ਨਵਾਂਸ਼ਹਿਰ, 22 ਨਵੰਬਰ :- ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਅਧੀਨ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪ੍ਰੋ. ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਉੱਘੇ ਲੇਖਕ ਹਰਵਿੰਦਰ ਭੰਡਾਲ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਯੋਗਰਾਜ ਅੰਗਰਿਸ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕੀਤੀ ਗਈ। ਪ੍ਰਸਿੱਧ ਲੇਖਕ ਅਸ਼ੋਕ ਭੌਰਾ ਅਤੇ ਡਾ. ਤਰਸੇਮ ਸਿੰਘ ਪਿ੍ਰੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਸਹਾਇਕ ਡਾਇਰੈਕਟਰ ਹਰਭਜਨ ਕੌਰ ਅਤੇ ਸਹਾਇਕ ਡਾਇਰੈਕਟਰ ਸੁਰਿੰਦਰ ਕੌਰ ਉਚੇਚੇ ਤੌਰ ‘ਤੇ ਪਹੁੰਚੇ।
ਗੋਸ਼ਟੀ ਦਾ ਆਰੰਭ ਸੰਦੀਪ ਸਿੰਘ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦੇ ਸਵਾਗਤ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਂ-ਬੋਲੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਸੰਬੰਧੀ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਬੋਲਦਿਆਂ ਪ੍ਰੋ. ਜਗਮੋਹਨ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉਂਦਿਆਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ਗਈ। ਇਸੇ ਲੜੀ ਤਹਿਤ ਗੱਲ ਅਗਾਂਹ ਤੋਰਦਿਆਂ ਹਰਵਿੰਦਰ ਭੰਡਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਦੌਰ ਅੰਦਰ ਪ੍ਰਸੰਗਿਕਤਾ ਬਾਰੇ ਆਪਣੇ ਵਿਚਾਰ ਵਿਸਤਾਰ ਸਹਿਤ ਪ੍ਰਗਟ ਕੀਤੇ ਗਏ। ਇਸ ਮੌਕੇ ਅਸ਼ੋਕ ਭੌਰਾ ਅਤੇ ਡਾ. ਤਰਸੇਮ ਸਿੰਘ ਵੱਲੋਂ ਵੀ ਸ਼ਹੀਦ ਭਗਤ ਦੇ ਜੀਵਨ ਅਤੇ ਵਿਚਾਰਾਂ ਸੰਬੰਧੀ ਆਪਣੇ ਪੱਖ ਪੇਸ਼ ਕੀਤੇ ਗਏ। ਡਾ. ਯੋਗਰਾਜ ਅੰਗਰਿਸ਼ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼ਹੀਦ ਭਗਤ ਸਿੰਘ ਦੀ ਦੇਸ਼ ਦੀ ਅਜ਼ਾਦੀ ਲਈ ਮਹਾਨ ਦੇਣ ਦਾ ਵਰਨਣ ਕੀਤਾ। ਉਨ੍ਹਾਂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੀ ਵਿਲੱਖਣਤਾ ਦੀ ਸ਼ਲਾਘਾ ਕੀਤੀ। ਅੰਤ ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਡਾਇਰੈਕਟਰ ਸੁਰਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੀਆਂ ਉੱਘੀਆਂ ਸਖ਼ਸੀਅਤਾਂ ਹਰਬੰਸ ਹੀਉਂ, ਗੁਰਦੀਪ ਸੈਣੀ, ਤਲਵਿੰਦਰ ਸ਼ੇਰਗਿੱਲ, ਗੁਰਦੀਪ ਸਿੰਘ, ਸ਼ਿੰਗਾਰਾ ਲੰਗੇਰੀ, ਦੀਪ ਕਲੇਰ, ਪਰਮਜੀਤ ਚਾਹਲ, ਪ੍ਰੋ. ਰੂਬੀ ਰਾਏਪੁਰੀ, ਪ੍ਰੋ. ਸੰਦੀਪ ਨਈਅਰ, ਤਾਰਾ ਸਿੰਘ ਚੇੜਾ, ਸੁਭਾਸ਼ ਸਲਾਹਵੀ, ਗੁਰਪ੍ਰੀਤ ਸਿੰਘ, ਪੂਜਾ, ਮਨਿੰਦਰ ਕੌਰ, ਮਹਿੰਦਰ ਦੁਸਾਂਝ, ਰਜਨੀ ਸ਼ਰਮਾ, ਸੋਮਾ ਸਬਲੋਕ, ਅਜੈ ਖਟਕੜ ਆਦਿ ਨੇ ਸ਼ਮੂਲੀਅਤ ਕੀਤੀ।
ਫ਼ੋਟੋ ਕੈਪਸ਼ਨ:
ਭਾਸ਼ਾ ਵਿਭਾਗ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੰਜਾਬੀ ਮਾਹ ਦੇ ਸਬੰਧ ’ਚ ਕਰਵਾਈ ਗਈ ਗੋਸ਼ਟੀ ਦੀਆਂ ਤਸਵੀਰਾਂ।