ਜ਼ਿਲਾ ਪ੍ਰਸ਼ਾਸਨ ਨੇ ਸੰਗਤ ਸਿੰਘ ਖਾਲਸਾ ਕਾਲਜ, ਸਿੱਖ ਨੈਸ਼ਨਲ ਕਾਲਜ, ਗੁਰੂ ਨਾਨਕ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਬਹੁਤਨੀਕੀ ਕਾਲਜ, ਬਹਿਰਾਮ ‘ਚ ਕਰਵਾਏ ਸੈਮੀਨਾਰ
ਲੋਕ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਸੰਭਵ : ਜ਼ਿਲ੍ਹਾ ਰੋਜ਼ਗਾਰ ਅਧਿਕਾਰੀ
ਬੰਗਾ, 14 ਮਈ: ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾਂ ‘ਤੇ ਅੱਜ ਸਥਾਨਕ ਸੰਗਤ ਸਿੰਘ ਖਾਲਸਾ ਕਾਲਜ, ਸਿੱਖ ਨੈਸ਼ਨਲ ਕਾਲਜ, ਗੁਰੂ ਨਾਨਕ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਬਹੁਤਨੀਕੀ ਕਾਲਜ, ਬਹਿਰਾਮ ਵਿਖੇ ਜਾਗਰੂਕਤਾ ਸਮਾਗਮ ਕਰਵਾਕੇ ਵਿਦਿਆਰਥੀਆਂ ਨੂੰ ਇਸ ਮੁਹਿੰਮ ‘ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ।
ਜਾਗਰੂਕਤਾ ਸੈਮੀਨਾਰਾਂ ਦੌਰਾਨ ਵਿਦਿਅਕ ਅਦਾਰਿਆਂ ਵਿਚ ਨਸ਼ਿਆਂ ਖਿਲਾਫ ਅਹਿਦ ਦਿਵਾਉਣ ਉਪਰੰਤ ਜ਼ਿਲਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਕਿ ਨਸ਼ਿਆਂ ਦਾ ਜੜ੍ਹੋਂ ਖ਼ਾਤਮਾ ਸਮੇਂ ਦੀ ਮੁੱਖ ਮੰਗ ਹੈ ਜੋ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੈ। ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਜ਼ਿਲੇ ਵਿਚ ਨਸ਼ਾ ਮੁਕਤੀ ਅਭਿਆਨ ਰਾਹੀਂ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਅਤੇ ਵਿਦਿਆਰਥੀ ਇਸ ਅਹਿਮ ਕਾਰਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ ਤਾਂ ਜੋ ਨੌਜਵਾਨਾਂ ਨੂੰ ਇਸ ਸਮੱਸਿਆ ਤੋਂ ਸੁਰੱਖਿਅਤ ਕਰਦੇ ਹੋਏ ਨਸ਼ਿਆਂ ਦੇ ਜਾਲ ਵਿਚ ਫਸ ਚੁੱਕੇ ਵਿਅਕਤੀਆਂ ਦਾ ਇਲਾਜ ਅਤੇ ਸੁਚੱਜੇ ਢੰਗ ਨਾਲ ਮੁੜ ਵਸੇਬਾ ਕਰਵਾਇਆ ਜਾ ਸਕੇ।
ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਨਸ਼ਿਆ ਖਿਲਾਫ ਸਹੁੰ ਚੁਕਾਉਂਦਿਆਂ ਜ਼ਿਲਾ ਰੋਜ਼ਗਾਰ ਅਧਿਕਾਰੀ ਸੰਦੀਪ ਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਾਂਗੇ, ਆਪਣੇ ਪਿੰਡ ਜਾਂ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੜਣ ਨਹੀ ਦਿਆਂਗੇ, ਨਸ਼ਾ ਕਰ ਰਹੇ ਵਿਅਕਤੀਆਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਦਾਖਲ ਕਰਵਾਉਣਗੇ ਲਈ ਉਪਰਾਲੇ ਕਰਨਗੇ ਅਤੇ ਆਪਣੇ ਪਿੰਡ ਜਾਂ ਵਾਰਡ ਨੂੰ ਨਸ਼ਾ ਮੁਕਤ ਬਣਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਕਦਮਾਂ ਵਿਚ ਬਣਦਾ ਯੋਗਦਾਨ ਪਾ ਕੇ ਸਮਾਜਿਕ ਅਲਾਮਤ ਦੇ ਖਾਤਮੇ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੋਲੀਟੈਕਨਿਕ ਕਾਲਜ ਤੋਂ ਕੁਲਵਿੰਦਰ ਬੇਦੀ, ਸੰਗਤ ਸਿੰਘ ਖ਼ਾਲਸਾ ਕਾਲਜ ਵਿਖੇ ਡਾ. ਰਣਜੀਤ ਸਿੰਘ, ਸਿੱਖ ਨੈਸ਼ਨਲ ਕਾਲਜ ਵਿਖੇ ਡਾ. ਤਰਸੇਮ ਸਿੰਘ ਭਿੰਡਰ, ਗੁਰੂ ਨਾਨਕ ਕਾਲਜ ਵਿਖੇ ਮੀਨੂੰ ਭੋਲਾ ਸਮੇਤ ਭਾਰੀ ਗਿਣਤੀ ਵਿਦਿਆਰਥੀ ਮੌਜੂਦ ਸਨ।