Sunday, 17 August 2025

ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਸੰਗਰਾਂਦ ਮਨਾਈ


ਨਵਾਂਸ਼ਹਿਰ 17 ਅਗਸਤ - ਰੇਲਵੇ ਰੋਡ ਤੇ ਸਥਿਤ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਰੈਡ ਕਰਾਸ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਵਿਖੇ ਹਰ ਮਹੀਨੇ ਦੀ ਤਰ੍ਹਾਂ ਰਵਾਇਤ ਨੂੰ ਕਾਇਮ ਰੱਖਦਿਆਂ ਭਾਦਰੋਂ ਮਹੀਨੇ ਦੀ ਸੰਗਰਾਂਦ ਦਾ ਇੱਕ ਰਸਮੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਭਾਈ ਮਨਜੀਤ ਸਿੰਘ ਨੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਚੋਂ ਬਾਰਾਂ ਮਾਹ ਦਾ ਪਾਠ ਸਰਵਣ ਕਰਵਾਇਆ ਤੇ ਭਾਦਰੋਂ ਮਹੀਨੇ ਦੀ ਵਿਆਖਿਆ ਕਰਕੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਸਮਾਪਤੀ ਤੇ ਅਨੰਦ ਸਾਹਿਬ ਦੇ ਪਾਠ ਉਪਰੰਤ ਭਾਈ ਮਨਜੀਤ ਸਿੰਘ ਨੇ ਸੰਸਥਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਤੇ ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਹਾਜ਼ਰ ਪਤਵੰਤਿਆਂ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਸੰਸਥਾ ਵਿੱਚ ਭਰਤੀ ਨੌਜਵਾਨ ਮਰੀਜਾਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਰਹਿ ਕੇ ਨਰੋਈ ਕਸਰਤ ਕਰਨ ਦੇ ਨਾਲ ਨਾਲ ਸਾਦਾ ਭੋਜਨ ਲੈ ਕੇ ਵਧੀਆ ਜੀਵਨ ਬਸਰ ਕਰਨ ਦੀ ਗੱਲ ਕਹੀ।ਡਾਕਟਰ ਚਮਨ ਸਿੰਘ ਨੇ ਚਿੰਤਾ ਜਾਹਿਰ ਕਰਦਿਆਂ ਦੱਸਿਆ ਕਿ ਅਜੋਕੇ ਵਿੱਚ ਨੌਜਵਾਨ ਮਾਨਸਿਕ ਪ੍ਰੇਸ਼ਾਨੀ ਵਿੱਚ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਧਸ ਰਿਹਾ ਹੈ, ਜੋ ਕਿ ਬਹੁਤ ਹੀ ਗੰਭੀਰ ਮਸਲਾ ਹੈ ਉਨ੍ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਹਿੱਸਾ ਬਣਨ ਦੀ ਗੱਲ ਕਹੀ। ਇਸ ਮੌਕੇ ਤੇ ਹਾਜ਼ਰ ਪਤਵੰਤਿਆਂ ਵਿੱਚੋਂ ਸੇਵਾ ਮੁਕਤ ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਅਤੇ ਸਮਾਜ ਸੇਵੀ ਰਤਨ ਜੈਨ ਵੱਲੋਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਸਾਦਾ ਜੀਵਨ ਬਸਰ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ, ਸਮਾਜ, ਸੂਬੇ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਨੇ ਦਿਲ ਟੁੰਬਣ ਵਾਲੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਾ ਇਕ ਜਹਿਰ ਹੈ ਜੋ ਕਿ ਜੀਵਨ ਦਾ ਅੰਤ ਹੈ ਇਸ ਲਈ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਭੋਜਨ ਕਰਨ ਦੇ ਨਾਲ ਨਾਲ ਰਿਸ਼ਟ ਪੁਸ਼ਟ ਰਹਿਣ ਲਈ ਨਰੋਈ ਕਸਰਤ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਸਮਾਜ ਅਤੇ ਦੇਸ਼ ਅੱਗੇ ਵਧ ਸਕਦਾ ਹੈ।।ਅੱਜ ਦੇ ਇਸ ਪ੍ਰੋਗਰਾਮ ਵਿੱਚ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ,ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ,ਸਮਾਜ ਸੇਵੀ ਰਤਨ ਜੈਨ, ਹਰਭਜਨ ਸਿੰਘ ਹੀਰ,ਗ੍ਰੰਥੀ ਸਿੰਘ ਭਾਈ ਮਨਜੀਤ ਸਿੰਘ, ਬਲਜੀਤ ਕੁਮਾਰ, ਕਮਲਜੀਤ ਕੌਰ ਕਾਉਂਸਲਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ, ਸੰਸਥਾ ਵਿੱਚ ਇਲਾਜ ਅਧੀਨ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME