ਨਵਾਂਸ਼ਹਿਰ, 18 ਅਪਰੈਲ :- ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਰਾਹੋਂ ਦੇ ਸੇਵਾ ਕੇਂਦਰ ਦਾ ਦੌਰਾ ਕਰਕੇ ਉੱਥੇ ਸੇਵਾਵਾਂ ਹਾਸਲ ਕਰਨ ਆਏ ਲੋਕਾਂ ਦਾ ਫੀਡਬੈਕ ਲਿਆ। ਉਨ੍ਹਾਂ ਨੇ ਇਸ ਮੌਕੇ ਸੇਵਾ ਕੇਂਦਰ ’ਚ ਸੇਵਾਵਾਂ ਦੇ ਰਹੇ ਅਪਰੇਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਆਪੋ-ਆਪਣੀ ਖਿੜਕੀ (ਵਿੰਡੋ) ’ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਤਫ਼ਸੀਲ ’ਚ ਜਾਣਕਾਰੀ ਲਈ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੇਵਾ ਲੈਣ ਆਏ ਬਿਨੇਕਾਰਾਂ ’ਚ ਜ਼ਿਆਦਾ ਲੋਕ ਆਧਾਰ ਕਾਰਡ ਸੇਵਾਵਾਂ ਨਾਲ ਸਬੰਧਤ ਹੋਣ ’ਤੇ ਸੇਵਾ ਕੇਂਦਰਾਂ ਦੇ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਅਤੇ ਸਹਾਇਕ ਜ਼ਿਲ੍ਹਾ ਤਕਨੀਕੀ ਮੈਨੇਜਰ ਸੁਖਵਿੰਦਰ ਕੁਮਾਰ ਨੂੰ ਪ੍ਰਸ਼ਾਸਕੀ ਵਿਭਾਗ ਨਾਲ ਤਾਲਮੇਲ ਕਰਕੇ, ਜ਼ਿਲ੍ਹੇ ਦੇ ਅਜਿਹੇ ਸੇਵਾ ਕੇਂਦਰਾਂ ਜਿੱਥੇ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਵਾਲੇ ਲੋਕ ਜ਼ਿਆਦਾ ਆਉਂਦੇ ਹਨ, ਵਿਖੇ ਇੱਕ -ਇੱਕ ਹੋਰ ਮਸ਼ੀਨ ਦਾ ਪ੍ਰਬੰਧ ਕਰਨ ਲਈ ਆਖਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 17 ਸੇਵਾ ਕੇਂਦਰ ਕਾਰਜਸ਼ੀਲ ਹਨ ਜਿੱਥੇ ਕੁੱਲ 425 ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ 320 ਸੇਵਾਵਾਂ ਆਨਲਾਈਨ ਹਨ ਜਦਕਿ 105 ਸੇਵਾਵਾਂ ਆਫ਼ਲਾਈਨ ਮਾਧਿਅਮ ਰਾਹੀਂ ਹਨ।
ਉਨ੍ਹਾਂ ਇਸ ਮੌਕੇ ਉੱਥੇ ਮੌਜੂਦ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਅਤੇ ਸਹਾਇਕ ਜ਼ਿਲ੍ਹਾ ਤਕਨੀਕੀ ਮੈਨੇਜਰ ਸੁਖਵਿੰਦਰ ਕੁਮਾਰ ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਆਉਣ ਵਾਲੇ ਲੋਕਾਂ ਲਈ ਲੋੜੀਂਦੇ ਬੈਠਣ ਦੇ ਪ੍ਰਬੰਧ ਵੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਾਰਨ ਲੋਕਾਂ ਨੂੰ ਕੁੱਝ ਮੁਢਲੀਆਂ ਸਹੂਲਤਾਂ ਦੇਣਾ ਸਾਡਾ ਫ਼ਰਜ਼ ਹੈ।
ਫ਼ੋਟੋ ਕੈਪਸ਼ਨ:
ਏ ਡੀ ਸੀ (ਜ) ਰਾਜੀਵ ਵਰਮਾ ਰਾਹੋਂ ਦੇ ਸੇਵਾ ਕੇਂਦਰ ਦੇ ਦੌਰੇ ਮੌਕੇ ਦਿਖਾਈ ਦੇ ਰਹੇ ਹਨ।