ਨਵੇਂ ਵਰ੍ਹੇ ਦਿਆ ਸੂਰਜਾ ਲਿਆ ਖ਼ੁਸ਼ੀਆਂ ਖੇੜੇ
ਨਵਾਂ ਵਰ੍ਹਾ 2024 ਮੁਬਾਰਕ
ਦੁਨੀਆਂ ਵਿੱਚ ਈਸਵੀ ਕੈਲੰਡਰ ਮੁਤਾਬਕ ਪਹਿਲੀ ਜਨਵਰੀ ਨੂੰ ਨਵੇਂ ਸਾਲ ਦਾ ਆਗ਼ਾਜ਼ ਹੁੰਦਾ ਹੈ। ਨਵਾਂ ਵਰ੍ਹਾ ਇੱਕ ਕੋਰੇ ਕਾਗਜ਼ ਵਾਂਗ ਹੁੰਦਾ ਹੈ, ਜਿਸ ਤੇ ਨਵੀਂ ਇਬਾਰਤ ਲਿਖਣੀ ਹੁੰਦੀ ਹੈ । ਨਵਾਂ ਵਰ੍ਹਾ ਸਾਰੀ ਦੁਨੀਆਂ ’ਚ ਕਰੀਬ ਇਕ ਸਾਰ ਮਨਾਇਆ ਜਾਂਦਾ ਹੈ । ਇਹ ਮਨੁੱਖ ਦੀ ਆਪਣੀ ਕਾਢ ਹੈ। ਪੁਰਾਣਾ ਸਾਲ ਬੀਤਣ ਤੇ ਨਵਾਂ ਸਾਲ ਆਉਣ ਦਾ ਚਾਅ ਕੀਤਾ ਜਾਂਦਾ ਹੈ ਇਹ ਦੁਨੀਆਂ ਦਾ ਅਜਿਹਾ ਤਿਉਹਾਰ ਹੈ ਜਿਸ ਨੂੰ ਸਾਰੇ ਮੁਲਕਾਂ ਦੇ ਲੋਕ ਆਪੋ ਆਪਣੇ ਢੰਗ ਤਰੀਕਿਆਂ ਨਾਲ ਮਨਾਉਂਦੇ ਹਨ। ਨਵੇਂ ਸਾਲ ਨੂੰ ਖੁਸ਼ਆਮਦੀਦ, ਜੀ ਆਇਆਂ ਨੂੰ ਆਖ ਕੇ ਸਵਾਗਤ ਕਰਦੇ ਹਨ ਅਤੇ ਬੀਤ ਗਏ ਸਾਲ ਨੂੰ ਅਲਵਿਦਾ ਆਖਦੇ ਹਨ। ਲੋਕ ਆਤਿਸ਼ਬਾਜੀ , ਰੋਸ਼ਨੀਆਂ ਦੀ ਜਗਮਗ ਅਤੇ ਸੰਗੀਤ ਨਾਲ ਸੁਰ ਤਾਲ ਮਿਲਾ ਕੇ ਜਸ਼ਨ ਮਨਾਉਂਦੇ ਹਨ । ਬੀਤ ਗਏ ਸਾਲ ਤੇ ਆਤਮ ਮੰਥਨ ਤੇ ਨਵੇਂ ਸਾਲ ਲਈ ਵਿਓਂਤਬੰਦੀਆਂ ਉਸਾਰੀਆਂ ਜਾਂਦੀਆਂ ਹਨ ਕਿ ਵਕਤ ਦੇ ਸਫ਼ੇ ਤੇ ਕਿਵੇਂ ‘ਸਾਬਤੇ ਕਦਮਾਂ’ ਨਾਲ ਅੱਗੇ ਵਧਣਾ ਹੈ ਅਤੇ ਉਮੰਗ ਕੀਤੀ ਜਾਂਦੀ ਹੈ ਕਿ :- ਨਵੇਂ ਵਰ੍ਹੇ ਦਾ ਸੂਰਜ, ਸਭ ਲਈ ਖ਼ੁਸ਼ੀਆਂ ਖੇੜੇ ਲਿਆਵੇ ।
ਇਸ ਦਿਨ ਲਈ ਪੁਰਾਣੇ ਸਮੇਂ ਵਿੱਚ ਸ਼ੁਭ ਇੱਛਾਵਾਂ ਵਾਲੇ ਕਾਰਡ, ਆਪਣੇ ਚਾਹੁਣ ਵਾਲਿਆਂ, ਸ਼ੁਭ ਚਿੰਤਕਾਂ ਤੇ ਸੰਗੀ ਸਾਥੀਆਂ ਨੂੰ ਭੇਜ ਕੇ ਇਕ ਦੂਜੇ ਲਈ ਆਪਣਾਪਣ ਦਿਖਾਇਆ ਜਾਂਦਾ ਸੀ। ਅਜੋਕੇ ਸਮੇਂ ਵਿੱਚ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਇੰਟਰਨੈਟ, ਯੂ ਟਿਊਬ, ਵਟਸਐਪ, ਫੇਸਬੁੱਕ, ਇਨਸਟਾਗ੍ਰਾਮ, ਟਵਿਟਰ, ਸ਼ੈਅਰਚੈਟ ਰਾਹੀਂ ਸ਼ੁੱਭ ਸੰਦੇਸ਼ ਭੇਜੇ ਜਾਂਦੇ ਹਨ ਅਤੇ ਟੀ ਵੀ ਚੈਨਲਾਂ ਰਾਹੀਂ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਂਦੇ ਹਨ । ਇਹ ਦੁਨੀਆਂ ਦਾ ਅਜਿਹਾ ਤਿਉਹਾਰ ਹੈ ਜਦੋ ਸੱਚਮੁੱਚ ਦੁਨੀਆਂ ਇਕ ਗਲੋਬਲ ਪਿੰਡ ਬਣਦੀ ਨਜ਼ਰ ਆਉਂਦੀ ਹੈ । ਅਸੀਂ ਸਮੇ ਦੇ ਸਾਜ਼ ਨਾਲ ਇਕ ਮਿੱਕ ਹੋ ਜਾਂਦੇ ਹਾਂ । ਦੁੱਖ ਵੰਡਣ ਨਾਲ ਘਟਦੇ ਤੇ ਖ਼ੁਸ਼ੀਆਂ ਵੰਡਣ ਨਾਲ ਦੂਣ ਸਵਾਈਆਂ ਹੋ ਜਾਂਦੀਆਂ ਹਨ ।
ਨਵੇਂ ਵਰ੍ਹੇ 2024 ’ਚ ਸਭ ਲਈ ਨਵੇਂ ਉਤਸ਼ਾਹ ਨਵੀਆਂ ਸੱਧਰਾਂ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਕਹਿਣਾ ਬਣਦਾ ਹੈ ਕਿ ਘੁੱਗ ਵਸਦੇ ਸੰਸਾਰ ਦੇ ਲੋਕੋ ਜ਼ਿੰਦਗੀ ਵਿੱਚ ਹੁਣ ਤਰੱਕੀ ਦੀਆਂ ਪੁਲਾਘਾਂ ਪੁੱਟਣ ਦਾ ਵੇਲਾ ਹੈ। ਹਾਸ਼ੀਏ ਤੇ ਕੀਤੇ ਭਾਈਚਾਰਿਆਂ, ਜ਼ਿੰਦਗੀ ’ਚ ਵਾਪਰੇ ਦਰਦਨਾਕ ਹਾਦਸਿਆਂ ਕਾਰਨ ਪੀੜ੍ਹਾ ਝੱਲ ਰਹੇ ਬੇਵੱਸ, ਲਾਚਾਰ, ਕਮਜ਼ੋਰ ਲੋਕਾਂ ਦੀ ਮੱਦਦ ਕਰਕੇ ਅਤੇ ਉਹਨਾਂ ਦੀ ਜ਼ਿੰਦਗੀ ਪ੍ਰਤੀ ਦਇਆ ਦਿਖਾ ਕੇ ਉਹਨਾਂ ਨੂੰ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰੀਏ ਤਾਂ ਜੋ ਉਹ ਵੀ ਮਹਿਸੂਸ ਕਰਨ ਕਿ ਸਮਾਜ ਦੇ ਲੋਕ ਉਹਨਾਂ ਲਈ ਵੀ ਫਿਕਰਮੰਦ ਹਨ।
ਨਵੇਂ ਵਰ੍ਹੇ ’ਚ ਸਾਨੂੰ ਸਾਕਾਰਤਮਕ ਸੋਚ ਤੇ ਚਲਦਿਆਂ ਆਪਣੀਆਂ ਤਰਜੀਹਾਂ ਨਿਰਧਾਰਤ ਕਰਨ ਦਾ ਸਮਾਂ ਹੈ। ਸਿਆਣੇ ਲੋਕ ਕਹਿੰਦੇ ਹਨ ਕਿ ਭਾਵੇਂ ਰੋਟੀ ਘੱਟ ਖਾਓ ਪਰ ਆਪਣੇ ਬੱਚਿਆ ਨੂੰ ਜ਼ਰੂਰ ਪੜ੍ਹਾਓ ਅਤੇ ਚੰਗੇ ਸੰਸਕਾਰ ਦਿਓ। ਪੜ੍ਹਨ ਬਾਰੇ ਇਹ ਪ੍ਰਵਾਨ ਹੋਇਆ ਹੈ ਕਿ "21 ਵੀਂ ਸਦੀ ਵਿਚ ਅਨਪੜ੍ਹ ਉਹਨਾਂ ਲੋਕਾਂ ਨੂੰ ਨਹੀਂ ਕਿਹਾ ਜਾਵੇਗਾ ਜੋ ਪੜ੍ਹ ਲਿਖ ਨਹੀਂ ਸਕਦੇ ਬਲਕਿ ਉਹਨਾਂ ਲੋਕਾਂ ਨੂੰ ਕਿਹਾ ਜਾਵੇਗਾ ਜਿਹੜੇ ਸਿੱਖਣਾ ਨਹੀਂ ਜਾਣਦੇ ਹੋਣਗੇ, ਗ਼ਲਤ ਸਿੱਖੀਆਂ ਹੋਈਆਂ ਗੱਲਾਂ ਭੁਲਾਉਣਾ ਨਹੀਂ ਜਾਣਦੇ ਹੋਣਗੇ ਅਤੇ ਸਹੀ ਸਿੱਖਿਆ ਨੂੰ ਨਵੇਂ ਸਿਰਿਓਂ ਗ੍ਰਹਿਣ ਕਰਨਾ ਨਹੀਂ ਜਾਣਦੇ ਹੋਣਗੇ।" (ਐਲਵਿਨ ਟੋਫਲਰ)
ਸਾਲ 2024 ਸਾਥੋਂ ਮੰਗ ਕਰੇਗਾ ਕਿ, "ਜ਼ਿੰਦਗੀ ਉਹਨਾਂ ਦੀ ਹੁੰਦੀ ਹੈ ਜਿਹਨਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ , ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲਿਆਂ ਨਾਲ ਉਡਾਨ ਹੁੰਦੀ ਹੈ।” ਜ਼ਿੰਦਗੀ ਵਿੱਚ ਜਦੋਂ ਜਹਿਦ ਸਾਰੇ ਕਰਦੇ ਹਨ ਪਰ ਇਤਿਹਾਸ ਜਿੱਤਣ ਵਾਲਿਆਂ ਦਾ ਲਿਖਿਆ ਜਾਂਦਾ ਹੈ। ਜੋ ਜੀਤਾ ਵੋਹੀ ਸਿਕੰਦਰ। ਸਾਨੂੰ ਜ਼ਿੰਦਗੀ ਵਿੱਚ ਸੂਰਜ ਤੋਂ ਗਿਆਨ ਲੈਣਾ ਚਾਹੀਦਾ ਹੈ ਕਿ ਸੂਰਜ ਡੁਬਦਾ ਵੀ ਹੈ ਤੇ ਚੜ੍ਹਦਾ ਵੀ ਹੈ । ਸੰਸਾਰ ਦੇ ਲੋਕਾਂ ਵਿੱਚ ਚੰਗੇ ਤੇ ਬੁਰੇ ਦਿਨ ਆਉਂਦੇ ਹਨ ਪਰ ਜਿਹਨਾਂ ਅੰਦਰ ਕੁਝ ਕਰਨ ਦੀ ਹਿੰਮਤ ਤੇ ਜਨੂੰਨ ਹੁੰਦਾ ਹੈ ਤਕਦੀਰ ਉਹਨਾਂ ਦੀ ਦਾਸੀ ਬਣ ਜਾਂਦੀ ਹੈ ।
ਜੋ ਹਿੰਮਤ ਵਾਲੇ ਬੰਦੇ ਨੇ , ਤਕਦੀਰ ਉਹਨਾਂ ਦੀ ਦਾਸੀ ਏ , ਕਿਸਮਤ ਨੂੰ ਝੂਰਦੇ ਰਹਿੰਦੇ ਨੇ ,ਜੋ ਮਰਦ ਨੁਕਾਰਾ ਹੁੰਦੇ ਨੇ ,
ਬੇ- ਹਿੰਮਤੇ ਨੇਂ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇਂ ਸੀਨਾ ਪਾੜ੍ ਕੇ ਪੱਥਰਾਂ ਦਾ । (ਬਾਬਾ ਨਜ਼ਮੀ, ਪੰਜਾਬੀ ਕਵੀ ਲਹਿੰਦਾ ਪੰਜਾਬ, ਪਾਕਿਸਤਾਨ)
ਆਓ, ਇਕ ਪਲ, ਇਕ ਛਿਣ, ਇਕ ਮਿੰਟ, ਇਕ ਘੰਟਾ, ਇਕ ਦਿਨ, ਇਕ ਹਫਤਾ, ਇਕ ਮਹੀਨਾ, ਇਕ ਸਾਲ ਦੀ ਕਦਰ ਕਰੀਏ ਕਿਉਂਕਿ ਅਸੀਂ ਭਾਰਤੀ ਲੋਕ ਅਜੇ ਸਮੇਂ ਦੀ ਸਹੀ ਵਰਤੋਂ ਨਾਂ ਕਰਨ ਕਰਕੇ ਦੂਜਿਆਂ ਮੁਲਕਾਂ ਨਾਲੋਂ ਪਿੱਛੇ ਹਾਂ । ਜਰਾ ਸੋਚੋ , ਜੇਕਰ ਤੁਹਾਡੇ ਬੈਂਕ ਖਾਤੇ ਵਿੱਚ ਹਰ ਸਵੇਰ ਇਕ ਲੱਖ ਰੁਪਿਆ ਜਮਾਂ ਹੋਵੇ ਅਤੇ ਰਾਤ ਤੱਕ ਕੋਈ ਬਕਾਇਆ ਨਾਂ ਰਹਿੰਦਾ ਹੋਵੇ। ਜੇਕਰ ਅਸੀਂ ਇਸਤੇਮਾਲ ਨਹੀਂ ਕਰਦੇ ਤਾਂ ਸ਼ਾਮ ਤੱਕ ਉਹ ਪੈਸਾ ਵੰਡ ਦਿੱਤਾ ਜਾਵੇ ਤਾਂ ਤੁਸੀਂ ਸਾਰੇ ਪੈਸੇ ਕਢਵਾ ਲਵੋਗੇ । ਸਾਡੇ ਸਾਰਿਆਂ ਕੋਲ ਇਸ ਤਰਾਂ ਦਾ ਬੈਂਕ ਹੈ , ਜਿਸ ਦਾ ਨਾਮ ਹੈ ਸਮਾਂ । ਹਰ ਸਵੇਰੇ ਸਾਡੇ ਖਾਤੇ ਵਿੱਚ 86400 ਸੈਕਿੰਡ ਹੁੰਦੇ ਹਨ । ਸ਼ਾਮ ਤੱਕ ਜੇਕਰ ਅਸੀਂ ਉਸ ਵਿੱਚੋ ਖਰਚ ਨਹੀਂ ਕਰ ਸਕੇ ਜਾਂ ਕਿਸੇ ਚੰਗੇ ਕੰਮ ਲਈ ਇਸਤੇਮਾਲ ਨਹੀਂ ਕਰ ਸਕੇ ਤਾਂ ਇਹ ਕੋਈ ਬਕਾਇਆ ਨਹੀਂ ਰੱਖਦਾ ਅਤੇ ਨਾਂ ਹੀ ਇਹ ਕਿਸੇ ਨੂੰ ਲਿਖੇ ਤੋਂ ਜਿਆਦਾ ਦਿੰਦਾ ਹੈ। ਹਰ ਦਿਨ ਇਹ ਤੁਹਾਡੇ ਲਈ ਨਵਾਂ ਖਾਤਾ ਖੁੱਲਦਾ ਹੈ ਅਤੇ ਹਰ ਸ਼ਾਮ ਨੂੰ ਸਾਡੇ ਦਿਨ ਦੇ ਬਕਾਏ ਨੂੰ ਖਤਮ ਕਰ ਦਿੰਦਾ ਹੈ । ਜੇਕਰ ਤੁਸੀਂ ਦਿਨ ਦੀ ਪੂੰਜੀ ਇਸਤੇਮਾਲ ਨਹੀਂ ਕਰਦੇ ਤਾਂ ਨੁਕਸਾਨ ਤੁਹਾਡਾ ਹੈ । ਤੁਸੀਂ ਇਸ ਨੂੰ ਵਾਪਸ ਨਹੀਂ ਲੈ ਸਕਦੇ । ਇਥੇ ਆਉਣ ਵਾਲੇ ‘ਕੱਲ੍ਹ’ ਲਈ ਕਢਵਾਉਣ ਲਈ ਕੁਝ ਵੀ ਨਹੀਂ ਹੈ । ਇਸ ਲਈ ਸਮੇਂ ਨੂੰ ਇਸ ਤਰਾਂ ਇਸਤੇਮਾਲ ਕਰੀਏ ਜਿਸ ਤੋਂ ਅਸੀਂ ਵੱਧ ਤੋਂ ਵੱਧ ਲਾਭ ਲੈ ਸਕੀਏ । ਜਿਸ ਨਾਲ ਸਾਨੂੰ ਖੁਸ਼ੀ ਮਿਲ ਸਕੇ ।
ਇਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਦੀ ਕੀਮਤ ਉਸ ਖਿਡਾਰੀ ਤੋਂ ਪੁੱਛੋ ਜਿਸਨੇ ਚਾਂਦੀ ਦਾ ਤਮਗਾ ਜਿਤਿਆ ਹੋਵੇ । ਆਪਣੇ ਹਰ ਪਲ ਨੂੰ ਜੋ ਤੁਹਾਡੇ ਕੋਲ ਹੈ, ਜਮ੍ਹਾਂ ਕਰੋ । ਯਾਦ ਰੱਖੋ ਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ । ਬੀਤਿਆ, ਕੱਲ੍ਹ ਦਾ ਇਤਿਹਾਸ ਹੈ, ਆਉਣ ਵਾਲਾ ਕੱਲ੍ਹ ਇਕ ਬੁਝਾਰਤ ਹੈ, ਅੱਜ ਇਕਤਰਫ਼ਾ ਹੈ । ਇਸੇ ਕਰਕੇ ਇਸ ਨੂੰ ਅਸੀਂ ‘ਅੱਜ’ ਕਹਿੰਦੇ ਹਾਂ ।
* ਇਕ ਸਾਲ ਦੀ ਕਦਰ ਉਸ ਵਿਦਿਆਰਥੀ ਨੂੰ ਪੁੱਛੋ ਜਿਹੜਾ ਕਿਸੇ ਜਮਾਤ ਵਿੱਚੋਂ ਫੇਲ੍ਹ ਹੋ ਗਿਆ ਹੋਵੇ ।
* ਇਕ ਮਹੀਨੇ ਦੀ ਕਦਰ ਉਸ ਮਾਂ ਤੋਂ ਪੁੱਛੋ ਜਿਸਨੇ ਕਿ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤੇ ਹੋਵੇ ।
* ਇਕ ਹਫਤੇ ਦੀ ਕਦਰ ਹਫ਼ਤਾਵਾਰ ਅਖਬਾਰ ਦੇ ਸੰਪਾਦਕ ਨੂੰ ਪੁੱਛੋ ।
* ਇਕ ਘੰਟੇ ਦੀ ਕੀਮਤ ਉਹਨਾਂ ਪ੍ਰੇਮੀਆਂ ਤੋਂ ਪੁੱਛੋ ਜਿਹੜੇ ਕਿ ਇਕ ਦੂਜੇ ਨੂੰ ਮਿਲਣ ਲਈ ਲੋਚਦੇ ਹਨ ।
* ਇਕ ਮਿੰਟ ਦੀ ਕੀਮਤ ਉਸ ਆਦਮੀ ਤੋਂ ਪੁੱਛੋ ਜਿਹੜਾ ਕਿ ਕਿਸੇ ਦੁਰਘਟਨਾ ਵਿੱਚੋਂ ਬਚ ਗਿਆ ਹੋਵੇ ।
* ਇਕ ਸਕਿੰਟ ਦੀ ਕੀਮਤ ਉਸ ਵਿਅਕਤੀ ਕੋਲੋਂ ਪੁੱਛੋ ਜਿਸਦੀ ਕਿ ਗੱਡੀ ਲੰਘੀ ਹੋਵੇ ।
ਦੁਨੀਆਂ ਵਿੱਚ ਵਸਦੇ ਪੰਜਾਬੀਓ ਕਾਮਨਾ ਕਰਦੇ ਹਾਂ ਕਿ ਸਾਰਿਆਂ ਦਾ ਭਵਿੱਖ ਸੁਨਹਿਰਾ ਹੋਵੇ, ਨਵੇਂ ਵਰ੍ਹੇ ਵਿੱਚ ਪੰਜਾਬੀ ਜ਼ੁਬਾਨ ਹੋਰ ਵਧੇ ਫੁੱਲੇ ਅਤੇ ਸਾਡੇ ਸੱਭਿਆਚਾਰ ਦਾ ਘੇਰਾ ਹੋਰ ਵਿਸ਼ਾਲ ਹੋਵੇ । ਨਵੇਂ ਸਾਲ ਵਿੱਚ ਸਾਰੇ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਸਰ ਕਰਨ, ਖੁਸ਼ੀਆਂ ਖੇੜੇ ਬਣੇ ਰਹਿਣ। ਸਾਰੇ ਸੰਸਾਰ ਵਿਚ ਭਾਈਚਾਰਕ ਸਾਂਝ, ਸਮਾਜਿਕ ਆਰਥਿਕ-ਬਰਾਬਰਤਾ ਅਤੇ ਅਮਨ ਸ਼ਾਂਤੀ ਬਣੀ ਰਹੇ।
ਕੁੱਲ ਆਲਮ ਜੋ ਹੁਣ ‘ਗਲੋਬਲ ਪਿੰਡ’ ਬਣ ਚੁਕਾ ਹੈ ’ਚ ਸਭ ਦੇ ਖੁਸ਼ਹਾਲ ਹੋਣ ਦੀ ਕਾਮਨਾ ਕਰਦੇ ਆਉ ਨਵੇਂ ਵਰ੍ਹੇ 2024 ਦਾ ਖਿੜੇ ਮੱਥੇ ਸਵਾਗਤ ਕਰੀਏ।
ਆਮੀਨ
ਸੰਤੋਖ ਸਿੰਘ ਜੱਸੀ
ਮਾਂਟਰੀਅਲ, ਕਨੈਡਾ
ਫੋਨ ਨੰਬਰ:- (514) 464-8665