ਨੌਜਵਾਨ ਵਰਗ ਵਾਤਾਵਰਨ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ: ਪ੍ਰਿਆ ਬਾਵਾ
19 ਫਰਵਰੀ, ਨਵਾਂਸ਼ਹਿਰ - ਐਸ.ਡੀ.ਐਸ.ਸਰਕਾਰੀ ਕਾਲਜ ਜਾਡਲਾ ਦੇ ਐਨ.ਐਸ.ਐਸ ਯੂਨਿਟ ਅਤੇ ਈਕੋ ਕਲੱਬ ਦੇ ਵਲੰਟੀਅਰਾਂ ਨੇ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਦਰਸਾਉਂਦੇ ਹੋਏ ਐਸ.ਕੇ.ਟੀ ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਦੇ ਜਨਮ ਦਿਨ ਮੌਕੇ ਕਾਲਜ ਵਿਖੇ 5 ਕਨੇਰ ਦੇ ਬੂਟੇ ਲਗਾਏ।
ਵਲੰਟੀਅਰਾਂ ਦਾ ਧੰਨਵਾਦ ਕਰਦੇ ਹੋਏ ਅੰਕੁਸ਼ ਨਿਝਾਵਨ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਨੌਜਵਾਨ ਵਾਤਾਵਰਨ ਸੰਭਾਲ ਦੇ ਇਸ ਅਹਿਮ ਮੁੱਦੇ ਵੱਲ ਧਿਆਨ ਦੇ ਰਹੇ ਹਨ। ਰੁੱਖ ਲਗਾਉਣਾ ਇੱਕ ਸਰਲ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਰਾਹੀਂ ਅਸੀਂ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਦੇ ਹਾਂ।
ਕਾਲਜ ਇੰਚਾਰਜ ਪ੍ਰਿਆ ਬਾਵਾ ਨੇ ਕਿਹਾ ਕਿ ਰੁੱਖ ਲਗਾਉਣ ਵਰਗੇ ਉਪਰਾਲੇ ਨਾ ਸਿਰਫ਼ ਵਾਤਾਵਰਨ ਨੂੰ ਬਚਾਉਣ ਵਿੱਚ ਸਹਾਈ ਹੁੰਦੇ ਹਨ, ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸੰਭਾਲ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦੇ ਹਨ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐਸ ਕੇ ਟੀ ਟੀਮ ਦੇ ਯਤਨਾਂ ਸਦਕਾ ਨੌਜਵਾਨ ਵਾਤਾਵਰਨ ਸੰਭਾਲ ਵਿੱਚ ਜੁਟ ਰਹੇ ਹਨ।