ਨਵਾਂਸ਼ਹਿਰ, 1 ਨਵੰਬਰ :- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਕੂਲ ਬੱਸਾਂ/ਵਾਹਨਾਂ ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਰਧਾਰਿਤ ਮਿਆਰਾਂ ਅਨੁਸਾਰ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਬਲਾਕ ਨਵਾਂਸ਼ਹਿਰ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ 15 ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ 7 ਵਾਹਨਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ/ ਸੇਫ ਸਕੂਲ ਵਾਹਨ ਦੇ ਮਿਆਰ ਪੂਰੇ ਨਾ ਕਰਦੇ ਹੋਣ ਕਾਰਨ ਚਲਾਨ ਕੀਤੇ ਗਏ, ਜਿਨ੍ਹਾਂ ਚ ਇੱਕ ਵਾਹਨ ਨੂੰ ਕਬਜ਼ੇ ਵਿੱਚ ਵੀ ਲਿਆ ਗਿਆ। ਇਨ੍ਹਾਂ ਸਕੂਲਾਂ ਵਿੱਚ ਸੇਂਟ ਸੋਲਜ਼ਲ ਸਕੂਲ, ਕੈਂਬਰਿਜ਼ ਪਬਲਿਕ ਸਕੂਲ ਅਤੇ ਪ੍ਰਕਾਸ਼ ਮਾਡਲ ਅਤੇ ਡਾ. ਆਸਾ ਨੰਦ ਸੀ.ਸੈ. ਸਕੂਲ ਦੀਆ ਬੱਸਾਂ ਵੀ ਸ਼ਾਮਲ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਨੁਸਾਰ ਇਨ੍ਹਾਂ ਚੋਂ ਕਈ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀ ਸਨ, ਜਿਨ੍ਹਾਂ ਵਿੱਚ ਪ੍ਰਦੂਸ਼ਨ ਸਰਟੀਫ਼ਿਕੇਟ, ਡਰਾਈਵਰ ਦੀ ਵਰਦੀ, ਬੀਮਾ, ਵਹੀਕਲ ਪਰਮਿਟ ਦੀ ਵੀ ਚੈਕਿੰਗ ਕੀਤੀ ਗਈ।
ਇਸ ਤੋ ਇਲਾਵਾ ਮੌਕੇ ਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸਬੰਧੀ ਡਰਾਈਵਰਾਂ/ਵਾਹਨ ਮਾਲਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਦੇ ਸਾਰੇ ਦਸਤਾਵੇਜ ਜਲਦ ਤੋ ਜਲਦ ਪੂਰੇ ਕੀਤੇ ਜਾਣ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲੀ ਬੱਸਾ ਦੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਤਾਂ ਜੋ ਬੱਸਾਂ ਰਾਹੀਂ ਸਕੂਲ ਤੱਕ ਸਫਰ ਕਰਨ ਵਾਲੇ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।