ਬੰਗਾ, 13 ਮਈ - ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ ਉਲੀਕੀ ਰੂਪ-ਰੇਖਾ ਦੇ ਅੰਤਰਗਤ ਸਰਕਾਰੀ ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖ-ਰੇਖ ਵਿੱਚ ਥੈਲੇਸੀਮੀਆ ਬਿਮਾਰੀ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਦੱਸਿਆ ਕਿ ਥੈਲੇਸੀਮੀਆ ਵਿਚ ਥੈਲੇਸ ਗਰੀਕ ਲ਼ਫ਼ਜ਼ ਹੈ, ਇਸਦਾ ਅਰਥ ਹੈ ਸਮੁੰਦਰ ਕੰਢੇ ਰਹਿਣ ਕਾਰਨ ਖ਼ੂਨ ਦੀ ਕਮੀ ਵਾਲਾ ਰੋਗ ਹੈ ਤੇ ਦੂਜਾ ਲ਼ਫ਼ਜ਼ ਅਨੇਮੀਆ ਹੈ। ਮਨੁੱਖੀ ਖ਼ੂਨ ਦੋ ਤਰ੍ਹਾਂ ਦੇ ਪ੍ਰੋਟੀਨਾਂ ਨਾਲ ਬਣਦਾ ਹੈੈ-ਐਲਫਾ ਗਲੋਬਿਨ ਤੇ ਬੀਟਾ ਗਲੋਬਿਨ। ਥੈਲੇਸੀਮੀਆ ਕਾਰਨ ਇਨ੍ਹਾਂ ਪ੍ਰੋਟੀਨਾਂ ਵਿਚ ਗਲੋਬਿਨ ਬਣਨ ਦੇ ਅਮਲ ਵਿਚ ਖ਼ਰਾਬੀ ਹੁੰਦੀ ਹੈ। ਇਸ ਕਾਰਨ ਲਾਲ ਖ਼ੂਨ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆ ਹਨ। ਖ਼ੂਨ ਦੀ ਘਾਟ ਕਾਰਨ ਪੀਡ਼ਤ ਨੂੰ ਵਾਰ ਵਾਰ ਖ਼ੂਨ ਚਡ਼੍ਹਾਉਣਾ ਪੈਂਦਾ ਹੈ। ਵਾਰ ਵਾਰ ਖ਼ੂਨ ਚਡ਼੍ਹਾਉਣ ਨਾਲ ਰੋਗੀ ਦੇ ਸਰੀਰ ਵਿਚ ਲੋਹ-ਤੱਤ ਵੱਧ ਜਾਂਦੇ ਹਨ ਜੋ ਕਿ ਦਿਲ, ਲੀਵਰ ਤੇ ਫੇਫਡ਼ਿਆਂ ਵਿਚ ਪਹੁੰਚ ਕੇ ਨੁਕਸਾਨ ਕਰਦੇ ਹਨ।
ਅਜਿਹੇ 'ਚ ਜਦੋਂ ਲੋਕਾਂ 'ਚ ਜਾਗਰੂਕਤਾ ਦੀ ਕਮੀ ਹੁੰਦੀ ਹੈ ਤਾਂ ਸਮੇਂ ਦੇ ਨਾਲ ਇਹ ਬੀਮਾਰੀ ਗੰਭੀਰ ਹੋ ਜਾਂਦੀ ਹੈ। ਇਸ ਲਈ ਡਬਲਿਊਐਚਓ ਇਸ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 8 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਥੈਲੇਸੀਮੀਆ ਦਿਵਸ ਮਨਾਉਂਦਾ ਹੈ। ਇਸ ਬਿਮਾਰੀ ਦੇ ਕਾਰਨਾਂ, ਬਚਾਅ ਅਤੇ ਇਲਾਜ਼ ਸਬੰਧੀ ਵਿਸਥਾਰ ਨਾਲ ਸਮਝਾਇਆ। ਇਸ ਬੀਮਾਰੀ ਸਬੰਧੀ ਚਰਚਿਤ ਗਲਤਫ਼ਹਿਮੀਆਂ , ਟੂਣਾ ਆਦਿ ਕਰਨਾ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਏਐਨਐਮ ਨਵਦੀਪ ਕੌਰ, ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਆਸ਼ਾ ਵਰਕਾਰ ਹਰਜਿੰਦਰ ਕੌਰ ਮਕਸੂਦਪੁਰ, ਕਮਲਾ ਰਾਣੀ, ਰਮਨ, ਦਰਸ਼ਨ ਰਾਮ, ਮਨੋਹਰ ਲਾਲ ਆਦਿ ਹਾਜ਼ਰ ਸਨ।
*ਕੈਪਸ਼ਨ: ਡਾ. ਗੁਰਤੇਜ ਸਿੰਘ ਹਾਜ਼ਰੀਨ ਨੂੰ ਜਾਣਕਾਰੀ ਦਿੰਦੇ ਹੋਏ, ਨਾਲ ਹੋਰ।*