ਹੁਸ਼ਿਆਰਪੁਰ 21 ਜੁਲਾਈ - ਅੱਖ ਦਾਨ ਸੰਗਠਨ ਹੂਸ਼ਿਆਰਪੁਰ ਵੱਲੋਂ ਇੱਕ ਜਾਗਰੂਕਤਾ ਮੀਟਿੰਗ ਇੰਜੀਨੀਅਰ ਬਲਜੀਤ ਸਿੰਘ (XEN ਰਿਟਾਇਰਡ, PSPCL) ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਹ ਮੀਟਿੰਗ ਸ਼੍ਰੀ ਵੀ.ਕੇ. ਧੀਰ, ਸ਼੍ਰੀ ਅਮ੍ਰਿਤ ਲਾਲ ਅਤੇ ਸ਼੍ਰੀ ਵਿਜੈ ਕੁਮਾਰ ਜੀ ਦੇ ਦਫ਼ਤਰ ‘ਚ ਹੋਈ, ਜੋ ਕਿ ਪੋਸਟ ਆਫਿਸ ਸਕੀਮਾਂ ਅਤੇ LIC ਲਈ ਮਸ਼ਹੂਰ ਇਨਵੈਸਟਮੈਂਟ ਐਡਵਾਈਜ਼ਰ ਹਨ ਅਤੇ ਮੁੱਖ ਡਾਕਘਰ ਦੇ ਸਾਹਮਣੇ ਸਥਿਤ ਹਨ। ਇਸ ਮੀਟਿੰਗ ਦਾ ਮਕਸਦ ਲੋਕਾਂ ਵਿਚ ਅੱਖ ਦਾਨ ਬਾਰੇ ਜਾਗਰੂਕਤਾ ਫੈਲਾਉਣਾ ਸੀ, ਤਾਂ ਜੋ ਵਧ ਤੋਂ ਵਧ ਲੋਕ ਇਸ ਪੁਣਨ ਕਾਰਜ ਵੱਲ ਰੁਝਾਨ ਕਰ ਸਕਣ।
ਇਸ ਮੌਕੇ ਤੇ ਸ. ਸਰਵਣ ਸਿੰਘ, ਹਰਵਿੰਦਰ ਸਿੰਘ, ਹਰਬੰਸ ਸਿੰਘ, ਸ. ਗੁਰਪਾਲ ਸਿੰਘ, ਇੰਜੀ. ਹੁਸਨ ਚੰਦ ਅਤੇ ਮੈਡਮ ਹਰਵਿੰਦਰ ਕੌਰ ਹਾਜ਼ਰ ਰਹੇ। ਇਨ੍ਹਾਂ ਨੇ ਅੱਖ ਦਾਨ ਅਭਿਆਨ ਨੂੰ ਸਮਰਪਿਤ ਆਪਣੀ ਸੇਵਾ ਨਾਲ ਸਮਾਗਮ ਨੂੰ ਮਹੱਤਵਪੂਰਨ ਬਣਾਇਆ।
ਸ. ਹਰਵਿੰਦਰ ਸਿੰਘ ਨੇ ਸੰਗਠਨ ਦੇ ਸਥਾਪਕ ਮੈਂਬਰਾਂ ਇੰਜੀ. ਜਸਬੀਰ ਸਿੰਘ ਜੀ ਅਤੇ ਇੰਜੀ. ਮਲਕੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸ਼ਬਦਾਂ ‘ਚ ਸਿਰਜਿਆ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇੰਜੀ. ਬਲਜੀਤ ਸਿੰਘ ਜੀ ਦੀ ਵੀ ਤਾਰੀਫ਼ ਕੀਤੀ ਜਿਨ੍ਹਾਂ ਨੇ ਸੰਗਠਨ ਦੀ ਰੋਜ਼ਾਨਾ ਕਾਰਜਵਾਹੀ ਨੂੰ ਬਖੂਬੀ ਸੰਭਾਲਿਆ ਹੋਇਆ ਹੈ।
ਅੰਤ ਵਿੱਚ ਸ਼੍ਰੀ ਵੀ.ਕੇ. ਧੀਰ ਜੀ ਵੱਲੋਂ ਸਭ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਨਿਜ਼ੀ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।
ਵਰਨਣਯੋਗ ਹੈ ਕਿ ਅੱਖ ਦਾਨ ਸੰਗਠਨ ਹੁਸ਼ਿਆਰਪੁਰ ਲਗਾਤਾਰ ਲੋਕਾਂ ਵਿਚ ਰੌਸ਼ਨੀ ਵੰਡਣ ਦੇ ਮਿਸ਼ਨ ‘ਚ ਅੱਗੇ ਵਧ ਰਿਹਾ ਹੈ ਅਤੇ ਆਪਣੇ ਸਥਾਪਕਾਂ ਦੀ ਵਿਰਾਸਤ ਨੂੰ ਇਮਾਨਦਾਰੀ ਨਾਲ ਅੱਗੇ ਲੈ ਕੇ ਜਾ ਰਿਹਾ ਹੈ।