Wednesday, 14 December 2022

ਆਜ਼ਾਦ ਹਿੰਦ ਫ਼ੌਜ

1️⃣5️⃣ ਦਸੰਬਰ,1941
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ 15 ਫ਼ਰਵਰੀ, 1942 ਨੂੰ ਹੋਈ ਜਨਰਲ ਮੋਹਨ ਸਿੰਘ ਏਸ ਦੇ ਮੁਖੀ ਬਣੇ ।
*ਪਰ ਇਸ ਦਾ ਮੁੱਢ ਗਿਆਨੀ ਪ੍ਰੀਤਮ ਸਿੰਘ ਪਹਿਲਾਂ ਹੀ 15 ਦਸੰਬਰ,1941 ਨੂੰ ਬੰਨ੍ਹ ਚੁੱਕਾ ਸੀ।ਜਿਸਦੇ ਮੁਖੀ ਬਾਅਦ ਵਿਚ ਜਨਰਲ ਮੋਹਨ ਸਿੰਘ ਬਣੇ ਤੇ ਉਸਤੋਂ ਬਾਅਦ ਚ ਸੁਭਾਸ਼ ਚੰਦਰ ਬੋਸ ਬਣੇ ਸਨ ।*

ਜਨਰਲ ਮੋਹਨ ਸਿੰਘ 15 ਫ਼ਰਵਰੀ, 1942 ਨੂੰ ਆਜ਼ਾਦ ਹਿੰਦ ਫੌਜ਼ ਦੇ ਮੁਖੀ ਬਣੇ । ਕਪਤਾਨ ਅਸਲਮ, ਸੁਆਮੀ ਪੁਰੀ, ਸੂਬੇਦਾਰ ਅੱਲਾ ਰੱਖਾ, ਸੂਬੇਦਾਰ ਸ਼ਿੰਗਾਰਾ ਸਿੰਘ, ਸੂਬੇਦਾਰ ਫ਼ਤਿਹ ਖ਼ਾਨ ਤੇ ਉਨ੍ਹਾਂ ਦੇ ਸਾਥੀ ਉਸ ਦੇ ਨਾਲ ਸਨ।ਉਸ ਦੇ ਸਿਪਾਹੀਆਂ ਦੀਆਂ ਟੁਕੜੀਆਂ ਨੇ ਮਲਾਇਆ ਦੀਆਂ ਕਈ ਲੜਾਈਆਂ ਤੇ ਝੜਪਾਂ ਵਿਚ ਹਿੱਸਾ ਲਿਆ। ਇਥੋਂ ਤੱਕ ਕਿ ‘ਬੁਕੀਤੀਮਾ ਹਿੱਲ’ ਦੀ ਖੂਨਰੇਜ਼ ਆਖ਼ਰੀ ਲੜਾਈ ਵਿਚ ਵੀ ਹਿੱਸਾ ਲਿਆ।

👇👇ਵਿਸ਼ਵ ਕੋਸ਼ ਅਨੁਸਾਰ–👇👇
ਅੰਗਰੇਜ਼ੀ ਫ਼ੌਜਾਂ ਦੇ ਹਥਿਆਰ ਸੁੱਟਣ ਤੇ ਕਰਨਲ ਹੰਟ ਨੇ ਅੰਗਰੇਜ਼ੀ ਫ਼ੌਜਾਂ ਦੇ ਸਾਰੇ ਸਿਪਾਹੀ ਜਾਪਾਨ ਦੇ ਕਰਨਲ ਫੂਜੀਵਾਰਾਂ ਦੇ ਹਵਾਲੇ ਕੀਤੇ ਅਤੇ ਉਸ ਨੇ ਉਸੇ ਵੇਲੇ ਉਨ੍ਹਾਂ ਦੀ ਕਮਾਨ ਕੈਪਟਨ ਮੋਹਨ ਸਿੰਘ ਦੇ ਹਵਾਲੇ ਕਰ ਦਿੱਤੀ। ਕੈਪਟਨ ਮੋਹਨ ਸਿੰਘ ਨੇ ਹੀ ਇਸ ਮੌਕੇ ਉਤੇ ਵਲਵਲਾ–ਭਰਪੂਰ ਤਕਰੀਰ ਕੀਤੀ ਤੇ ਸਿਪਾਹੀਆਂ ਨੇ ਜੋਸ਼ ਭਰੇ ਨਾਹਰੇ ਲਾਏ।
ਰਾਸ ਬਿਹਾਰੀ ਬੋਸ (ਜਿਹੜਾ ਉਦੋਂ ਜਾਪਾਨ ਵਿਚ ਸੀ), ਐਨ ਰਾਘਵਨ (ਜਿਹੜਾ ਮਲਾਇਆ ਵਿਚ ਸੀ) ਤੇ ਹੋਰਨਾਂ ਪ੍ਰਸਿੱਧ ਹਿਦੁਸਤਾਨੀਆਂ ਦੀਆਂ ਕੋਸ਼ਿਸ਼ਾਂ ਨਾਲ 28 ਮਾਰਚ, 1942 ਨੂੰ ਟੋਕੀਓ ਵਿਚ ਇਕ ਸੰਮੇਲਨ ਹੋਇਆ ਤੇ ‘ਇੰਡੀਅਨ ਇੰਡੀਪੈਂਡੈਸ ਲੀਗ’ ਹੋਂਦ ਵਿਚ ਆਈ। 15 ਜੂਨ ਨੂੰ ਬੈਂਕਾਕ ਵਿਚ ਇਕ ਹੋਰ ਕਾਨਫ਼ਰੰਸ ਹੋਈ ਜਿਸ ਵਿਚ ਫ਼ੈਸਲਾ ਹੋਇਆ ਕਿ ‘ਇੰਡੀਪੈਂਡੈਂਸ ਲੀਗ’ ਅਤੇ ਆਜ਼ਾਦ ਹਿੰਦ ਫੌਜ ਦੀ ਅਗਵਾਈ ਲਈ ਸੁਭਾਸ਼ ਚੰਦਰ ਬੋਸ ਨੂੰ ਜਾਪਾਨੀ ਕਰਮਚਾਰੀ ਬਰਲਿਨ ਤੋਂ ਹਵਾਈ ਜਹਾਜ਼ ਰਾਹੀਂ ਟੋਕੀਓ ਲਿਆਉਣ।

‘ਆਜ਼ਾਦ ਹਿੰਦ ਫ਼ੌਜ’ ਅਜੇ ਤੱਕ ਪੂਰੀ ਤਰ੍ਹਾਂ ਜਥੇਬੰਦ ਨਹੀਂ ਸੀ ਹੋਈ ਕਿ ਭਾਰਤੀਆਂ ਨੇ ਜਾਪਾਨੀਆਂ ਵਿਚ ਮਤਭੇਦ ਸ਼ੁਰੂ ਹੋ ਗਏ। ਜਾਪਾਨੀ ਹਿੰਦੁਸਤਾਨੀ ਸਿਪਾਹੀਆਂ ਨੂੰ ਜੰਗੀ ਕੈਦੀਆਂ ਦੇ ਤੌਰ ਤੇ ਆਪਣੀ ਫ਼ੌਜ ਦਾ ਇਕ ਹਿੱਸਾ ਬਣਾ ਕੇ ਵਰਤਣਾ ਚਾਹੁੰਦੇ ਸਨ, ਪਰ ਹਿੰਦੁਸਤਾਨੀ ਇਸ ਸੰਸਥਾ ਰਾਹੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਲੋੜਦੇ ਸਨ। 

ਝਗੜੇ ਦਾ ਵੱਡਾ ਕਾਰਨ ਇਹ ਸੀ ਕਿ ਜਾਪਾਨੀ ਹੁਕਮਰਾਨ ਆਪਣੀਆਂ ਪਹਿਲੀਆਂ ਜਿੱਤਾਂ ਤੇ ਘਮੰਡ ਵਿਚ ਬੇਈਮਾਨ ਹੋ ਗਏ ਸਨ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਨੂੰ, ਜੋ ਇਕ ਜੋਸ਼ੀਲੀ ਜਥੇਬੰਦੀ ਬਣ ਚੁੱਕੀ ਸੀ, ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਦੇ ਜਾਪਾਨੀ ਬਦੇਸ਼–ਮੰਤਰੀ ਤੇਮੀਕਾਜ਼ੇ ਹੋਰਾਂ ਨੇ ਜਾਪਾਨੀ ਪਾਰਲੀਮੈਂਟ ਵਿਚ ਬਿਆਨ ਦਿੱਤਾ ਕਿ ਇਹ ਜੰਗੀ ਕੈਦੀ ਹਨ।

ਉਨ੍ਹਾਂ ਨੇ ਆਜ਼ਾਦ ਹਿੰਦ ਫੋਜ਼ ਦੀ ਕੇਂਦਰੀ ਹਸਤੀ ਨਜ਼ਰ–ਅੰਦਾਜ਼ ਕਰਕੇ ਹਾਂਗਕਾਂਗ, ਬੋਰਨੀਓ, ਫਿਲਪੀਨ ਆਦਿ ਵਿਚ ਜਾਪਾਨੀ ਕਮਾਂਡਰਾ ਹੇਠਾਂ ਅਤੇ ਜਾਂ ਆਪਣੇ ਹੱਥ–ਠੋਕਿਆ (ਜਿਹਾ ਕਿ ਹਾਂਗਕਾਂਗ ਵਿਚ ਹਕੀਮ ਖਾਨ ਸੂਬੇਦਾਰ) ਨਾਲ ਵੱਖਰੀਆਂ ਵੱਖਰੀਆਂ ‘ਆਜ਼ਾਦ ਹਿੰਦ ਫੌਜਾਂ’ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਨ੍ਹਾਂ ਨੇ ਮਲਾਇਆ ਵਿਚ ਆਜ਼ਾਦ ਹਿੰਦ ਫੌਜ ਦੀਆਂ ਟੁਕੜੀਆਂ ਨੂੰ ਆਪਣੀ ਕਮਾਨ ਹੇਠਾਂ ਫਿਲਪੀਨ ਆਦਿ ਵੱਖ ਵੱਖ ਥਾਵਾਂ ਤੇ ਲਿਜਾਣਾ ਅਤੇ ਲੜਾਈ ਵਿਚ ਸ਼ਾਮਲ ਕਰਨਾ ਚਾਹਿਆ। ਜਾਪਾਨੀ ਬੈਂਕਾਕ ਕਾਨਫਰੰਸ ਦੇ ਫ਼ੈਸਲਿਆਂ ਤੋਂ ਮੁੱਕਰ ਗਏ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਲਿਆਉਣ ਤੋਂ ਟਾਲ–ਮਟੋਲ ਕਰਨ ਲਗ ਪਏ। ਜਾਪਾਨੀਆਂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਲਈ ਕੋਈ ਆਰਜ਼ੀ ਸਰਕਾਰ ਕਾਇਮ ਕਰਨ ਦੀ ਆਗਿਆ ਵੀ ਨਾ ਦਿੱਤੀ। ਇਸ ਤੋਂ ਇਲਾਵਾ ਉਹ ਦੱਖਣੀ–ਪੂਰਬੀ ਏਸ਼ੀਆਈ ਦੇਸ਼ਾਂ ਵਿਚ ਭਾਰਤੀਆਂ ਦੀਆਂ ਵੱਡੀਆਂ ਵੱਡੀਆਂ ਜਾਇਦਾਦਾਂ, ਉਨ੍ਹਾਂ ਨੂੰ ਛੱਡਣ ਲਈ ਤਿਆਰ ਸਨ ਪਰ ਦੂਜੇ ਪਾਸੇ ਆਜ਼ਾਦ ਹਿੰਦ ਫ਼ੌਜਾਂ ਦੇ ਅਫਸਰਾਂ ਨੇ ਇਸ ਪ੍ਰਤਿਗਿਆ–ਪੱਤਰ ਉਤੇ ਲਹੂ ਨਾਲ ਦਸਤਖ਼ਤ ਕਰ ਦਿਤੇ ਕਿ ਉਹ ਇਕੱਠੇ ਰਹਿਣਗੇ ਤੇ ਹਿੰਦੁਸਤਾਨ ਦੀ ਹੇਠੀ ਨਹੀਂ ਹੋਣ ਦੇਣਗੇ।
ਲੜਾਈ ਦੀ ਵਿਉਂਤ ਅਤੇ ਫ਼ੌਜੀ ਪੈਂਤੜਿਆਂ ਬਾਰੇ ਵੀ ਜਾਪਾਨੀ ਕਮਾਂਡਰਾਂ ਤੇ ਆਜ਼ਾਦ ਹਿੰਦ ਫ਼ੌਜ ਪੈਂਤੜਿਆਂ ਬਾਰੇ ਵੀ ਜਾਪਾਨੀ ਕਮਾਂਡਰਾਂ ਤੇ ਆਜ਼ਾਦ ਹਿੰਦ ਫ਼ੌਜ ਵਿਚਕਾਰ ਡੂੰਘੇ ਮਤਭੇਦ ਸਨ। ਇਸ ਕਰਕੇ ਜਦੋਂ ਜਨਰਲ ਮੋਹਨ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਆਜ਼ਾਦ ਹਿੰਦ ਫ਼ੌਜ ਦੇ ਸਾਰੇ ਸਿਪਾਹੀ ਇਕ–ਮੁੱਠ ਹੋ ਕੇ ਡਟ ਗਏ। ਉਨ੍ਹਾਂ ਨੇ ਆਪਣੀਆਂ ਬੈਰਕਾਂ ਢਾਹ ਦਿੱਤੀਆਂ ਅਤੇ ਵਰਦੀਆਂ ਲਾਹ ਦਿੱਤੀਆਂ। ਇਸ ਸਮੇਂ ਹੀ ਸ਼ਾਂਤ ਮਹਾਂਸਾਗਰ ਵਿਚ ਜਾਪਾਨੀਆਂ ਨੂੰ ਹਾਰਾਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਜਾਪਾਨੀਆਂ ਨੂੰ ਝੁਕਣਾ ਪਿਆ, ਉਹ ਨੇਤਾ ਜੀ ਨੁੰ ਲੈ ਆਏ।
ਸ਼ੁਰੂ ਤੋਂ ਹੀ ਸੁਭਾਸ਼ ਜੀ ਦਾ ਸੁਭਾਅ ਤਿੱਖਾ ਤੇ ਕਾਹਲਾ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਸ਼ਾਂਤੀ–ਪਸੰਦ ਨੀਤੀ ਦੇ ਵਿਰੁੱਧ ਇਹ ਚਾਹੁੰਦਾ ਸੀ ਕਿ ਲੜਾਈ ਤੇ ਬਗਾਵਤ ਕਰਕੇ ਦੇਸ਼ ਨੂ਼ੰ ਆਜ਼ਾਦ ਕਰਵਾਇਆ ਜਾਵੇ।
ਸੰਨ 1938 ਵਿਚ ਗਾਂਧੀ ਵਲੋਂ ਵਿਰੋਧ ਹੋਣ ਤੇ ਵੀ ਉਸਨੇ ਕਾਂਗਰਸ ਛੱਡਕੇ ਫਾਰਵਰਡ ਬਲਾਕ ਦੀ ਨੀਂਹ ਰੱਖੀ ਸੀ। ਦੂਜੀ ਵੱਡੀ ਲੜਾਈ ਸ਼ੁਰੂ ਹੋਈ ਤੇ ਸੁਭਾਸ਼ ਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ ਪਰ 26 ਜਨਵਰੀ, 1941 ਨੂੰ ਉਹ ਕੈਦ ਵਿਚੋਂ ਨੱਸ ਕੇ ਅਫਗਾਨਿਸਤਾਨ ਰਾਹੀਂ ਜਰਮਨੀ ਪਹੁੰਚ ਗਿਆ ਤੇ ਭਾਰਤ ਨੂੰ ਇਨਕਲਾਬੀ ਤੇ ਫ਼ੌਜੀ ਜਨਤਾ ਰਾਹੀਂ ਆਜ਼ਾਦ ਕਰਵਾਉਣ ਦੀਆਂ ਵਿਉਂਤਾਂ ਸੋਚਣ ਲੱਗਾ।

20 ਜੂਨ, 1942 ਨੂੰ ਸੁਭਾਸ਼ ਚੰਦਰ ਬੋਸ ਬਰਲਿਨ ਤੋਂ ਟੋਕਿਓ ਆਇਆ ਤੇ ਜੁਲਾਈ ਮਹੀਨੇ ਵਿਚ ਸਿੰਗਾਪੁਰ। ਇਥੇ ਮਲਾਇਆ ਚੀਨ, ਥਾਈਲੈਂਡ, ਬਰਮਾ ਤੇ ਹੋਰ ਪੂਰਬੀ ਦੇਸ਼ਾਂ ਵਿਚ ਵਸਦੇ ਹਿੰਦੁਸਤਾਨੀਆਂ ਦੇ ਆਗੂ ਇਕੱਠੇ ਹੋਏ ਹੋਏ ਸਨ। ਆਜ਼ਾਦ ਹਿੰਦ ਫ਼ੌਜ ਉਂਜ ਹੀ ਸਾਰੀ ਦੀ ਸਾਰੀ ਉੱਥੇ ਸੀ।

15 ਜੁਲਾਈ, 1943 ਨੂੰ ਸੁਭਾਸ਼ ਚੰਦਰ ਬੋਸ ਹੋਰਾਂ ਨੇ ਸਿੰਗਾਪੁਰ ਵਿਚ ਆਜ਼ਾਦ ਹਿੰਦ ਫ਼ੌਜ ਦਾ ਮੁਆਇਨਾਂ ਕੀਤਾ ਤੇ ਫ਼ੌਜ ਲਈ ‘ਦਿੱਲੀ ਚਲੋ’ ਦਾ ਨਾਹਰਾ ਚੁਣਿਆ। ਡੇਢ ਲੱਖ ਇਕੱਠ ਨੇ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣਿਆ। ਇੱਧਰ ਹਿੰਦੁਸਤਾਨ ਵਿਚ ਵੀ ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ‘ਹਿੰਦੁਸਤਾਨ ਛੱਡੋ’ ਦਾ ਮਤਾ ਪਾਸ ਕਰ ਚੁੱਕੀ ਸੀ ਤੇ ਆਜ਼ਾਦੀ ਦਾ ਘੋਲ ਇਕ ਨਵੇਂ ਦੌਰ ਵਿਚ ਦਾਖ਼ਲ ਹੋ ਚੁੱਕਾ ਸੀ। ਆਜ਼ਾਦ ਹਿੰਦ ਫੌਜ਼ ਦੀ ਚਰਚਾ ਹਿੰਦੁਸਤਾਨ ਵਿਚ ਬੱਚੇ–ਬੁੱਚੇ ਦੇ ਮੂੰਹ ਤੇ ਸੀ।

25 ਅਗਸਤ, 1943 ਨੂੰ ਆਜ਼ਾਦ ਹਿੰਦ ਫੌਜ਼ ਦਾ ਸੈਨਾਪਤੀ ਬਣ ਕੇ ਸੁਭਾਸ਼ ਚੰਦਰ ਬੋਸ ਜਲਦੀ ਹੀ ਰੰਗੂਨ ਪੁੱਜ ਗਿਆ। ‘ਰਾਣੀ ਝਾਂਸੀ ਰਜਮੰਟ ਦੇ ਨਾਂ ਹੇਠ ਉਸ ਨੇ ਇਸਤਰੀਆਂ ਨੂੰ ਵੀ ਜਥੇਬੰਦ ਕੀਤਾ। ਰੰਗੂਨ ਪਹੁੰਚ ਕੇ ਉਸ ਨੇ ਆਪਣੀ ਅਗਵਾਈ ਥੱਲੇ ਆਜ਼ਾਦ ਹਿੰਦ ਫ਼ੌਜ ਦੀ ਆਰਜ਼ੀ ਹਕੂਮਤ ਕਾਇਮ ਕੀਤੀ। ਇਸ ਸਾਲ ਦੇ ਅਖ਼ੀਰ ਤੱਕ ਆਜ਼ਾਦ ਹਿੰਦ ਫ਼ੌਜ ਦੀ ਆਰਜ਼ੀ ਹਕੂਮਤ ਕਾਇਮ ਕੀਤੀ। ਇਸ ਸਾਲ ਦੇ ਅਖੀਰ ਤੱਕ ਆਜ਼ਾਦ ਹਿੰਦ ਫ਼ੌਜ ਦੀ ਗਿਣਤੀ 70 ਹਜ਼ਾਰ ਤੱਕ ਪਹੁੰਚ ਗਈ, ਜਿਸ ਵਿਚ ਬਦੇਸ਼ਾਂ ਅੰਦਰ ਵਸਦੇ ਬਾਕੀ ਭਾਰਤੀ ਵੀ ਸ਼ਾਮਲ ਸਨ।

ਇਸ ਆਜ਼ਾਦ ਹਿੰਦ ਫ਼ੌਜ ਤੋਂ ਇਲਾਵਾ ਸੁਭਾਸ਼ ਨੇ ਜਰਮਨ ਵਿਚ ਵੀ ਆਜ਼ਾਦ ਹਿੰਦ ਫੌਜ ਕਾਇਮ ਕੀਤੀ। ਪਰ ਇਸਦੀ ਗਿਣਤੀ ਸਿਰਫ ਤਿੰਨ ਹਜ਼ਾਰ ਸੀ ਤੇ ਇਹ ਹਰ ਪੱਖੋ ਜਰਮਨ ਫੌਜ ਦਾ ਹੀ ਇਕ ਹਿੱਸਾ ਸੀ।

          ਸੁਭਾਸ਼ ਦੀ ਸ਼ਖਸੀਅਤ ਤੇ ਸਿਆਣਪ ਸਦਕਾ ਆਜ਼ਾਦ ਹਿੰਦ ਫੌਜ ਅਤੇ ਜਾਪਾਨੀ ਸਰਕਾਰ ਵਿਚਕਾਰ ਮੇਲ–ਮਿਲਾਪ ਵਧ ਗਿਆ। ਇਥੋਂ ਤੱਕ ਕਿ ਜਾਪਾਨ ਨੇ ਅੰਡੇਮਾਨ ਤੇ ਨਿਕੋਬਾਰ ਟਾਪੂ ਇਸ ਫ਼ੌਜ ਨੂੰ ਆਪਣੀਆਂ ਨਵੇਕਲੀਆਂ ਸਰਗਰਮੀਆਂ ਵਾਸਤੇ ਭੇਟਾ ਕਰ ਦਿੱਤੇ। ਦਸੰਬਰ, 1943 ਵਿਚ ਸੁਭਾਸ਼ ਆਪਣੇ ਅਮਲੇ ਨਾਲ ਪੋਰਟ ਬਲੇਅਰ ਪੁੱਜ ਗਿਆ।

4 ਫਰਵਰੀ, 1944 ਨੂੰ ਆਜ਼ਾਦ ਹਿੰਦ ਫ਼ੌਜ ਨੇ ਬਰਮਾ ਵੱਲੋਂ ਪਹਿਲੀ ਵਾਰ ਹਿੰਦੁਸਤਾਨੀ ਸਰਹੱਦਾਂ ਉਤੇ ਹਮਲਾ ਕੀਤਾ ਤੇ ਡੇਢ ਮਹੀਨੇ ਦੇ ਅੰਦਰ–ਅੰਦਰ, ਜਾਪਾਨੀ ਫ਼ੌਜ ਦੇ ਨਾਲ, ਇਹ ਲੋਕ ਕੋਹੀਮਾਂ ਪਾਲੇਲ ਤੇ ਟਿੱਡਮ ਤੱਕ ਪਹੁੰਚ ਗਏ ਪਰ ਇਹ ਜਿੱਤਾਂ ਅਸਥਾਈ ਸਾਬਤ ਹੋਈਆਂ। ਰਲੀਆਂ–ਮਿਲੀਆਂ ਬਰਤਾਨਵੀਂ ਤੇ ਅਮਰੀਕੀ ਫ਼ੌਜਾਂ ਇਸ ਸਮੇਂ ਤੱਕ ਕਾਫੀ ਤਕੜੀਆਂ ਹੋ ਚੁਕੀਆਂ ਸਨ ਤੇ ਪੂਰਬ ਤੇ ਪੱਛਮ ਸਭ ਮੁਹਾਜ਼ਾਂ ਉਤੇ ਜੰਗ ਦਾ ਪਾਸਾ ਪਲਟ ਰਿਹਾ ਸੀ। ਬਰਮਾ ਵਿਚ ਵੀ ਅਗਸਤ, 1944 ਤੱਕ ਇਹ ਫੌਜਾਂ ਮੈਕਟਿਲਾ ਤੱਕ ਪੁੱਜ ਗਈਆਂ ਤੇ ਮਈ, 1945 ਵਿਚ ਉਨ੍ਹਾਂ ਨੇ ਰੰਗੂਨ ਉਤੇ ਮੁੜ ਕਬਜ਼ਾ ਕਰ ਲਿਆ। ਜਾਪਾਨੀ ਫ਼ੌਜਾਂ ਦੇ ਨਾਲ ਨਾਲ ਆਜ਼ਾਦ ਹਿੰਦ ਫ਼ੌਜ ਦੇ ਕਈ ਅਫ਼ਸਰ ਤੇ ਸਿਪਾਹੀ ਵੀ ਅੰਗਰੇਜ਼ਾਂ ਨੇ ਕੈਦੀ ਬਣਾ ਲਏ। ਹੌਲੀ ਹੌਲੀ ਸਾਰੇ ਹਿੰਦੀ ਸਿਪਾਹੀ ਵਾਪਸ ਹਿੰਦੁਸਤਾਨ ਲਿਆਂਦੇ ਗਏ ਤੇ ਬਹੁਤਿਆਂ ਨੂੰ ਸਰਕਾਰ ਨੇ ਕਈ ਹੋਰ ਦੰਡ ਦਿੱਤੇ ਬਿਨਾਂ ਨੌਕਰੀਆਂ ਤੋਂ ਬਰਖਾਸਤ ਕਰ ਦਿਤਾ।

ਇਸ ਮੁਆਮਲੇ ਸਬੰਧੀ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਹੁਣ ਤੱਕ ਹਿੰਦੁਸਤਾਨ ਵਿਚ ਆਜ਼ਾਦੀ ਦੀ ਜੰਗ ਸਮਝੇ ਜਿੱਤੀ ਹੀ ਪਈ ਸੀ। ਦੂਜੀ ਵੱਡੀ ਲੜਾਈ ਨੇ ਅੰਗਰੇਜ਼ੀ ਸਮਰਾਜ ਨੁੰ ਖੋਖਲਾ ਕਰ ਦਿਤਾ ਸੀ ਅਤੇ ਸੰਸਾਰ ਦੀ ਰਾਏ ਵੀ ਇਹੋ ਹੀ ਸੀ ਕਿ ਅੰਗਰੇਜ਼ ਹੁਣ ਭਾਰਤ ਨੂੰ ਗ਼ੁਲਾਮ ਨਹੀਂ ਰੱਖ ਸਕਣਗੇ। ਇਸੇ ਲਈ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਨਾਲ ਅੰਗਰੇਜ਼ੀ ਸਰਕਾਰ ਬਹੁਤੀ ਸਖਤੀ ਨਹੀਂ ਸੀ ਕਰਨਾ ਚਾਹੁੰਦੀ। ਕਾਂਗਰਸ ਦੇ ਹੋਰ ਨੇਤਾ ਇਸ ਸੈਨਾ ਦੀ ਪਿੱਠ ਉਤੇ ਸਨ ਅਤੇ ਸਾਰੇ ਦੇਸ਼ ਵਿਚ ਇਨ੍ਹਾਂ ਬੀਰਾਂ ਦੇ ਕਾਰਨਾਮਿਆਂ ਦੀ ਬਹੁਤ ਸ਼ਾਲਾਘਾ ਹੋ ਰਹੀ ਸੀ। ਹਕੂਮਤ ਨੇ ਕੁਝ ਅਫ਼ਸਰਾਂ ਵਿਰੁੱਧ ਫੌਜੀ ਆਦਾਲਤ ਵਿਚ ਮੁਕੱਦਮੇ ਚਲਾਏ ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਮੁਕੱਦਮਾ ਕਪਤਾਨ ਸ਼ਾਹ ਨਵਾਜ਼, ਕਪਤਾਨ ਗੁਰਬਖਸ਼ ਸਿੰਘ ਢਿੱਲੋਂ ਤੇ ਕਪਤਾਨ ਪਰੇਮ ਕੁਮਾਰ ਸਹਿਗਲ ਵਾਲਾ ਸੀ।
ਇਹ ਦਿੱਲੀ ਦੇ ਲਾਲ ਕਿਲੇ ਵਿਚ 5 ਜਨਵਰੀ,1945 ਨੂੰ ਸ਼ੁਰੂ ਹੋਇਆ ਤੇ 31 ਦਸੰਬਰ,1945 ਤੱਕ ਚਲਦਾ ਰਿਹਾ।
ਮੁਲਜ਼ਮਾਂ ਵੱਲੋਂ ਹਿੰਦੁਸਤਾਨ ਦਾ ਉੱਘਾ ਵਕੀਲ ਭੋਲਾ ਭਾਈ ਡੇਸਾਈ ਪੇਸ਼ ਹੋਇਆ। ਫੌਜੀ ਅਦਾਲਤ ਨੇ ਹਰ ਮੁਲਜ਼ਮ ਨੂੰ ਕਸੂਰਵਾਰ ਠਹਿਰਾਇਆ ਤੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਸਜ਼ਾ ਦੀ ਖਬਰ ਨਸ਼ਰ ਹੁੰਦਿਆਂ ਹੀ ਸਾਰੇ ਹਿੰਦੁਸਤਾਨ ਵਿਚ ਰੋਸ ਦਾ ਇਕ ਤੁਫ਼ਾਨ ਉੱਠ ਪਿਆ ਤੇ ਜਾਪਦਾ ਸੀ ਕਿ ਜੇ ਇਹ ਸਜ਼ਾਵਾਂ ਸੱਚੀ–ਮੁੱਚੀ ਹੀ ਅਮਲ ਵਿਚ ਲਿਆਂਦੀਆਂ ਗਈਆਂ ਤਾਂ ਦੇਸ਼ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਖ਼ਲਬਲੀ ਮੱਚ ਜਾਏਗੀ। ਨਾਜ਼ੁਕ ਹਾਲਾਤ ਨੂੰ ਸਾਹਮਣੇ ਰੱਖਦਿਆਂ ਹਿੰਦ ਸੈਨਾ ਦੇ ਕਮਾਂਡਰ–ਇਨ–ਚੀਫ਼ ਸਰ ਕਲਾਡ ਆਕਿਨਲੈਕ ਨੇ 3 ਜਨਵਰੀ, 1946 ਨੂੰ ਸ਼ਾਹ ਨਵਾਜ਼, ਢਿੱਲੋਂ ਤੇ ਸਹਿਗਲ ਦੀਆਂ ਸਜ਼ਾਵਾਂ ਰੱਦ ਕਰ ਕੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ।

*ਆਜ਼ਾਦ ਹਿੰਦ ਫ਼ੌਜ ਦਾ ਸੰਖੇਪ ਇਤਿਹਾਸ ਖ਼ਤਮ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸੁਭਾਸ਼ ਚੰਦਰ ਬੋਸ 17 ਅਗਸਤ,1945 ਨੂੰ ਸਾਇਗਾਨ ਤੋਂ ਟੋਕੀਓ ਜਾਂਦਾ ਹਵਾਈ ਹਾਦਸੇ ਵਿਚ ਸ਼ਹੀਦ ਹੋ ਗਿਆ। ਸੰਨ 1947 ਵਿਚ ਦੇਸ਼ ਦੀ ਆਜ਼ਾਦੀ ਪਿਛੋਂ ਭਾਰਤ ਸਰਕਾਰ ਨੇ ਆਜ਼ਾਦ ਹਿੰਦ ਫੌਜ ਦੇ ਅਫ਼ਸਰਾਂ ਤੇ ਸਿਪਾਹੀਆਂ ਨੂੰ ਯੋਗ ਮੁਆਵਜ਼ੇ ਦਿੱਤੇ।

ਸਰੋਤ :ਵਿਸ਼ਵ ਕੋਸ਼
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME