ਬੰਗਾ, 2 ਅਕਤੂਬਰ: ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖਰੇਖ ਹੇਠ ਆਯੂਸ਼ਮਾਨ ਭਵ: ਨੂੰ ਸਮਰਪਿਤ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਾਜਵਿੰਦਰ ਕੌਰ ਸਰਪੰਚ ਪਿੰਡ ਮਕਸੂਦਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਦੇ ਨਾਲ ਪਿੰਡ ਦੀ ਸਾਰੀ ਪੰਚਾਇਤ ਪੰਚ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਹਾਜ਼ਰ ਰਹੀ। ਇਸ ਸਭਾ ਦੌਰਾਨ ਪਿੰਡ ਦੀ ਸੈਨੀਟੇਸ਼ਨ ਅਤੇ ਖੁਰਾਕ ਸਮਿਤੀ ਦੀ ਕਾਰਗੁਜ਼ਾਰੀ ਅਤੇ ਸੰਭਾਵਿਤ ਚੁਣੌਤੀਆਂ 'ਤੇ ਚਰਚਾ ਕੀਤੀ ਗਈ। ਪਿੰਡ ਦੇ ਆਲੇ-ਦੁਆਲੇ ਦੀ ਸਫ਼ਾਈ ਦੇ ਨਾਲ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਸੰਤੁਲਿਤ ਖ਼ੁਰਾਕ ਬਾਰੇ ਹਾਜ਼ਰੀਨ ਨੂੰ ਸਮਝਾਇਆ ਗਿਆ। ਸਰਪੰਚ ਰਾਜਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸਿਹਤਮੰਦ ਮਾਂ ਤੇ ਬੱਚਾ ਸਮਾਜ ਦਾ ਭਵਿੱਖ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਬੇਹੱਦ ਜ਼ਰੂਰੀ ਹੈ।ਇਸ ਦੌਰਾਨ ਲੋਕਾਂ ਦੀ ਆਭਾ ਆਈਡੀ ਤੇ ਆਯੂਸ਼ਮਾਨ ਕਾਰਡ ਬਣਾਏ ਗਏ। ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਉਕਤ ਕਾਰਡਾਂ ਦੇ ਸਬੰਧ ਵਿੱਚ ਦੱਸਿਆ ਕਿ ਡਿਜੀਟਲ ਜ਼ਮਾਨੇ ਵਿੱਚ ਇਹ ਕਾਰਡ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਸਮਰੱਥ ਹਨ। ਆਯੂਸ਼ਮਾਨ ਕਾਰਡ ਇਕ ਤਰ੍ਹਾਂ ਦਾ ਸਿਹਤ ਬੀਮਾ ਹੈ ਜਿਸ 'ਤੇ ਪੰਜ ਲੱਖ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਤੋਂ ਇਲਾਵਾ ਜਨਰਲ ਚੈੱਕਅਪ ਦੇ ਨਾਲ ਗ਼ੈਰ ਸੰਚਾਰੀ ਬੀਮਾਰੀਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਬਲੱਡ ਪੈ੍ਸ਼ਰ, ਸ਼ੂਗਰ, ਗਲੇ ਅਤੇ ਬੱਚੇਦਾਨੀ ਆਦਿ ਦੇ ਕੈਂਸਰ ਸਬੰਧੀ ਵਿਸਥਾਰ ਨਾਲ ਲੋਕਾਂ ਨੂੰ ਸਮਝਾਇਆ ਗਿਆ। ਇਸ ਮੌਕੇ ਰਾਜਵਿੰਦਰ ਕੌਰ ਸਰਪੰਚ ਮਕਸੂਦਪੁਰ, ਪਰਮਿੰਦਰ ਸਿੰਘ ਪੰਚ ਮਕਸੂਦਪੁਰ, ਬਲਵੀਰ ਚੰਦ ਸਰਪੰਚ ਪਿੰਡ ਬਲਾਕੀਪੁਰ, ਸਤਪਾਲ ਪੰਚ ਸੂੰਢ, ਦਰਬਾਰਾ ਸਿੰਘ ਕੰਗਰੌੜ, ਆਸ਼ਾ ਵਰਕਰ ਹਰਜਿੰਦਰ ਕੌਰ, ਰੇਨੂੰ ਬਾਲਾ, ਸੁਮਨ ਦੇਵੀ ਆਦਿ ਹਾਜ਼ਰ ਸਨ।
ਕੈਪਸ਼ਨ: ਗਾ੍ਮ ਸਭਾ ਦੌਰਾਨ ਹਾਜ਼ਰ ਡਾ. ਗੁਰਤੇਜ ਸਿੰਘ ਤੇ ਹੋਰ ਪਤਵੰਤੇ।