ਨਵਾਂਸ਼ਹਿਰ, 5 ਜੁਲਾਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੀ ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਫੈਸਲੇ ਲਏ ਗਏ।
ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਰੋਗੀ ਕਲਿਆਣ ਸਮਿਤੀ ਸਿਵਲ ਹਸਪਤਾਲ, ਨਵਾਂਸ਼ਹਿਰ ਦੀ ਬਿਹਤਰੀ ਅਤੇ ਆਮ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮੈਡੀਕਲ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਿਹਤ ਸਹੂਲਤਾਂ ਦਾ ਲਾਭ ਲੈਣ ਸਮੇਂ ਖੱਜਲ-ਖੁਆਰ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਰੋਗੀ ਕਲਿਆਣ ਸਮਿਤੀ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਲਈ ਪ੍ਰਾਪਤ ਫੰਡਾਂ ਨੂੰ ਸਿਰਫ਼ ਲੋੜਵੰਦ ਮਰੀਜ਼ਾਂ ਦੀ ਭਲਾਈ ਲਈ ਹੀ ਖਰਚ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ-ਕਮ-ਮੈਂਬਰ ਸੈਕਰੇਟਰੀ ਡਾ. ਸਤਵਿੰਦਰਪਾਲ ਸਿੰਘ ਨੇ ਰੋਗੀ ਕਲਿਆਣ ਸਮਿਤੀ ਦੀ ਗਵਰਨਿੰਗ ਬਾਡੀ ਅੱਗੇ ਸਿਵਲ ਹਸਪਤਾਲ, ਨਵਾਂਸ਼ਹਿਰ ਦੀ ਬਿਹਤਰੀ ਲਈ ਜ਼ਰੂਰੀ ਕੰਮਾਂ ਅਤੇ ਮੈਡੀਕਲ ਸਾਜੋ-ਸਮਾਨ ਖਰੀਦਣ ਲਈ ਵੱਖ-ਵੱਖ ਮਤਿਆਂ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਮਨਜੂਰੀ ਦੇ ਦਿੱਤੀ ਗਈ।
ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕਾਇਆਕਲਪ ਐਵਾਰਡ ਦੀ ਰਾਸ਼ੀ ਪ੍ਰਾਪਤ ਹੋਈ ਸੀ, ਜਿਸ ਨੂੰ ਹਸਪਤਾਲ ਦੀ ਬਿਹਤਰੀ ਅਤੇ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਖਰਚਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਰੋਗੀ ਕਲਿਆਣ ਸਮਿਤੀ ਨੇ ਹਸਪਤਾਲ ਦੇ ਸਾਰੇ ਮਤਿਆਂ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਤਿਆਂ ਅਧੀਨ ਕੀਤੇ ਜਾਣ ਵਾਲੇ ਕੰਮਾਂ ’ਤੇ ਤਕਰੀਬਨ 3 ਲੱਖ 63 ਹਜ਼ਾਰ 900 ਰੁਪਏ ਖਰਚਾ ਆਉਣ ਦਾ ਅਨੁਮਾਨ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਡਾ ਗੁਰਪਾਲ ਕਟਾਰੀਆ, ਡਾ ਨੀਨਾ ਸ਼ਾਂਤ, ਡਾ ਨਵਰੀਤ ਕੌਰ, ਡਾ ਬਰਿੰਦਰਪਾਲ, ਡਾ ਪਰਮਿੰਦਰ ਸਿੰਘ, ਡਾ ਅਮਿਤ ਕੁਮਾਰ, ਨਰਸਿੰਗ ਸਿਸਟਰ ਸਤਵਿੰਦਰਪਾਲ ਕੌਰ, ਏ ਐੱਚ ਏ ਪੂਜਾ, ਦੋਆਬਾ ਸੇਵਾ ਸਮਿੱਤੀ ਦੇ ਜਨਰਲ ਸਕੱਤਰ ਰਤਨ ਜੈਨ ਸਮੇਤ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੀ ਰੋਗੀ ਕਲਿਆਣ ਸਮਿਤੀ ਦੇ ਸਾਰੇ ਮੈਂਬਰ ਮੌਜੂਦ ਸਨ।