ਕੁਲਵਿੰਦਰ ਸਿੰਘ ਢਾਹਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਨਵਾਂਸ਼ਹਿਰ 16 ਅਗਸਤ (ਬਿਊਰੋ ਚੀਫ਼) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕੀ ਪਿੰਡ ਬਰਨਾਲਾ ਕਲਾਂ ਵਿਖੇ ਚੱਲ ਰਹੇ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਵੱਲੋਂ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਲੋੜਮੰਦਾਂ ਲਈ ਸਿਹਤ ਤੇ ਸਿੱਖਿਆ ਸੇਵਾਵਾਂ ਆਦਿ ਨਿਵਾਈਆਂ ਜਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਅੱਜ ਇਕ ਸਾਦੇ ਤੇ ਰਸਮੀ ਸਮਾਗਮ ਦੌਰਾਨ ਪਿੰਡ ਦੇ ਗੁਰਦੁਆਰਾ ਸਾਧ ਸੰਗਤ ਵਿਖੇ ਸਿਲਾਈ ਟ੍ਰੇਨਰ ਪਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੇ ਇੱਕ ਸਾਲ ਤੋਂ ਸਿਲਾਈ ਸਿਖਲਾਈ ਕੇਂਦਰ ਵਿੱਚ ਸਿੱਖਿਆ ਪ੍ਰਾਪਤ ਕਰ ਚੁੱਕੀਆਂ 8 ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੁਲਵਿੰਦਰ ਸਿੰਘ ਢਾਹਾਂ ਨੇ ਸਿੱਖਿਆ ਪ੍ਰਾਪਤ ਕੀਤੀਆਂ ਬੱਚੀਆਂ ਨੂੰ 8 ਸਿਲਾਈ ਮਸ਼ੀਨਾਂ ਦੇ ਨਾਲ ਸਰਟੀਫਿਕੇਟ ਵੰਡੇ ਅਤੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਲੜਕੀਆਂ ਦਾ ਅਜੋਕੇ ਵਿੱਚ ਸਵੈ ਨਿਰਭਰ ਹੋਣਾ ਜਰੂਰੀ ਹੈ। ਇਸ ਲਈ ਸਾਨੂੰ ਸਵੈ ਰੁਜ਼ਗਾਰ ਅਪਣਾਉਣ ਚਾਹੀਦਾ ਹੈ। ਇਸ ਮੌਕੇ ਉਹਨਾਂ ਨੇ ਢਾਹਾਂ ਕਲੇਰਾਂ ਵਿਖੇ ਚਲਦੀਆਂ ਮੈਡੀਕਲ ਅਤੇ ਵਿਦਿਅਕ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਟਰੱਸਟ ਦੇ ਚੇਅਰਮੈਨ ਹਰਪ੍ਰਭ ਮਹਿਲ ਸਿੰਘ ਨੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਨੂੰ ਜੀ ਆਇਆ ਆਖਿਆ ਤੇ ਭਗਤ ਪੂਰਨ ਸਿੰਘ ਲੋਕ ਸਭਾ ਟਰਸੱਟ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦਰਸ਼ਕਾਂ ਅਤੇ ਮਹਿਮਾਨਾਂ ਨਾਲ ਵਿਸਥਾਰ ਪੂਰਵਕ ਸਾਂਝ ਪਾਈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਗਰੀਬਾਂ ਅਤੇ ਲੋੜਮੰਦਾਂ ਲਈ ਹਮੇਸ਼ਾ ਸਿਹਤ, ਸਿੱਖਿਆ ਅਤੇ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਤਤਪਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੜਕ ਸੁਰੱਖਿਆ ਜਾਗਰੂਕਤਾ ਦੇ ਮੀਤ ਪ੍ਰਧਾਨ ਵਜੋਂ ਲੋਕਾਂ ਨੂੰ ਸੜ੍ਹਕੀ ਨਿਯਮਾਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਕਿ ਸਾਨੂੰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਬੜੀ ਗੰਭੀਰਤਾ ਨਾਲ ਅਪਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਦੁਰਘਟਨਾ ਵਾਪਰਨ ਨਾਲ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਪਿੰਡ ਬਰਨਾਲਾ ਨੂੰ ਸੜਕ ਸੁਰੱਖਿਆ ਜਾਗਰੂਕਤਾ ਅਧੀਨ ਬਣੇ ਰੋਲ ਮਾਡਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਦੇ ਮੈਂਬਰ ਜਸਪਾਲ ਸਿੰਘ ਗਿੱਦਾ ਸੇਵਾ ਮੁਕਤ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਨਵਾਂਸ਼ਹਿਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੀਵਨ ਵਿੱਚ ਸੜਕ ਸੁਰੱਖਿਆ ਦੀ ਪਾਲਣਾ ਕਰਨੀ ਬੇਹੱਦ ਜਰੂਰੀ ਹੈ। ਉਨ੍ਹਾਂ ਵਿਦੇਸ਼ਾਂ ਦੇ ਵਿਚ ਲਾਗੂ ਹੋਏ ਟ੍ਰੈਫਿਕ ਨਿਯਮਾਂ ਦਾ ਹਵਾਲਾ ਦੇ ਕੇ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਦੇ ਮੈਂਬਰ ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸੜਕ ਸੁਰੱਖਿਆ ਜਾਗਰੂਕਤਾ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਕਿਸੇ ਸਖਤੀ ਜਾਂ ਜੁਰਮਾਨੇ ਦੀ ਉਡੀਕ ਨਾ ਕਰਕੇ ਆਪਣਾ ਇਖ਼ਲਾਕੀ ਫ਼ਰਜ਼ ਨਿਭਾਉਂਦੇ ਹੋਏ ਸੜਕ ਸੁਰੱਖਿਆ ਨਿਯਮਾਂ ਦੀ ਕਾਨੂੰਨ ਅਨੁਸਾਰ ਪਾਲਣਾ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਲਈ ਵਧੀਆ ਨਾਗਰਿਕ ਵਜੋਂ ਸਾਹਮਣੇ ਆ ਸਕੀਏ। ਟਰੱਸਟ ਵੱਲੋਂ ਮੁੱਖ ਮਹਿਮਾਨ ਸ ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਟਰੱਸਟ ਦੇ ਮੈਂਬਰ ਮਹਿੰਦਰ ਸਿੰਘ,ਚੈਨ ਸਿੰਘ, ਸਤਸਰੂਪ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ ਸੁੱਖਾ, ਨਿਰਮਲ ਸਿੰਘ, ਜਰਨੈਲ ਸਿੰਘ, ਸਰਵਨ ਸਿੰਘ, ਰੁਪਿੰਦਰ ਸਿੰਘ ਸੰਧੂ, ਹਰਸ਼ ਪੰਡਿਤ ਆਦਿ ਤੋਂ ਇਲਾਵਾ ਪਿੰਡ ਦੇ ਵਸਨੀਕ ਹਾਜ਼ਰ ਸਨ। ਅਖੀਰ ਵਿੱਚ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਅਤੇ ਸੰਗਤ ਲਈ ਚਾਹ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।