0️⃣7️⃣ ਨਵੰਬਰ,1760
*ਲਾਹੌਰ ਉੱਤੇ ਸਿੱਖਾਂ ਦਾ ਘੇਰਾ ਅਤੇ ਹਮਲਾ।*
ਨਵੰਬਰ 1760 ਵਿਚ ਮੀਰ ਮੁਹੰਮਦ ਖ਼ਾਨ, ਲਾਹੌਰ ਦਾ ਨਾਜ਼ਮ ਸੀ।
7 ਨਵੰਬਰ, 1760 ਦੇ ਦਿਨ ਸਰਬੱਤ ਖ਼ਾਲਸਾ ਦੀ ਇਕ ਬੈਠਕ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਹੋਈ | ਇਸ ਇਕੱਠ ਵਿਚ ਸਿੱਖਾਂ ਨੇ ਲਾਹੌਰ ਉਤੇ ਹਮਲਾ ਕਰਨ ਦਾ ਗੁਰਮਤਾ ਕੀਤਾ।
ਖ਼ਾਲਸਾ ਫ਼ੌਜਾਂ ਨੇ ਇਸ ਗੁਰਮਤੇ ਨੂੰ ਇਕ ਦਮ ਅਮਲ ਵਿਚ ਲੈ ਆਂਦਾ।
ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਚੇਤ ਸਿੰਘ ਘਨਈਆ, ਹਰੀ ਸਿੰਘ ਭੰਗੀ, ਗੁੱਜਰ ਸਿੰਘ ਭੰਗੀ ਤੇ ਲਹਿਣਾ ਸਿੰਘ ਭੰਗੀ ਜੀਆਂ ਦੀ ਅਗਵਾਈ ਹੇਠ 10 ਹਜ਼ਾਰ ਖ਼ਾਲਸਾ ਫ਼ੌਜ ਨੇ ਲਾਹੌਰ ਵਲ ਕੂਚ ਕਰ ਦਿਤਾ।
ਮੀਰ ਮੁਹੰਮਦ ਖ਼ਾਨ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿਤੇ। ਸਿੱਖਾਂ ਨੇ ਲਾਹੌਰ ਦੇ ਆਲੇ-ਦੁਆਲੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ। ਹੁਣ ਸ਼ਹਿਰ ਸਾਰੇ ਮੁਲਕ ਤੋਂ ਕਟਿਆ ਗਿਆ ਸੀ।ਸਿੱਖਾਂ ਵਲੋ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲ ਹੋ ਰਹੀ ਸੀ।
ਇਹ ਘੇਰਾ 11 ਦਿਨਾਂ ਤਕ ਜਾਰੀ ਰਿਹਾ ਸਿੱਖ,ਆਮ ਲੋਕਾਂ ਨੂੰ ਮੁਸ਼ਕਲ ਵਿਚ ਨਹੀਂ ਸਨ ਪਾਉਣਾ ਚਾਹੁੰਦੇ, ਇਸ ਕਰ ਕੇ ਉਨ੍ਹਾਂ ਨੇ ਲੋਕਾਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਚਾਹੁੰਦੇ ਹਨ ਕਿ ਸ਼ਹਿਰ ਦਾ ਘੇਰਾ ਚੁੱਕ ਲਿਆ ਜਾਵੇ ਤਾਂ ਨਾਜ਼ਮ ਮੁਹੰਮਦ ਖ਼ਾਨ, ਸਿੱਖਾਂ ਨੂੰ 30000 ਰੁਪਏ ਨਜ਼ਰਾਨਾ ਦੇਵੇ ਤੇ ਸਿੱਖ ਫ਼ੌਜਾਂ ਨੂੰ ਕੜਾਹ ਵਰਤਾਵੇ।
ਮੁਹੰਮਦ ਖ਼ਾਨ ਕੋਲ ਏਨੀ ਰਕਮ ਨਹੀਂ ਸੀ | ਉਸ ਵੇਲੇ ਪਸਰੂਰ ਤੋਂ ਮਾਮਲੇ ਦੀ ਰਕਮ ਲਾਹੌਰ ਵਿਚ ਪੁੱਜੀ ਹੋਈ ਸੀ, ਉਸ ਵਿਚੋਂ ਸਿੱਖਾਂ ਨੂੰ ਇਹ ਰਕਮ ਤਾਰੀ ਗਈ ਤੇ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ। ਇਸ 'ਤੇ ਖ਼ਾਲਸਾ ਫ਼ੌਜਾਂ ਵਾਪਸ ਚਲੀਆਂ ਗਈਆਂ।