ਨਵਾਂਸ਼ਹਿਰ 4 ਜੁਲਾਈ - ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਅਤੇ ਉਹਨਾਂ ਦੀ ਪਤਨੀ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਪੁੱਤਰ ਸੰਨੀ ਲੋਈ ਦਾ ਜਨਮ ਦਿਨ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਛਾਂ ਅਤੇ ਫਲਦਾਰ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਪਲਾਟ ਵਿੱਚ ਅੰਬ, ਬਗੂਗੋਸ਼ਾ, ਕਟਹਲ, ਪਪੀਤਾ ਅਤੇ ਨਿੰਮ ਦੇ 10 ਬੂਟੇ ਲਗਾਏ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਅਤੇ ਕੈਸ਼ੀਅਰ ਕੁਲਦੀਪ ਕੁਮਾਰ ਨੇ ਤਰਸੇਮ ਲਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ ਗਿਆਰਾਂ ਸਾਲਾਂ ਤੋਂ ਹਰ ਇੱਕ ਖ਼ੁਸ਼ੀ ਦੇ ਮੌਕੇ ਨੂੰ ਬੂਟੇ ਲਗਾ ਕੇ ਮਨਾਉਣਾ ਲੋਕ ਹਿੱਤ ਅਤੇ ਕੁਦਰਤ ਲਈ ਬਹੁਤ ਵੱਡਾ ਯੋਗਦਾਨ ਹੈ। ਤਰਸੇਮ ਲਾਲ ਨੇ ਕਿਹਾ ਕਿ ਹਰਿਆਲੀ ਘਟਣ ਨਾਲ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਗਰਮੀ ਵੱਧਣ,ਮੀਂਹ ਘੱਟ ਪੈਣ,ਹਨੇਰੀ- ਝੱਖੜ ਦੇ ਨਾਲ ਅਚਾਨਕ ਹੜ੍ਹ ਆਉਣ ਆਦਿ ਕਾਰਨ ਕੁਦਰਤੀ ਆਫ਼ਤਾਂ ਵੱਧ ਦੀਆਂ ਜਾ ਰਹੀਆਂ ਹਨ।
ਇਨ੍ਹਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਖਾਸ ਕਰਕੇ ਦਰਿਆ, ਨਦੀਆਂ, ਨਹਿਰਾਂ, ਬੇਈਆਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੋਏ ਰੁੱਖ ਮਿੱਟੀ ਨੂੰ ਖੁਰਨ ਤੋਂ ਰੋਕ ਕੇ ਹੜ੍ਹਾਂ ਤੋਂ ਬਚਾਅ ਕਰਦੇ ਹਨ। ਇਸ ਲਈ ਵਾਤਾਵਰਣ ਸੰਭਾਲ ਸੁਸਾਇਟੀ ਪਿਛਲੇ 22 ਸਾਲਾਂ ਤੋਂ ਯਤਨਸ਼ੀਲ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਸਾਬਕਾ ਕੌਂਸਲਰ ਗੁਰਦੇਵ ਕੌਰ, ਕੁਲਦੀਪ ਕੁਮਾਰ, ਮਾਸਟਰ ਲਲਿਤ ਸ਼ਰਮਾਂ, ਅਰੁਣ ਬਾਲੀ, ਧਰਮਪਾਲ ਬਾਲੀ, ਤਰਲੋਚਨ ਸਿੰਘ, ਹਰਪ੍ਰੀਤ ਹੈਪੀ ਅਤੇ ਬਲਜੀਤ ਚੋਪੜਾ ਵੀ ਹਾਜ਼ਰ ਸਨ।