Sunday, 30 April 2023

ਸਿਵਲ ਸਰਜਨ ਡਾ. ਦਵਿੰਦਰ ਢਾਂਡਾ 33 ਸਾਲ ਬੇਦਾਗ ਤੇ ਸਮਰਪਿਤ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾਮੁਕਤ

ਡਾ. ਦਵਿੰਦਰ ਢਾਂਡਾ ਦੇ ਕਾਰਜਕਾਲ ਦੌਰਾਨ ਸਿਹਤ ਵਿਭਾਗ ਨੇ ਬੁਲੰਦੀਆਂ ਨੂੰ ਛੂਹਿਆ
- ਸੇਵਾ ਦੇ ਆਖਰੀ ਦਿਨ ਨਵੇਂ ਮਧੂਵਨ ਪਾਰਕ ਦਾ ਕੀਤਾ ਉਦਘਾਟਨ 
- ਪਠਲਾਵਾ ਪਿੰਡ ਵਿਚ ਸੂਬੇ ਦਾ ਪਹਿਲਾ ਕੋਰੋਨਾ ਕੇਸ ਸਾਹਮਣੇ ਆਉਣ ਉਪਰੰਤ ਕੋਵਿਡ ਰੋਕੂ ਗਤੀਵਿਧੀਆਂ 'ਚ ਨਿਭਾਈ ਮਹੱਤਵਪੂਰਨ ਭੂਮਿਕਾ
ਨਵਾਂਸ਼ਹਿਰ, 29 ਅਪ੍ਰੈਲ :- ਸਿਵਲ ਸਰਜਨ ਅਤੇ ਅੱਖਾਂ ਦੇ ਮਾਹਰ ਡਾ. ਦਵਿੰਦਰ ਢਾਂਡਾ 33 ਸਾਲਾਂ ਤੱਕ ਬੇਦਾਗ, ਈਮਾਨਦਾਰਾਨਾ ਅਤੇ ਸਮਰਪਿਤ ਸੇਵਾਵਾਂ ਨਿਭਾਉਣ ਤੋਂ ਬਾਅਦ ਅੱਜ ਸੇਵਾਮੁਕਤ ਹੋ ਗਏ। ਇਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਤਮਾਮ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਡਾ. ਨੀਨਾ ਸ਼ਾਂਤ ਜੋ ਕਿ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਮੈਡੀਕਲ ਅਫਸਰ ਸਪੈਸ਼ਲਿਸਟ (ਐਨੇਸਥੀਸੀਆ) ਦੇ ਅਹੁਦੇ 'ਤੇ ਤਾਇਨਾਤ ਹਨ, ਪੁੱਤਰ ਸੋਹੇਲ ਢਾਂਡਾ ਅਤੇ ਸਮਰ ਢਾਂਡਾ ਵੀ ਮੌਜੂਦ ਸਨ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਇਸ ਮੌਕੇ ਸਿਹਤ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਕਰਮਚਾਰੀਆਂ ਨੇ ਆਪੋ-ਆਪਣੀਆਂ ਤਕਰੀਰਾਂ ਵਿਚ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਕ ਅਜਿਹੀ ਬੇਦਾਗ ਸਖਸ਼ੀਅਤ ਹਨ, ਜਿਨ੍ਹਾਂ ਨੇ ਆਪਣੇ ਸਮੁੱਚੇ ਕਾਰਜਕਾਲ ਵਿਚ ਈਮਾਨਦਾਰੀ ਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ। 

ਡਾ. ਦਵਿੰਦਰ ਢਾਂਡਾ ਦਾ ਜਨਮ ਮਾਤਾ ਸਵਰਗਵਾਸੀ ਬੇਅੰਤ ਕੌਰ ਤੇ ਪਿਤਾ ਸਵਰਗਵਾਸੀ ਸਰਵਨ ਚੰਦ ਦੇ ਘਰ 10 ਅਪ੍ਰੈਲ 1965 ਵਿਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਐੱਨ.ਐੱਫ.ਐੱਲ., ਸਕੂਲ, ਨਯਾ ਨੰਗਲ ਅਤੇ ਸ਼ਿਵਾਲਿਕ ਕਾਲਜ, ਨਯਾ ਨੰਗਲ ਤੋਂ ਮੁਕੰਮਲ ਕੀਤੀ। ਡਾ. ਢਾਂਡਾ ਨੇ ਐਮ.ਬੀ.ਬੀ.ਐੱਸ. ਦੀ ਪੜ੍ਹਾਈ ਗੌਰਮਿੰਟ ਮੈਡੀਕਲ ਕਾਲਜ, ਪਟਿਆਲਾ ਤੋਂ ਕਰਨ ਉਪਰੰਤ ਸਾਲ 1991 ਵਿੱਚ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਪੀ.ਐੱਚ.ਸੀ. ਮੰਡ ਵਿਖੇ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ। ਇਸੇ ਦੌਰਾਨ ਉਨ੍ਹਾਂ ਦਾ ਤਬਾਦਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਮੁਜ਼ੱਫਰਪੁਰ ਅਧੀਨ ਸਬਸਿਡਰੀ ਹੈਲਥ ਸੈਂਟਰ ਪਿੰਡ ਅਲਾਚੌਰ ਵਿਖੇ ਹੋ ਗਿਆ। ਇੱਥੇ ਰਹਿੰਦਿਆਂ ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੇ ਸਬ ਡਿਵੀਜਨ ਹਸਪਤਾਲ ਬਲਾਚੌਰ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਪੂਰੀ ਲਗਨ ਕੰਮ ਕੀਤਾ। ਉਨ੍ਹਾਂ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਚ ਬਤੌਰ ਅੱਖਾਂ ਦੇ ਮਾਹਰ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਅੱਖਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਸਫਲ ਆਪਰੇਸ਼ਨ ਕੀਤੇ।

ਸਾਲ 2013 ਵਿਚ ਉਹ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਪਦਉੱਨਤ ਹੋਏ ਅਤੇ ਸੀ.ਐੱਚ.ਸੀ. ਸੁਜਾਨਪੁਰ (ਪਠਾਨਕੋਟ) ਵਿਖੇ ਸਿਹਤ ਸੇਵਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ। ਇਸੇ ਦੌਰਾਨ ਸਾਲ 2016 ਵਿਚ ਉਨ੍ਹਾਂ ਦੀ ਬਦਲੀ ਬਤੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਜੋਂ ਨਵਾਂਸ਼ਹਿਰ ਵਿਖੇ ਹੋ ਗਈ। ਉਨ੍ਹਾਂ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਅਹੁਦੇ 'ਤੇ ਪੰਜ ਸਾਲ ਤੱਕ ਬਿਹਤਰੀਨ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਸਾਲ 2020-21 ਦੌਰਾਨ ਜ਼ਿਲ੍ਹੇ ਵਿੱਚ ਕੋਰੋਨਾ ਦੀ ਰੋਕਥਾਮ ਲਈ ਸਾਵਧਾਨੀਆਂ ਦੀ ਪਾਲਣਾ ਕਰਵਾਉਣ, ਕੰਟੋਨਮੈਂਟ ਜੋਨ ਬਣਵਾਉਣ, ਟੈਸਟਿੰਗ ਅਤੇ ਕੋਵਿਡ ਰੋਕੂ ਟੀਕਾਕਰਨ ਵਿਚ ਅਹਿਮ ਭੂਮਿਕਾ ਨਿਭਾਈ। 01 ਅਪ੍ਰੈਲ 2021 ਨੂੰ ਉਹ ਬਤੌਰ ਸਿਵਲ ਸਰਜਨ ਪਦਉੱਨਤ ਹੋ ਕੇ ਰੂਪਨਗਰ ਨਿਯੁਕਤ ਹੋਏ ਤੇ ਕੁਝ ਸਮਾਂ ਰੂਪਨਗਰ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਜੁਲਾਈ 2021 ਵਿਚ ਉਨ੍ਹਾਂ ਦਾ ਤਬਾਦਲਾ ਫਾਜ਼ਿਲਕਾ ਵਿਖੇ ਹੋ ਗਿਆ। ਇਸੇ ਦੌਰਾਨ ਜਨਵਰੀ 2022 ਨੂੰ ਉਨ੍ਹਾਂ ਦਾ ਤਬਾਦਲਾ ਮੁੜ ਨਵਾਂਸ਼ਹਿਰ ਵਿਖੇ ਹੋ ਗਿਆ, ਜਿੱਥੇ ਉਨ੍ਹਾਂ ਨੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ।

ਡਾ. ਢਾਂਡਾ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਵੱਡੀਆਂ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਨੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

ਉਨ੍ਹਾਂ ਦੇ ਸਮੁੱਚੇ ਕਾਰਜਕਾਲ ਦੌਰਾਨ ਨਵਾਂਸ਼ਹਿਰ ਨੇ ਲਿੰਗ ਅਨੁਪਾਤ ’ਚ ਪੰਜਾਬ ਦੇ ਮਾਡਲ ਜ਼ਿਲ੍ਹੇ ਵਜੋਂ ਉੱਭਰਦੇ ਹੋਏ "ਧੀਆਂ ਦੇ ਰਾਖੇ" ਹੋਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਹੈ। ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚ ਨਵਾਂਸ਼ਹਿਰ ਪੂਰੇ ਪੰਜਾਬ ਵਿੱਚ ਅੱਵਲ ਰਿਹਾ ਹੈ। ਇਹੀ ਨਹੀਂ, ਭਾਰਤ ਸਰਕਾਰ ਨੇ ਤਪਦਿਕ (ਟੀਬੀ) ਦੇ ਕੇਸਾਂ ਨੂੰ ਵੀਹ ਫੀਸਦ ਘਟਾਉਣ ਦੀ ਦਿਸ਼ਾ ਵਿੱਚ ਬੇਮਿਸਾਲ ਕੰਮ ਕਰਨ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ "ਬ੍ਰਾਂਜ ਕੈਟਾਗਰੀ ਸਰਟੀਫਿਕੇਸ਼ਨ" ਤੇ ਸਨਮਾਨ ਚਿੰਨ੍ਹ ਨਾਲ ਨਵਾਜਿਆ। ਬਿਹਤਰ ਸਿਹਤ ਸੰਭਾਲ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ "ਕਾਇਆ ਕਲਪ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਿਵਲ ਹਸਪਤਾਲ, ਨਵਾਂਸ਼ਹਿਰ ਨੂੰ ਬਿਹਤਰ, ਮਿਆਰੀ ਤੇ ਸੁਰੱਖਿਅਤ ਸਿਹਤ ਸੇਵਾਵਾਂ ਦੇਣ ਲਈ ‘ਕੁਆਲਿਟੀ ਪ੍ਰਮਾਣ ਪੱਤਰ’ ਦੇ ਕੇ ਵੀ ਨਵਾਜਿਆ ਹੈ। ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਸੂਬੇ ਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਨਵਾਂਸ਼ਹਿਰ ਜ਼ਿਲ੍ਹੇ ਨੇ ਹੈਪੇਟਾਈਟਸ-ਸੀ ਦੀ ਸਕਰੀਨਿੰਗ 'ਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਨਵਾਂਸ਼ਹਿਰ ਦੇ ਸਰਕਾਰੀ ਡੈਂਟਲ ਡਾਕਟਰਾਂ ਦੀ ਕਾਰਗੁਜ਼ਾਰੀ ਵੀ ਪੂਰੇ ਸੂਬੇ ਵਿਚ ਸਰਬਉੱਤਮ ਰਹੀ ਹੈ। ਸਿਵਲ ਸਰਜਨ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਦੇ ਚੱਲਦਿਆਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਅਤਿ ਆਧੁਨਿਕ ਸੀ.ਟੀ. ਸਕੈਨ ਮਸ਼ੀਨ ਸਥਾਪਿਤ ਕਰਵਾਈ। ਇਸ ਸੀ.ਟੀ. ਸਕੈਨ ਮਸ਼ੀਨ ਦੇ ਸਥਾਪਿਤ ਹੋਣ ਨਾਲ ਲੋੜਵੰਦ ਮਰੀਜ਼ਾਂ ਨੂੰ ਵੱਡਾ ਲਾਭ ਹੋਇਆ, ਜਿੱਥੇ ਸੀ.ਟੀ. ਸਕੈਨ ਦੇ ਬਾਜ਼ਾਰ ਵਿੱਚ ਨਿੱਜੀ ਸੈਂਟਰਾਂ ਦੇ ਰੇਟਾਂ ਨਾਲੋਂ 60 ਤੋਂ 70 ਫੀਸਦੀ ਘੱਟ ਰੇਟ ਹਨ।

ਉਨ੍ਹਾਂ ਨੇ ਸਿਵਲ ਸਰਜਨ ਦਫਤਰ ਵਿਖੇ ਨਸ਼ਾ ਛੁਡਾਊ ਕੇਂਦਰ ਨੂੰ ਸ਼ੁਰੂ ਕਰਵਾਇਆ ਅਤੇ ਬੈੱਡਾਂ ਦੀ ਸਮਰੱਥਾ ਨੂੰ 10 ਤੋਂ ਵਧਾ ਕੇ 25 ਕਰਨ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ। ਉਨ੍ਹਾਂ ਸਿਹਤ ਸਵੈ-ਸੰਭਾਲ ਲਈ ਹੋਰ ਕਾਰਗਰ ਕਦਮਾਂ ਨੂੰ ਉਠਾਉਂਦੇ ਹੋਏ ਸੰਪੂਰਨ ਸਿਹਤ ਦੇਖਰੇਖ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਪ੍ਰਾਈਮਰੀ ਸਿਹਤ ਕੇਂਦਰ ਸੁੱਜੋਂ ਵਿਖੇ ਪੰਜਾਬ ਦਾ ਪਹਿਲਾ ਗਾਰਡਨ ਆਫ ਵੈੱਲਨੈੱਸ ਸਥਾਪਤ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ, ਜਿੱਥੇ ਕੰਮ ਸ਼ੁਰੂ ਹੋ ਚੁੱਕਾ ਹੈ। ਡਾ. ਢਾਂਡਾ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦਰਜਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਲੋਕਾਂ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਦੇਖਦੇ ਹੋਏ ਇਸ ਮੁੱਦੇ ਨੂੰ ਮਾਣਯੋਗ ਸਿਹਤ ਮੰਤਰੀ ਜੀ ਦੇ ਧਿਆਨ ਵਿਚ ਲਿਆਂਦਾ।

ਆਪਣੇ ਕਾਰਜਕਾਲ ਦੇ ਆਖਰੀ ਦਿਨ ਵੀ ਆਪਣੇ ਦਫਤਰ ਵਿਚ ਡਾ. ਢਾਂਡਾ ਤਨਦੇਹੀ ਅਤੇ ਗਰਮਜੋਸ਼ੀ ਨਾਲ ਕੰਮ ਕਰਦੇ ਨਜ਼ਰ ਆਏ। ਉਨ੍ਹਾਂ ਅੱਜ ਸਿਵਲ ਸਰਜਨ ਦਫਤਰ ਵਿੱਚ ਨਵੇਂ ਬਣਾਏ ਗਏ ਮਧੂਵਨ ਪਾਰਕ ਦਾ ਰਿਬਨ ਕੱਟ ਕੇ ਲੋਕ ਅਰਪਣ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਜਿੱਥੇ ਆਪਣੇ 33 ਸਾਲ ਦੀਆਂ ਸਰਕਾਰੀ ਸੇਵਾਵਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਆਪਣੇ ਅਣਥੱਕ ਯਤਨਾਂ ਅਤੇ ਸਮਰਪਿਤ ਸੇਵਾਵਾਂ ਨਾਲ ਨਵਾਂਸ਼ਹਿਰ ਨੂੰ ਸਿਹਤ ਸੇਵਾਵਾਂ ਵਿੱਚ ਸਿਖਰਾਂ 'ਤੇ ਲਿਜਾਣ ਲਈ ਸਿਹਤ ਵਿਭਾਗ ਦੇ ਸਮੁੱਚੇ ਸਟਾਫ ਦਾ ਸ਼ੁੱਕਰੀਆ ਅਦਾ ਕੀਤਾ। ਉਨ੍ਹਾਂ ਕੋਰੋਨਾ ਦੇ ਸ਼ੁਰੂਆਤੀ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਪਠਲਾਵਾ ਪਿੰਡ ਵਿਚ ਸੂਬੇ ਦਾ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਨਾਲ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕੀਤਾ, ਉਹ ਸ਼ਲਾਘਾਯੋਗ ਹੈ ਅਤੇ ਜ਼ਿਲ੍ਹੇ ਦੀ ਇਸ ਸਫਲ ਕਹਾਣੀ ਨੂੰ ਪੂਰਾ ਦੇਸ਼ ਜਾਣਦਾ ਹੈ। ਅੰਤ ਵਿਚ ਉਨ੍ਹਾਂ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਦਿਵਾਇਆ ਲਈ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਜ਼ਿੰਦਗੀ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ ਤਾਂ ਸਖ਼ਤ ਮਿਹਨਤ ਅਤੇ ਇਮਾਨਦਾਰੀ ਦਾ ਕਦੇ ਵੀ ਪੱਲਾ ਨਾ ਛੱਡਣ। ਇਕ ਦਿਨ ਪ੍ਰਮਾਤਮਾ ਤੁਹਾਨੂੰ ਖੁਦ ਕਾਮਯਾਬੀ ਦੀਆਂ ਸਿਖਰਾਂ ’ਤੇ ਪਹੁੰਚਾਏਗਾ। 

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਕਾਰਜਕਾਰੀ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਵਿੰਦਰ ਮਾਨ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਰਵਿੰਦਰ ਸਿੰਘ, ਡਾ. ਨਿਰੰਜਨ ਪਾਲ, ਗੁਰਿੰਦਰਜੀਤ ਸਿੰਘ, ਡਾ. ਸਤਵਿੰਦਰਪਾਲ ਸਿੰਘ ਸਮੇਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸ਼ਿਆਮਾਵੇਦਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਮ ਸਿੰਘ, ਪੀਏ ਅਜੇ ਕੁਮਾਰ, ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ, ਸੀਨੀਅਰ ਸਹਾਇਕ ਗੁਰਪ੍ਰੀਤ ਸਿੰਘ ਜਤਿੰਦਰ ਕੌਰ, ਪੂਨਮ, ਚੀਫ ਫਾਰਮੇਸੀ ਅਫ਼ਸਰ ਨਿਰਮਲ ਸਿੰਘ, ਫਾਰਮੇਸੀ ਅਫ਼ਸਰ ਸ਼ਿਵਿਕਾ, ਨੇਹਾ, ਅਕਾਊਂਟ ਅਫਸਰ ਦੀਪਕ ਵਰਮਾ, ਡੀਈਓ ਸੁਨੀਤਾ ਰਾਣੀ, ਸਾਹਿਲ ਸੈਣੀ,  ਹੈਲਥ ਇੰਸਪੈਕਟਰ ਸੁਰਿੰਦਰ ਸਿੰਘ, ਰਾਜੀਵ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਰਮਨਦੀਪ ਕੌਰ, ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME