ਸਰਕਾਰੀ ਸਕੂਲਾਂ ਵਿਚ ਦਾਖ਼ਲਿਆਂ ਦਾ ਮਹਾਂ-ਅਭਿਆਨ

ਕੈਪਸ਼ਨ: ਡਾ.ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਣਕਾਰੀ ਦਿੰਦੇ ਹੋਏ।

ਕੈਪਸ਼ਨ: ਡਾ.ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਣਕਾਰੀ ਦਿੰਦੇ ਹੋਏ।
ਨਵਾਂਸ਼ਹਿਰ 11 ਮਾਰਚ :- ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ ਦਿੱਤਾ। ਬੀਤੇ ਕੱਲ ਇੱਕੋ ਦਿਨ ਵਿੱਚ ਜ਼ਿਲੇ ਦੇ ਸਕੂਲਾਂ ਵਿੱਚ 2340 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਨੇ 1 ਦਿਨ ਵਿੱਚ 1 ਲੱਖ ਨਵੇਂ ਦਾਖਲੇ ਕਰਨ ਦਾ ਟੀਚਾ ਮਿਥਿਆ ਸੀ ਜਿਸਦੇ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ।
ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਡਾ .ਕੁਲਤਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲੇ ਵਿੱਚ 2118 ਨਵੇਂ ਵਿਦਿਆਰਥੀ ਦਾਖਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 2340 (110.47%) ਤੱਕ ਪਹੁੰਚ ਗਿਆ। ਉਹਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਅਧਿਆਪਕ ਵਰਗ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ ਵੱਖ ਜ਼ਿਲਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖਲੇ ਕੀਤੇ। ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਕੱਲ ਇੱਕੋ ਦਿਨ ਵਿੱਚ ਬਲਾਕ ਔਡ਼ ਵਿਚ 360, ਬੰਗਾ ਵਿਚ 316, ਬਲਾਚੌਰ-1 ਵਿਚ 324, ਬਲਾਚੌਰ-2 ਵਿਚ 285,ਮੁਕੰਦਪੁਰ ਵਿਚ 313, ਨਵਾਂਸ਼ਹਿਰ -1 ਵਿਚ 500 ਅਤੇ ਬਲਾਕ ਸੜੋਆ ਵਿਚ 242 ਵਿਦਿਆਰਥੀਆਂ ਨੇ ਨਵੇਂ ਦਾਖਲੇ ਹੋਏ।
ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲਾ ਸਿੱਖਿਆ ਅਫਸਰਾਂ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਸੱਤ ਵਿੱਦਿਅਕ ਬਲਾਕਾਂ ਵਿੱਚ ਦਾਖਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਬਲਾਕ ਨਵਾਂਸ਼ਹਿਰ -1 ਨੇ ਰਿਕਾਰਡ ਕਾਇਮ ਕਰਦਿਆਂ 500 ਦਾਖਲੇ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਬੀ ਪੀ ਈ ਓ ਰੋਸ਼ਨ ਲਾਲ ਨਵਾਂਸ਼ਹਿਰ-1 ਨੇ ਦੱਸਿਆ ਕਿ ਉਹਨਾਂ ਦੇ ਬਲਾਕ ਵਿੱਚ ਕੱਲ 500 ਨਵੇਂ ਦਾਖਲੇ ਹੋਏ ਹਨ। ਬੀ ਪੀ ਈ ਓ ਔਡ਼ ਗੁਰਪਾਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ, ਗੁਰਦਿਆਲ ਸਿੰਘ ਅਤੇ ਨੀਲ ਕਮਲ ਸਮੇਤ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਇੱਟਾਂ ਦੇ ਭੱਠਿਆਂ ਅਤੇ ਉਦਯੋਗਿਕ ਅਦਾਰਿਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਦਾਖਲਿਆਂ ਸਬੰਧੀ ਪ੍ਰੇਰਿਤ ਵੀ ਕੀਤਾ। ਸੀ ਐਚ ਟੀ ਮਨਦੀਪ ਕੌਰ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਨੇ ਵਿਦਿਆਰਥੀਆਂ ਦੇ ਸਿਰਫ ਨਵੇਂ ਦਾਖਲੇ ਹੀ ਨਹੀਂ ਕੀਤੇ ਸਗੋਂ ਨਵੀਂ ਰੂਹ ਵੀ ਫੂਕੀ ਹੈ ਜਿਸਦੇ ਬਹੁਤ ਸਾਰਥਕ ਨਤੀਜੇ ਮਿਲਣਗੇ। ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।