ਨਵਾਂਸ਼ਹਿਰ, 25 ਨਵੰਬਰ : ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ ਐਟ ਢੰਡੂਹਾ ਵੱਲੋਂ ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਅਤੇ ਨਵੀਂਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਬੰਗਾ ਵਿਖੇ ਲਾਇਆ ਗਿਆ ਤਿੰਨ ਦਿਨਾਂ ਕੈਂਪ ਅੱਜ ਸਮਾਪਤ ਹੋ ਗਿਆ।
ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਜੀਤ ਸਿੰਘ ਬਾਵਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੱਛੀ ਪਾਲਣ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ, ਪੰਜਾਬ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਲਾਏ ਗਏ ਇਸ ਤਿੰਨ ਦਿਨਾਂ ਸਿਖਲਾਈ ਕੈਂਪ ਦੇ ਦੂਜੇ ਦਿਨ ‘ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ’ ਦੀ ‘ਐਕਸਪੋਜ਼ਰ ਵਿਜ਼ਟ’ ਕਰਵਾਉਣ ਉਪਰੰਤ ਅਤੇ ਬਾਕੀ ਦਿਨਾਂ ਦੌਰਾਨ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੀਆਂ ਵੱਖ-ਵੱਖ ਤਕਨੀਕਾਂ ਵਰਤ ਕੇ ਆਮਦਨੀ ਵਧਾਉਣ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਣ ਉਪਰੰਤ ਸਮਾਪਤ ਹੋਇਆ। ਸੰਮਤੀ ਹਾਲ, ਬੀ ਡੀ ਪੀ ਓ ਦਫ਼ਤਰ ਬੰਗਾ ਵਿਖੇ ਲਾਏ ਗਏ ਇਸ ਤਿੰਨ ਦਿਨਾਂ ਕੈਂਪ ਦੇ ਅਖੀਰਲੇ ਦਿਨ ਸੇਵਾਮੁਕਤ ਸਹਾਇਕ ਡਾਇਰੈਕਟਰ ਮੱਛੀ ਪਾਲਣ ਭੀਮ ਸੇਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦੀ ਸ਼ੁਰੂਆਤ ਕਰਦਿਆਂ ਠਾਕੁਰ ਸਤਿਅਮ ਸਿੰਘ ਮੱਛੀ ਪਾਲਣ ਅਫਸਰ, ਬਲਾਚੌਰ ਵੱਲੋਂ ਮੱਛੀ ਪਾਲਣ ਦੀ ਨਵੀਨ ਤਕਨੋਲੋਜੀ ਬਾਇਓਫਲੋਕ ਫਿਸ਼ ਫਾਰਮਿੰਗ, ਰਿਸਰਕੂਲੇਟਰੀ ਐਕੂਅਕਲਚਰ ਅਤੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਤਹਿਤ ਇਨ੍ਹਾਂ ਪ੍ਰੋਜੈਕਟਾਂ ਉਪਰ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਤੇਜਿੰਦਰ ਕੌਰ ਸੀਨੀਅਰ ਮੱਛੀ ਪਾਲਣ ਅਫਸਰ, ਮੱਛੀ ਪੂੰਗ ਫਾਰਮ ਢੰਡੂਹਾ ਵਲੋਂ ਮੱਛੀਆਂ ਦੀ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਉਪਰੰਤ ‘ਵਿਰਬੈਕ’ ਕੰਪਨੀ ਤੋਂ ਉਚੇਚੇ ਤੌਰ ਤੇ ਪਹੁੰਚੇ ਗੋਪਾਲ ਸਿੰਘ ਅਤੇ ਤਰੁਨ ਸ਼ਰਮਾ ਜੀ ਨੇ ਮੱਛੀ ਪਾਲਣ ਵਿੱਚ ਸਹਾਇਕ ਪੋਸ਼ਕ ਰਸਾਇਣਾਂ ਅਤੇ ਦਵਾਈਆਂ ਸਬੰਧੀ ਸੰਪੂਰਣ ਜਾਣਕਾਰੀ ਦਿੰਦਿਆਂ ਬਜ਼ਾਰ ’ਚ ਉਪਲਬਧ ਉਤਪਾਦਾਂ ਬਾਰੇ ਜਾਣੂ ਕਰਵਾਇਆ। ਸੇਵਾ ਮੁਕਤ ਸਹਾਇਕ ਡਾਇਰੈਕਟਰ ਮੱਛੀ ਪਾਲਣ ਭੀਮ ਸੇਨ ਜੀ ਵੱਲੋਂ ਕੈਂਪ ਵਿੱਚ ਪਹੁੰਚੇ ਮੱਛੀ ਪਾਲਕਾਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ ਗਏ। ਅੰਤ ਵਿੱਚ ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਸਿੰਘ ਬਾਵਾ ਵੱਲੋਂ ਸਾਰੇ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦਾ ਵਿਸਥਾਰ ਅਤੇ ਮੱਛੀ ਪਾਲਣ ਦੀ ਨਵੀਨ ਤਕਨੋਲੋਜੀ ਅਪਣਾ ਕੇ ਮੱਛੀ ਪਾਲਣ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਵਿਭਾਗ ਦੀ ਸੇਵਾਵਾਂ ਅਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਸਾਰਿਆਂ ਦਾ ਕੈਂਪ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਟ੍ਰੇਨਿੰਗ ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਫ਼ੋਟੋ ਕੈਪਸ਼ਨ:
ਬੰਗਾ ਵਿਖੇ ਮੱਛੀ ਪਾਲਕਾਂ ਲਈ ਮੱਛੀ ਪਾਲਣ ਵਿਭਾਗ ਵੱਲੋਂ ਲਾਏ ਗਏ ਤਿੰਨ ਦਿਨਾਂ ਸਿਖਲਾਈ ਕੈਂਪ ਦੀਆਂ ਤਸਵੀਰਾਂ।