ਡਿਪਟੀ ਕਮਿਸ਼ਨਰ ਨੇ ਪਿੰਡ ਮਹਾਲੋਂ ਬੱਸ ਸਟਾਪ ਦੇ ਨੇੜੇ ਤ੍ਰਿਵੈਣੀ ਬੂਟੇ ਲਗਾ ਕੇ ਕੀਤੀ ਹਰਿਆਵਲ ਮੁਹਿੰਮ ਦੀ ਸ਼ੁਰੂਆਤ
ਨਵਾਂਸ਼ਹਿਰ, 11 ਅਗਸਤ: ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਮਹਾਲੋਂ ਬੱਸ ਸਟਾਪ ਤੋਂ ਖਟਕੜ ਕਲਾਂ ਤੱਕ ਲਗਾਏ ਜਾਣ ਵਾਲੇ ਤ੍ਰਿਵੈਣੀ ਬੂਟਿਆਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਮਹਾਲੋਂ ਬੱਸ ਸਟਾਪ ਵਿਖੇ ਬੂਟੇ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜਰਨਲਿਸਟ ਯੂਨੀਅਨ ਦੇ ਸਮੂਹ ਪੱਤਰਕਾਰ ਮੌਜੂਦ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮੂਹ ਜਰਨਲਿਸਟ ਯੂਨੀਅਨ ਦੀ ਇਸ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਰਨਲਿਸਟ ਯੂਨੀਅਨ ਵਲੋਂ ਸ਼ਹੀਦ ਭਗਤ ਸਿੰਘ ਜੀ ਦੀ ਵਰੇਗੰਢ ਨੂੰ ਸਮਰਪਿਤ ਚਲਾਈ ਗਈ ਇਹ ਮੁਹਿੰਮ ਬਹੁਤ ਵਧੀਆਂ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਨਾਲ ਜਿਥੇ ਗਰੀਨ ਪੰਜਾਬ ਗਰੀਨ ਨਵਾਂਸ਼ਹਿਰ ਦੇ ਸੰਦੇਸ਼ ਨੂੰ ਹੁਲਾਰਾ ਮਿਲੇਗਾ, ਉਥੇ ਜ਼ਮੀਨੀ ਪੱਧਰ ‘ਤੇ ਵੀ ਜ਼ਿਲ੍ਹਾ ਵਾਸੀ ਵੱਧ-ਤੋਂ ਵੱਧ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਣ ਨੂੰ ਸਾਫ ਰੱਖਣ ਦੇ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਸਾਫ਼-ਸੁਥਰੇ ਵਾਤਾਵਰਣ ਵਿੱਚ ਰਹਿ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਵਰੇਗੰਢ ‘ਤੇ 28 ਤੋਂ 30 ਸਤੰਬਰ ਤੱਕ ਖਟਕੜ ਕਲਾਂ ਵਿਖੇ ਇਨਕਲਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਰੀ ਸੰਖਿਆ ਵਿੱਚ ਲੋਕ ਖਟਕੜ ਕਲਾਂ ਵਿਖੇ ਆਉਣਗੇ ਅਤੇ ਇਸ ਮੁਹਿੰਮ ਨਾਲ ਜੁੜਨ ਦਾ ਵੀ ਸਾਰਿਆਂ ਨੂੰ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜਰਨਲਿਸਟ ਯੂਨੀਅਨ ਵਲੋਂ ਅੱਜ 250 ਦੇ ਕਰੀਬ ਤ੍ਰਿਵੈਣੀ ਬੂਟੇ ਲਗਾਏ ਜਾਣਗੇ, ਜਿਸ ਵਿੱਚ ਬੋਹੜ, ਪਿੱਪਲ ਅਤੇ ਨਿੰਮ ਵੀ ਸ਼ਾਮਲ ਕੀਤੇ ਜਾਣਗੇ ਅਤੇ ਇਹ ਮੁਹਿੰਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਵਰੇਗੰਢ ਤੱਕ ਚਲਦੀ ਰਹੇਗੀ।
ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਸਵੀਰ ਸਿੰਘ, ਸੁਖਜਿੰਦਰ ਸਿੰਘ ਭੰਗਲ ਸ਼ਹਿਰੀ ਪ੍ਰਧਾਨ, ਸਕੱਤਰ ਜਨਰਲ ਸੁਖਦੇਵ ਸਿੰਘ, ਸੰਜੀਵ ਕੁਮਾਰ ਬੋਬੀ ਖਜਾਨਚੀ, ਮਨੋਰੰਜਨ ਕਾਲੀਆ ਮੁੱਖ ਸਲਾਹਕਾਰ, ਚੇਤ ਰਾਮ ਰਤਨ ਚੇਅਰਮੈਨ, ਵਾਸਦੇਵ ਪ੍ਰਦੇਸ਼ੀ ਜਨਰਲ ਸਕੱਤਰ, ਹਰਮਿੰਦਰ ਸਿੰਘ ਪਿੰਟੂ ਸਹਾਇਕ ਖਜਾਨਚੀ, ਦਿਨੇਸ਼ ਸੂਰੀ ਮੀਤ ਪ੍ਰਧਾਨ, ਕੁਲਦੀਪ ਸਿੰਘ ਪਾਬਲਾ, ਵਿਜੇ ਕੁਮਾਰ, ਮੁਹੰਮਦ ਸਹਿਦ, ਸੰਦੀਪ ਸਿੰਘ ਅਤੇ ਮਹੇਸ਼ ਕੁਮਾਰ ਮੌਜੂਦ ਸਨ।
ਫੋਟੋ ਕੈਪਸ਼ਨ: ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਪਿੰਡ ਮਹਾਲੋਂ ਦੇ ਬੱਸ ਸਟਾਪ ‘ਤੇ ਤ੍ਰਿਵੈਣੀ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਨੁਮਾਇੰਦੇ ਅਤੇ ਪੱਤਰਕਾਰ।