*ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਹਿਸਟੋਰੀਅਨ ਸੁਸਾਇਟੀ ਦੀ ਸਥਾਪਨਾ ਹੋਈ ਸੀ। ਇਹ ਸੁਸਾਇਟੀ ਦੇ ਸਕੱਤਰ ਦੀ ਸੇਵਾ ਸਿੱਖ ਇਤਿਹਾਸ ਦੇ ਖੋਜੀ ਕਰਮ ਸਿੰਘ ਹਿਸਟੋਰੀਅਨ ਨੂੰ ਸੌਂਪੀ ਗਈ ਸੀ।*
20ਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਇਤਿਹਾਸ ਨੂੰ ਲਿਖਣ ਲਈ ਵਿਗਿਆਨਕ ਪਹੁੰਚ ਅਪਣਾਉਣ ਵਾਲੇ ਸ: ਕਰਮ ਸਿੰਘ ਹਿਸਟੋਰੀਅਨ ਨੂੰ ਅੱਜ ਵੀ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ।
ਸ: ਕਰਮ ਸਿੰਘ ਦਾ ਜਨਮ ਮੌਜੂਦਾ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਪਿੰਡ ਝਬਾਲ ਵਿਚ ਸ: ਝੰਡਾ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖ ਤੋਂ ਹੋਇਆ।
ਇਨ੍ਹਾਂ ਆਪਣੀ ਮੁਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਤੇ ਦਸਵੀਂ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਕੀਤੀ। ਸ: ਕਰਮ ਸਿੰਘ ਨੇ ਗਰੈਜੂਏਸ਼ਨ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ 'ਚ ਦਾਖਲਾ ਲਿਆ। ਪਰ 1905 ਈਸਵੀ ਵਿਚ ਡਿਗਰੀ ਦਾ ਇਮਤਿਹਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਸਿੱਖ ਇਤਿਹਾਸ ਦੀ ਖੋਜ ਵਿਚ ਸਮਰਪਿਤ ਭਾਵਨਾ ਨਾਲ ਜੁਟ ਗਏ।
ਇਨ੍ਹਾਂ ਸੰਤ ਅਤਰ ਸਿੰਘ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਆਪਣੇ ਮੁਢਲੇ ਨਾਂਅ ਮਹਿਰਾਜ ਸਿੰਘ ਤੋਂ ਅੰਮ੍ਰਿਤ ਛਕ ਕੇ 'ਕਰਮ ਸਿੰਘ' ਦਾ ਨਾਂਅ ਧਾਰਨ ਕੀਤਾ। ਹੁਣ ਜਦੋਂ ਆਪਣੀ ਤੱਥਾਂ 'ਤੇ ਆਧਾਰਿਤ ਵਿਗਿਆਨਕ ਪਹੁੰਚ ਮੁਤਾਬਿਕ ਕੀਤੀ ਖੋਜ ਨੂੰ ਛਾਪਣ ਦਾ ਉਪਰਾਲਾ ਸ਼ੁਰੂ ਕੀਤਾ ਤਾਂ ਪ੍ਰੰਪਰਾਵਾਦੀ ਲੋਕਾਂ ਨੇ ਇਸ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ।
ਆਰਥਿਕ ਸੰਕਟ ਨੇ ਵੀ ਘੇਰ ਲਿਆ। ਇਸ ਤੋਂ ਪਿੱਛੋਂ ਇਨ੍ਹਾਂ ਨੂੰ ਪੰਡਿਤ ਜਵਾਲਾ ਸਿੰਘ ਆਪਣੇ ਨਾਲ ਪਟਿਆਲਾ ਲੈ ਆਏ, ਇਥੇ ਆ ਕੇ ਉਨ੍ਹਾਂ ਸਰ ਜੋਗਿੰਦਰ ਸਿੰਘ ਦੀ ਮਦਦ ਨਾਲ ਸ: ਕਰਮ ਸਿੰਘ ਨੂੰ ਸਟੇਟ ਹਿਸਟੋਰੀਅਨ ਦੀ ਪਦਵੀ 'ਤੇ ਨਿਯੁਕਤ ਕਰਵਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਲਗਨ ਮੁਤਾਬਿਕ ਸਿੱਖ ਇਤਿਹਾਸ ਦੀ ਖੋਜ ਵੀ ਜਾਰੀ ਰੱਖੀ।
*27 ਦਸੰਬਰ 1929 ਈਸਵੀ ਨੂੰ ਅੰਮ੍ਰਿਤਸਰ ਵਿਖੇ ਸਿੱਖ ਹਿਸਟੋਰੀਅਨ ਸੁਸਾਇਟੀ ਦੀ ਸਥਾਪਨਾ ਹੋਈ। ਇਹ ਸੁਸਾਇਟੀ ਦੇ ਸਕੱਤਰ ਦੀ ਸੇਵਾ ਇਨ੍ਹਾਂ ਨੂੰ ਸੌਂਪੀ ਗਈ।*
ਇਨ੍ਹਾਂ ਦਿਨਾਂ ਵਿਚ ਹੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਤਿਹਾਸਕ ਖੋਜ ਲਈ ਇਕ ਕੇਂਦਰ ਵਿਭਾਗ ਵਜੋਂ ਸਥਾਪਤ ਕੀਤਾ ਗਿਆ। ਇਸ ਵਿਭਾਗ ਦੀ ਸਾਰੀ ਜ਼ਿੰਮੇਵਾਰੀ ਸ: ਕਰਮ ਸਿੰਘ ਨੂੰ ਸੌਂਪੀ ਗਈ।
ਸ: ਕਰਮ ਸਿੰਘ ਹਿਸਟੋਰੀਅਨ ਨੇ 1907 ਈਸਵੀ ਵਿਚ 'ਜੀਵਨ ਬ੍ਰਿਤਾਂਤ ਬੰਦਾ ਬਹਾਦਰ', 'ਜੀਵਨ ਸ੍ਰੀਮਤੀ ਸਦਾ ਕੌਰ' ਅਤੇ 'ਬੀਬੀ ਹਰਨਾਮ ਕੌਰ ਜੀ' ਨਾਂਅ ਦੀਆਂ ਪੁਸਤਕਾਂ ਪਾਠਕਾਂ ਨੂੰ ਭੇਟ ਕੀਤੀਆਂ। ਇਸ ਤੋਂ ਪਿੱਛੋਂ 'ਜੀਵਨ ਬ੍ਰਿਤਾਂਤ ਬਾਬਾ ਆਲਾ ਸਿੰਘ', 'ਕੇਸ ਅਤੇ ਸਿੱਖੀ', 'ਚਿੱਠੀਆਂ ਤੇ ਪ੍ਰਸਤਾਵ', 'ਬੰਦਾ ਕੌਣ ਸੀ?' ਆਦਿ ਬਹੁਤ ਸਾਰੀਆਂ ਪੁਸਤਕਾਂ ਇਤਿਹਾਸ ਦੇ ਪਾਠਕਾਂ ਦੀ ਦ੍ਰਿਸ਼ਟੀਗੋਚਰ ਕੀਤੀਆਂ।
1912 ਵਿਚ ਇਨ੍ਹਾਂ ਦੀ ਇਤਿਹਾਸਕ ਖੋਜ ਦਾ ਵੱਡਾ ਕਾਰਜ 'ਕੱਤਕ ਕਿ ਵਿਸਾਖ' ਖੋਜ ਮਾਡਲ ਵਜੋਂ ਛਪਿਆ, ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਆਖਰ ਇਹ ਖੋਜੀ ਰੂਹ ਤਰਨ ਤਾਰਨ ਵਿਖੇ 10 ਸਤੰਬਰ, 1930 ਈਸਵੀ ਨੂੰ ਹਮੇਸ਼ਾ ਲਈ ਸਾਡੇ ਤੋਂ ਜੁਦਾ ਹੋ ਗਈ।