ੈਲਣ ਤੋਂ ਰੋਕਣ ਲਈ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ 'ਤੇ ਜ਼ੋਰ ਦਿੱਤਾ ਕਿਉਕਿ ਗੰਦੇ ਪਾਣੀ ਵਿੱਚ ਬੀਮਾਰੀ ਫ਼ੈਲਾਉਣ ਵਾਲੇ ਜੀਵਾਣੂ ਤੇਜ਼ੀ ਨਾਲ ਵਧਦੇ ਫੁਲਦੇ ਹਨ ਜੋ ਮਨੁੱਖੀ ਸਿਹਤ ਲਈ ਘਾਤਕ ਹੁੰਦੇ ਹਨ। ਬਰਸਾਤ ਵਿੱਚ ਸੱਪ ਕੱਟਣ ਦੇ ਕੇਸ ਬਹੁਤ ਵਧ ਜਾਂਦੇ ਹਨ ਅਗਰ ਵੇਲੇ ਸਿਰ ਡਾਕਟਰੀ ਸਹਾਇਤਾ ਨਾ ਮਿਲੇ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਸੱਪਾਂ ਸਬੰਧੀ ਡਾ. ਗੁਰਤੇਜ ਸਿੰਘ ਨੇ ਦੱਸਿਆ ਕਿ ਸਾਰੇ ਸੱਪ ਜ਼ਹਿਰੀਲੇ ਨਹੀ ਹੁੰਦੇ ਕੁਝ ਕੁ ਪ੍ਜਾਤੀਆਂ ਹੀ ਜ਼ਹਿਰੀਲੀਆਂ ਹੁੰਦੀਆਂ ਹਨ, ਸੋ ਉਸ ਵੇਲੇ ਦੇਸੀ ਟੋਟਕਿਆਂ ਦੀ ਜਗ੍ਹਾ ਡਾਕਟਰੀ ਇਲਾਜ਼ ਪ੍ਣਾਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਮੱਛਰਾਂ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਵਿੱਚ ਖੜੇ ਪਾਣੀ 'ਤੇ ਦਵਾਈ ਦਾ ਛਿੜਕਾਅ ਕੀਤਾ ਗਿਆ ਤੇ ਛੱਪੜਾਂ ਵਿੱਚ ਕਾਲਾ ਤੇਲ ਪਾਇਆ ਗਿਆ।
ਇਸ ਮੌਕੇ ਪਿੰਡ ਦੀ ਸਰਪੰਚ ਪਰਮਿੰਦਰ ਕੌਰ, ਏਐਨਐਮ ਨਵਦੀਪ ਕੌਰ, ਸੋਨੀਆ, ਆਸ਼ਾ ਵਰਕਰ ਸੁਮਨ ਦੇਵੀ, ਸੁੱਚਾ ਸਿੰਘ, ਗੁਰਚੇਤਨ ਸਿੰਘ, ਅਮਰਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।