ਨਗਰ ਨਿਗਮ ਵੱਲੋਂ ਖਾਲੀ ਪਲਾਟ ਮਾਲਕਾਂ ਵਿਰੁੱਧ ਕਾਰਵਾਈ ਸ਼ੁਰੂ
ਹੁਸ਼ਿਆਰਪੁਰ, 21 ਜੁਲਾਈ (ਬਿਊਰੋ) ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਸਫ਼ਾਈ ਸਬੰਧੀ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੇ ਹਰੇਕ ਵਾਰਡ ਵਿਚ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਪਲਾਟ ਦੀ ਫੈਂਸਿੰਗ/ਬਾਰਡਰ ਕਰਵਾਉਣ ਸਬੰਧੀ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਕਿਉਂਕਿ ਦੇਖਣ ਵਿਚ ਆਇਆ ਹੈ ਕਿ ਸ਼ਹਿਰ ਦੇ ਵਾਰਡਾਂ ਵਿਚ ਲੋਕਾਂ ਵੱਲੋਂ ਪਲਾਟ ਆਦਿ ਦੀ ਖ਼ਰੀਦ ਕਰਕੇ ਬਿਨਾਂ ਉਸਾਰੀ ਦੇ ਇਹ ਪਲਾਟ ਖਾਲੀ ਛੱਡ ਦਿੱਤੇ ਜਾਂਦੇ ਹਨ, ਜਿਸ ਉਪਰੰਤ ਆਲੇ-ਦੁਆਲੇ ਜਾਂ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਥਾਵਾਂ 'ਤੇ ਕੂੜਾ-ਕਰਕਟ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਹਿਰ ਦਾ ਅਕਸ ਖਰਾਬ ਹੁੰਦਾ ਹੈ ਅਤੇ ਸਬੰਧਤ ਏਰੀਏ ਵਿਚ ਹਰ ਸਮੇਂ ਬਿਮਾਰੀ ਆਦਿ ਫ਼ੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅਤੇ ਆਮ ਪਬਲਿਕ ਨੂੰ ਪੁਖਤਾ ਬੁਨਿਆਦੀ ਸਹੂਲਤਾਂ ਦੇਣ ਲਈ ਨਗਰ ਨਿਗਮ ਵੱਲੋਂ ਇਸ ਮੁਹਿੰਮ ਨੂੰ ਸ਼ੁਰੂ ਕਰਵਾਇਆ ਗਿਆ ਹੈ। ਜਿਸ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਆਪਣੇ ਪਲਾਟਾਂ ਨੂੰ ਜਲਦ ਤੋਂ ਜਲਦ ਫੈਂਸਿੰਗ/ਬਾਰਡਰ ਕਰਵਾਇਆ ਜਾਵੇ ਅਤੇ ਗੰਦੇ ਪਲਾਟ ਨੂੰ ਆਪਣੇ ਪੱਧਰ 'ਤੇ ਸਾਫ਼ ਕਰਵਾ ਕੇ ਉਸ ਦੀਆਂ ਫੋਟੋਆਂ ਨਗਰ ਨਿਗਮ ਨੂੰ ਭੇਜੀਆਂ ਜਾਣ। ਜੇਕਰ ਕਿਸੇ ਵੀ ਪਲਾਟ ਮਾਲਕ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਸ ਉੱਪਰ ਗੰਭੀਰ ਨੋਟਿਸ ਲੈਂਦੇ ਹੋਏ ਨਗਰ ਨਿਗਮ ਵੱਲੋਂ ਉਸ ਪਲਾਟ ਮਾਲਕ ਵਿਰੁੱਧ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 283 ਅਧੀਨ ਬਣਦੀ ਇਕ ਤਰਫ਼ਾ ਅਨੁਸ਼ਾਸਨੀ ਕਾਰਵਾਈ ਆਰੰਭ ਦਿੱਤੀ ਜਾਵੇਗੀ, ਜਿਸ ਦੀ ਨਿੱਜੀ ਜ਼ਿੰਮੇਵਾਰੀ ਸਬੰਧਤ ਪਲਾਟ ਮਾਲਕ ਦੀ ਹੀ ਹੋਵੇਗੀ। ਇਸ ਤੋਂ ਇਲਾਵਾ ਕਮਿਸ਼ਨਰ ਵੱਲੋੰ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਅਤੇ ਆਪਣਾ ਆਲਾ-ਦੁਆਲਾ ਸਵੱਛ ਰੱਖਣ ਦੀ ਅਪੀਲ ਕੀਤੀ ਗਈ ਅਤੇ ਇਸ ਮੁਹਿੰਮ ਵਿਚ ਨਗਰ ਨਿਗਮ ਦਾ ਭਰਪੂਰ ਸਾਥ ਦੀ ਅਪੀਲ ਕੀਤੀ ਗਈ।
ਫੋਟੋ ਕੈਪਸ਼ਨ : -ਖਾਲੀ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਦੇ ਦ੍ਰਿਸ਼।