*ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਨੂੰ ਭੜਕਾਊ ਭਾਸ਼ਣ ਦੇਣ ਦੇ ਦੋਸ਼ ਦੇ ਤਹਿਤ 2 ਦਸੰਬਰ,1921 ਨੂੰ ਅਦਾਲਤ ਨੇ ਉਨ੍ਹਾਂ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ।*
26 ਨਵੰਬਰ 1921 ਵਾਲੇ ਦਿਨ ਅੰਗ੍ਰੇਜ਼ ਸਰਕਾਰ ਦੇ ਖਿਲਾਫ ਭਾਸ਼ਣ ਦੇਣ ਕਾਰਨ, ਭੜਕਾਊ ਭਾਸ਼ਣ ਦੇ ਦੋਸ਼ ਦੇ ਤਹਿਤ ਬਾਬਾ ਖੜਕ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉਪਰ ਮੁਕਦਮਾਂ ਚਲਾਇਆ ਗਿਆ ਅਤੇ ਸੁਣਵਾਈ ਮਗਰੋਂ 2 ਦਸੰਬਰ,1921 ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆਂ ਆਪ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ।
ਬਾਬਾ ਖੜਕ ਸਿੰਘ ਸਿੱਖਾਂ ਦੇ ਇੱਕ ਅਜਿਹੇ ਰਾਜਨੀਤਿਕ ਆਗੂ ਸਨ ਜਿਨ੍ਹਾ ਨੂੰ ਉਨ੍ਹਾਂ ਦੇ ਦ੍ਰਿੜ੍ਹ ਇਰਾਦਿਆਂ ਕਾਰਣ ਹਮੇਸ਼ਾਂ ਜਾਣਿਆ ਜਾਂਦਾ ਰਿਹਾ ਹੈ। ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਵੀ ਮਾਣ ਹਾਸਲ ਹੈ।
ਬਾਬਾ ਖੜਕ ਸਿੰਘ ਦਾ ਜਨਮ 6 ਜੂਨ,1868 ਵਾਲੇ ਦਿਨ ਇਸ ਵਕਤ ਦੇ ਪਾਕਿਸਤਾਨ ਦੇ ਨਗਰ ਸਿਆਲਕੋਟ ਵਿਖੇ ਪਿਤਾ,ਰਾਇ ਬਹਾਦਰ ਸਰਦਾਰ ਹਰੀ ਸਿੰਘ ਦੇ ਗ੍ਰਹਿ ਵਿਖੇ ਹੋਇਆ।
ਰਾਇ ਬਹਾਦਰ ਸਰਦਾਰ ਹਰੀ ਸਿੰਘ ਉਸ ਵਕਤ ਦੇ ਇੱਕ ਬਹੁਤ ਧਨੀ ਠੇਕੇਦਾਰ ਅਤੇ ਉਦਯੋਗਪਤੀ ਸਨ। ਘਰ ਪਰਿਵਾਰ ਅਮੀਰੀ ਪੱਖੋਂ ਪੁਰਣ ਪਰਪਕ ਸੀ।
ਬਾਬਾ ਖੜਕ ਸਿੰਘ ਜੀ ਨੂੰ ਉਸ ਵਕਤ ਦੇ ਮਹਿੰਗੇ ਸਕੂਲ, ਮਿਸ਼ਨ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਆਪ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਮਿਸ਼ਨ ਹਾਈ ਸਕੂਲ ਅਤੇ ਫੇਰ ਗਿਆਰ੍ਹਵੀਂ ਮੁਰ੍ਹੇ ਕਾਲਜ ਤੋਂ ਪਾਸ ਕੀਤੀ । ਇਹ ਦੋਵੇਂ ਵਿਦਿਅਕ ਅਦਾਰੇ ਸਿਆਲਕੋਟ ਵਿਚ ਹਨ।ਇਸ ਤੋਂ ਬਾਅਦ ਬਾਬਾ ਖੜਕ ਸਿੰਘ ਨੇ ਲਾਹੌਰ ਦੇ ਸਰਕਾਰੀ ਕਾਲਜ ਵਿਖੇ ਦਾਖ਼ਲਾ ਲੈ ਲਿਆ ਅਤੇ ਆਪ ਉਸ ਵਕਤ ਉਹਨਾਂ ਵਿਦਿਆਰਥੀਆਂ ਦੇ ਪਹਿਲੇ ਬੈਚ ਵਿਚ ਸ਼ਾਮਲ ਸਨ ਜਿਨ੍ਹਾਂ ਨੇ 1889 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਏ.ਦੀ ਡਿਗਰੀ ਲਈ ਸੀ।
ਉਸ ਤੋਂ ਬਾਅਦ ਆਪ ਨੇ ਅਲਾਹਾਬਾਦ ਵਿਖੇ ਲਾਅ ਡਿਗਰੀ ਕਾਲਜ, ਕਨੂੰਨ ਦੀ ਪੜਾਈ ਕਰਨ ਦੇ ਲਈ ਦਾਖ਼ਲਾ ਲਿਆ।ਪਰ ਆਪਣੇ ਪਿਤਾ ਜੀ ਦੀ ਮੌਤ ਅਤੇ ਅਤੇ ਫੇਰ ਵੱਡੇ ਭਰਾ ਅਚਾਨਕ ਦਿਹਾਂਤ ਤੋਂ ਮਗਰੋਂ ਆਪ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੇ ।
ਪਰਿਵਾਰਕ ਜਾਇਦਾਦ ਦੀ ਨਿਗਰਾਨੀ ਲਈ ਆਪ ਅਲਾਹਾਬਾਦ ਤੋਂ ਵਾਪਸ ਸਿਆਲਕੋਟ ਪਰਤ ਆਏ । ਸਾਲ 1912 ਦੇ ਦੋਰਾਨ ਆਪ ਜੀ ਦਾ ਰਾਜਨੀਤਿਕ ਜੀਵਨ ਉਦੋਂ ਸ਼ੁਰੂ ਹੋਇਆ ਜਦੋਂ ਸਿਆਲਕੋਟ ਵਿਖੇ ਸਿੱਖ ਵਿੱਦਿਅਕ ਕਾਨਫ਼ਰੰਸ ਦਾ ਪੰਜਵਾਂ ਸੈਸ਼ਨ ਸ਼ੁਰੂ ਹੋਇਆ ਜਿਸ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਦੇ ਤੌਰ ‘ ਤੇ ਆਪ ਨੇ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ । ਆਪ ਦੇ ਦ੍ਰਿੜ ਵਿਸ਼ਵਾਸ ਅਤੇ ਦ੍ਰਿੜ੍ਹ ਸੰਕਲਪ ਦੀ ਜਨਤਕ ਸ਼ੁਰੂਆਤ ਉਸ ਵਕਤ ਹੋਈ ਜਦੋਂ ਆਪ ਨੇ ਅੰਗਰੇਜ਼ਾਂ ਦੀ ਪਹਿਲੇ ਵਿਸ਼ਵ ਯੁੱਧ ਵਿਚ ਜਿੱਤ ਲਈ ਹੋ ਰਹੀ ਜਨਤਕ ਕਾਨਫ਼ਰੰਸ ਵਿਚ ਅੰਗਰੇਜ਼ਾਂ ਦੇ ਹੱਕ ਵਿੱਚ ਮਤਾ ਪੇਸ਼ ਕਰਨ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ।
ਜਲ੍ਹਿਆਂਵਾਲਾ ਬਾਗ਼ ਦਾ ਖੂਨੀ ਕਾਂਡ ਹਰ ਭਾਰਤੀ ਦੇ ਦਿਲ ਨੂੰ ਝੰਜੋੜਨ ਵਾਲਾ ਸਾਬਤ ਹੋਇਆ ਇਸ ਖੂਨੀ ਸਾਕੇ ਵਿੱਚ ਬੇਗੁਨਾਹ ਭਾਰਤੀਆਂ ਦੇ ਹੋਏ ਕਤਲੇਆਮ ਨੇ ਬਾਬਾ ਖੜਕ ਸਿੰਘ ਦੇ ਮਨ ਵਿੱਚ ਅਜਿਹਾ ਅਸਰ ਕੀਤਾ ਕੇ ਆਪ ਸਰਗਰਮ ਰਾਜਨੀਤੀ ਦੇ ਮੈਦਾਨ ਵਿੱਚ ਆ ਨਿੱਤਰੇ।
ਅਗਲੇ ਸਾਲ 1920 ਵਿਚ ਆਪ ਨੂੰ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਚੁਣ ਲਿਆ ਗਿਆ ਇਸ ਵਕਤ ਆਪ ਨੇ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤੀ ਨਾ-ਮਿਲਵਰਤਨ ਲਹਿਰ ਨਾ ਸਿਰਫ ਖੁੱਲ ਕੇ ਹਿਸਾ ਲਿਆ ਸਗੋਂ ਇਸ ਵਿਚ ਸਿੱਖਾਂ ਦੀ ਭਰਪੂਰ ਅਗਵਾਈ ਵੀ ਕੀਤੀ।
ਉਸ ਤੋਂ ਅਗਲੇ ਸਾਲ 1921 ਵਿਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ ਉਸ ਤੋਂ ਅਗਲੇ ਸਾਲ 1923 ਵਿੱਚ ਆਪ ਪੰਜਾਬ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣੇ ਗਏ। ਸਾਲ 1921-22 ਦੇ ਦੌਰਾਨ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਉਸ ਵਕਤ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਤਾਂ ਚਾਬੀਆਂ ਸਿੱਖਾਂ ਨੂੰ ਵਾਪਸ ਦੁਆਉਣ ਲਈ ਲਗਾਏ ਮੋਰਚੇ ਦੀ ਆਪ ਵੱਲੋਂ ਸਫ਼ਲਤਾ ਭਰਪੂਰ ਅਗਵਾਈ ਕੀਤੀ ਗਈ ਅਤੇ ਇਸ ਮੋਰਚੇ ਨੂੰ ਫਤਹਿ ਕਰਣ ਤਕ ਮੋਰਚਾ ਜਾਰੀ ਰਖਿਆ। ਇਸ ਮੋਰਚੇ ਦੀ ਅਗਵਾਹੀ ਕਰਦਿਆਂ ਆਪ ਪਹਿਲੀ ਵਾਰ ਜੇਲ੍ਹ ਯਾਤਰਾ ਉਪਰ ਗਏ।
ਇਸ ਤੋਂ ਬਾਅਦ ਫੇਰ ਇਨਸਾਫ ਦੀ ਜੰਗ ਵਿੱਚ ਆਪ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ।
*ਅੰਗ੍ਰੇਜ਼ ਸਰਕਾਰ ਦੇ ਖਿਲਾਫ ਭਾਸ਼ਣ ਦੇਣ ਕਾਰਨ ਭੜਕਾਊ ਭਾਸ਼ਣ ਦੇ ਦੋਸ਼ ਦੇ ਤਹਿਤ ਆਪ ਨੂੰ 26 ਨਵੰਬਰ 1921 ਨੂੰ ਗ੍ਰਿਫ਼ਤਾਰ ਕਰ ਕੇ ਮੁਕਦਮਾਂ ਚਲਾਇਆ ਗਿਆ ਅਤੇ ਇਸ ਦੀ ਸੁਣਵਾਈ ਮਗਰੋਂ 2 ਦਸੰਬਰ 1921 ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆਂ ਆਪ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ।*
17 ਜਨਵਰੀ,1922 ਵਾਲੇ ਦਿਨ ਨੂੰ ਤੋਸ਼ਾਖ਼ਾਨੇ ਦੀਆਂ ਚਾਬੀਆਂ ਦੇ ਮੋਰਚੇ ਦੀ ਫਤਹਿ ਦੇ ਨਾਲ ਆਪ ਨੂੰ ਚਾਬੀਆਂ ਮੋੜ ਕੇ ਰਿਹਾਅ ਕਰ ਦਿੱਤਾ ਸੀ ।
4 ਅਪ੍ਰੈਲ 1922 ਵਾਲੇ ਦਿਨ ਹਥਿਆਰ ਬਣਾਉਣ ਦੀ ਫ਼ੈਕਟਰੀ ਚਲਾਉਣ ਦੇ ਦੋਸ਼ ਤਹਿਤ ਆਪ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਕ ਸਾਲ ਦੀ ਸਜ਼ਾ ਸੁਣਾਈ ਗਈ।
ਦੇਸ਼ ਵਿਦਰੋਹੀ ਭੜਕਾਉ ਭਾਸ਼ਣ ਦੇਣ ਦੇ ਦੋਸ਼ ਦੇ ਤਹਿਤ ਆਪ ਨੂੰ ਤਿੰਨ ਸਾਲ ਦੀ ਸਜ਼ਾ ਵੀ ਸੁਣਾ ਕੇ ਆਪ ਨੂੰ ‘ ਡੇਰਾ ਗਾਜ਼ੀ ਖ਼ਾਨ’ ਜੇਲ੍ਹ ਵਿਚ ਨਜਰਬੰਦ ਕਰ ਦਿੱਤਾ ਗਿਆ।ਇਸ ਜੇਲ੍ਹ ਵਿੱਚ ਆਪ ਜੀ ਵਲੋਂ ਇਕ ਅਨੋਖਾ ਰੋਸ ਅੰਦੋਲਨ ਸ਼ੁਰੂ ਕੀਤਾ ਗਿਆ। ਮੁੱਦਾ ਸੀ ਜੇਲ੍ਹ ਵਿੱਚ ਰਾਜਸੀ ਕੈਦੀਆਂ ਵਿਚੋਂ ਸਿੱਖਾਂ ਧਰਮ ਦੀ ਦਸਤਾਰ ਉਤਾਰਨ ਦਾ।ਉਸ ਵਕਤ ਜੇਲ੍ਹ ਵਿੱਚ ਨਜਰਬੰਦ ਸਿੱਖ ਰਾਜਸੀ ਕੈਦੀਆਂ ਨੂੰ, ਕੈਦ ਦੇ ਦੁਰਾਨ ਦਸਤਾਰ ਉਤਾਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਗ਼ੈਰ-ਸਿੱਖ ਸਿਆਸੀ ਕੈਦੀਆਂ ਨੂੰ ਗਾਂਧੀ ਟੋਪੀ ਉਤਾਰਨ ਦੇ ਲਈ ਕਿਹਾ ਜਾਂਦਾ ਸੀ।ਇਸ ਗਲ ਦੇ ਵਿਰੋਧ ਵਿਖਾਵੇ ਵਜੋਂ ਰੋਸ ਪ੍ਰਗਟਾਵਾ ਕਰਨ ਦੇ ਲਈ ਆਪ ਨੇ ਕਛਹਿਰੇ ਨੂੰ ਛੱਡ ਕੇ ਆਪਣੇ ਬਾਕੀ ਸਾਰੇ ਕੱਪੜੇ ਉਤਾਰ ਦਿੱਤੇ।
22 ਜਨਵਰੀ, 1923 ਵਾਲਾ ਦਿਨ ਸੀ ਅੰਤਾ ਦੀ ਠੰਡ ਸੀ ਜੇਲ੍ਹ ਸੁਪਰਡੈਂਟ ਨੇ ਰੋਸ ਵਿਖਾਵਾ ਕਰ ਰਹੇ ਸਿੱਖਾਂ ਨੂੰ ਬੈਰਕਾਂ ਵਿਚ ਬੰਦ ਕਰ ਦਿੱਤਾ।ਉਸ ਵਕਤ ਉਸ ਦੇ ਨਾਲ ਖੜੇ ਨੰਬਰਦਾਰ ਅਤੇ ਵਾਰਡਨ ਨੂੰ ਹੁਕਮ ਦੇ ਕੇ ਜ਼ਬਰਦਸਤੀ ਸਿੱਖ ਕੈਦੀਆਂ ਦੀਆਂ ਦਸਤਾਰਾਂ ਲੁਹਾ ਲਈਆਂ।
ਜਦ ਬਾਬਾ ਖੜਕ ਸਿੰਘ ਜੀ ਦੀ ਦਸਤਾਰ ਖੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਪ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਹੀ ਕਪੜੇ ਲਾਹ ਕੇ ਸੁਪਰਡੈਂਟ ਵੱਲ ਸੁੱਟ ਦਿਤੇ। ਇਸ ਮਗਰੋਂ ਬਾਬਾ ਜੀ ਦੇ ਕਹਿਣ ਤੇ ਬਾਕੀ ਦੇ ਤਹਿਰਾਂ ਨੇ ਵੀ ਕਪੜੇ ਲਾਹ ਦਿਤੇ ਅਤੇ ਕਿਹਾ ਕੇ ਅਸੀ ਹੁਣ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਵਾਪਸ ਕੀਤੀਆਂ ਜਾਣਗੀਆਂ।
ਇਨ੍ਹਾਂ 13 ਕੈਦੀਆਂ ਵਿੱਚ ਸਰਦਾਰ ਅਮਰ ਸਿੰਘ ਝਬਾਲ, ਸਰਦਾਰ ਜਸਵੰਤ ਸਿੰਘ ਝਬਾਲ,ਸਰਦਾਰ ਗੰਡਾ ਸਿੰਘ ਕੈਨੇਡੀਅਨ ਜੋ ਹੁਸ਼ਿਆਰਪੁਰ ਤੋਂ ਸਨ,ਸਰਦਾਰ ਸੰਤੋਖ ਸਿੰਘ ਵਿਦਿਆਰਥੀ, ਸਰਦਾਰ ਊਧਮ ਸਿੰਘ ਹੁਸ਼ਿਆਰਪੁਰੀ, ਗਿਆਨੀ ਸੁੱਚਾ ਸਿੰਘ , ਭਾਈ ਹਰਦਿਤ ਸਿੰਘ, ਸਰਦਾਰ ਪ੍ਰਤਾਪ ਸਿੰਘ, ਹਕੀਮ ਕਿਸ਼ਨ ਸਿੰਘ , ਸਰਦਾਰ ਦਲੀਪ ਸਿੰਘ,ਮੌਲਾਨਾ ਸੱਯਦ ਮੁਹੰਮਦ ਇਸਮਾਈਲ ਗ਼ਜ਼ਨਵੀ, ਸ੍ਰੀ ਪੋਲੋ ਰਾਮ ਅਨੰਦਪੁਰੀ ਅਤੇ ਬਾਬੂ ਕਾਸ਼ੀ ਰਾਮ ਹਿਸਾਰੀ ਦੇ ਨਾਮ ਸ਼ਾਮਲ ਹਨ।
ਹੁਣ ਡੇਰਾ ਗਾਜ਼ੀ ਖ਼ਾਨ ਦੀ ਇਸ ਜੇਲ੍ਹ ਵਿਚ ਨਜਰਬੰਦੀ ਦੇ ਦੁਰਾਨ ਅੰਤਾ ਦੀ ਗਰਮੀ ਅਤੇ ਅੰਤਾਂ ਦੀ ਸਰਦੀ ਦੇ ਬਾਵਜੂਦ ਆਪ ਨੇ ਇੱਕੋ ਕਛਹਿਰੇ ਵਿੱਚ ਆਪਣੀ ਪੂਰੀ ਕੈਦ ਕਟੀ ਅਤੇ ਅੱਜ ਦੇ ਦਿਨ 4 ਜੂਨ 1927 ਨੂੰ ਰਿਹਾਅ ਹੋਣ ਤਕ ਨੰਗੇ-ਪਿੰਡੇ ਹੀ ਵਿਚਰਦੇ ਰਹੇ ।
4 ਅਪ੍ਰੈਲ,1922 ਵਾਲੇ ਦਿਨ ਆਪ ਨੂੰ 3 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ, ਪਰ ਕਪੜੇ ਉਤਾਰਨ ਅਤੇ ਇਕ ਕਛਹਿਰੇ ਨਾਲ ਰਹਿਣ ਦਾ ਫੈਸਲਾ ਲੈਣ ਕਾਰਣ ਆਪ ਦੀ ਕੈਦ ਦੀ ਸਜਾ ਦੋ ਹੋਰ ਸਾਲ ਦੇ ਲਈ ਵਧਾ ਦਿਤੀ ਗਈ ਸੀ।
ਭਾਵ ਹੁਣ 3 ਦੀ ਬਜਾਏ 5 ਸਾਲ ਆਪ ਨਜਰਬੰਦ ਰਹੇ ਪਰ ਆਪਣੇ ਪ੍ਰਣ ਨੂੰ ਨਿਭਾਉਣ ਦੇ ਲਈ ਡਟੇ ਰਹੇ ਡੋਲੇ ਨਹੀਂ ਅਤੇ ਸ਼ਰੀਰ 'ਤੇ ਕੋਈ ਕਪੜਾ ਨਹੀਂ ਪਾਇਆ।ਆਪ ਜਦੋਂ ਵਿਚੋਂ ਰਿਹਾਅ ਹੋਏ ਤਾਂ ਉਸ ਵਕਤ ਵੀ ਆਪ ਕਛਹਿਰੇ ਦੇ ਨਾਲ ਹੀ ਜੇਲ੍ਹ ਦੇ ਵਿਚੋਂ ਬਾਹਰ ਆਏ ।
6 ਅਕਤੂਬਰ,1963 ਵਾਲੇ ਦਿਨ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ 95 ਵਰ੍ਹੇ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ:
ਭੁੱਲਾਂ ਦੀ ਖਿਮਾ ਬਖਸ਼ੋ ਜੀ।
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_