ਔਡ਼, 6 ਨਵੰਬਰ :- ਨਵਜੋਤ ਸਾਹਿਤ ਸੰਸਥ ਔਡ਼ ਦਾ 41ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਖਾਲਸਾ ਸਕੂਲ ਦੇ ਵਿਹਡ਼ੇ ਕਰਵਾਏ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਨੇ ਸਵਾਗਤੀ ਸ਼ਬਦ ਬੋਲਦਿਆਂ ਸੰਸਥਾ ਵਲੋਂ ਮਹਿਲਾ ਸ਼ਕਤੀਕਰਨ ਲਈ ਕੀਤੇ ਯਤਨਾਂ ਦਾ ਗੁਣ ਗਾਣ ਕੀਤਾ। ਸਮਾਗਮ ਦੌਰਾਨ ਇਸ ਵਰ੍ਹੇ ਦੇ ਪੰਜ ਪੁਰਸਕਾਰ ਪੰਜ ਮਹਿਲਾਵਾਂ ਨੂੰ ਪ੍ਰਦਾਨ ਕੀਤੇ ਗਏ। ਇਹਨਾਂ ਵਿੱਚ ਪੂਨਮ ਸਿੰਘ (ਵਾਰਤਕ ਸਾਹਿਤ ਲਈ), ਤਜਿੰਦਰ ਕੌਰ ਥਿੰਦ (ਸਾਹਿਤਕ ਪੱਤਰਕਾਰੀ ਲਈ), ਸੁਨੀਲਮ ਮੰਡ (ਕਾਵਿ ਖੇਤਰ), ਸ਼ਸ਼ੀ ਰਾਣਾ (ਸਮਾਜਿਕ ਸੇਵਾਵਾਂ ਲਈ) ਅਤੇ ਮਨਜੀਤ ਕੌਰ ਬੋਲਾ (ਪੰਜਾਬੀ ਅਧਿਆਪਨ ਲਈ) ਸ਼ਾਮਲ ਸਨ। ਇਸ ਸਨਮਾਨ ਵਿੱਚ ਯਾਦਗਾਰੀ ਮੰਮੈਟੋ, ਸ਼ਾਲ, ਪ੍ਰਮਾਣ ਪੱਤਰ ਅਤੇ ਨਗਦੀ ਸ਼ਾਮਲ ਸੀ।
ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਬੀਬੀ ਕਮਲਾ ਰਾਣੀ ਨੇ ਇਹ ਸਨਮਾਨ ਰਸਮ ਨਿਭਾਈ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸ਼ਾਮਲ ਸੰਸਥਾ ਦੇ ਸੰਸਥਾਪਕ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਸੰਸਥਾ ਦੀਆਂ ਭਰਪੂਰ ਸਰਗਰਮੀਆਂ ਦੀ ਵਧਾਈ ਦਿੱਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਮਜਾਰੀ, ਨੀਰੂ ਜੱਸਲ, ਦੇਸ ਰਾਜ ਬਾਲੀ, ਹਰੀ ਕ੍ਰਿਸ਼ਨ ਪਟਵਾਰੀ, ਬਲਵੀਰ ਕੌਰ ਬੱਬੂ ਸੈਣੀ, ਸ਼ਾਮ ਸੁਰਗੰਦੀ, ਹਰਮਿੰਦਰ ਹੈਰੀ, ਸਤਿੰਦਰ ਸੋਢੀ, ਰੇਸ਼ਮ ਕਰਨਾਣਵੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸਟੇਜ ਦਾ ਸੰਚਾਲਨ ਸੰਸਥਾ ਦੇ ਸਕੱਤਰ ਅਮਰ ਜਿੰਦ ਨੇ ਬਾਖੂਬੀ ਕੀਤਾ ਅਤੇ ਸੰਸਥਾ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ। ਸਮਾਗਮ ਦੌਰਾਨ ਲੰਗਰ ਦਾ ਪ੍ਰਬੰਧ ਸੰਸਥਾ ਦੇ ਮੋਢੀ ਨੁਮਾਇੰਦੇ ਬਿੰਦਰ ਮੱਲ੍ਹਾ ਬੇਦੀਆਂ ਦੇ ਪਰਿਵਾਰ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨਛੱਤਰ ਸਿੰਘ ਸੁੰਮਨ, ਜਸਵੰਤ ਸਿੰਘ ਸੋਨੂੰ, ਰਾਜਿੰਦਰ ਜੱਸਲ, ਪ੍ਰਹਲਾਦ ਅਟਵਾਲ, ਕਸ਼ਮੀਰੀ ਕੈਂਥ, ਮੱਖਣ ਬਖਲੌਰ, ਚਮਨ ਮੱਲਪੁਰੀ, ਸੁਰਿੰਦਰ ਭਾਰਤੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਕੇਵਲ ਰਾਮ ਤੇ ਹੋਰ ਸ਼ਾਮਲ ਸਨ।
ਕੈਪਸ਼ਨ-ਨਵਜੋਤ ਪੁਰਸਕਾਰ ਪ੍ਰਦਾਨ ਕਰਨ ਸਮੇਂ ਮਹਿਮਾਨ ਤੇ ਪ੍ਰਬੰਧਕ।