ਨਵਾਂਸ਼ਹਿਰ 9 ਮਾਰਚ:- ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਚ ਸਰਾਇਆ ਇੰਡਸਟਰੀਜ਼ ਲਿਮ:ਦਾ ਚੱਲ ਰਿਹਾ ਕੋਜੈਨਰੇਸ਼ਨ ਪਾਵਰ ਪਲਾਂਟ ਵਲੋਂ ਨਵਾਂਸ਼ਹਿਰ ਵਾਸੀਆਂ ਉੱਤੇ ਲਗਾਤਾਰ ਸੁਆਹ ਸੁੱਟੀ ਜਾ ਰਹੀ ਸੁਆਹ ਨੂੰ ਬੰਦ ਕਰਾਉਣ ਲਈ ਰਣਨੀਤੀ ਘੜਨ ਲਈ ਅਗਲੀ ਮੀਟਿੰਗ 12 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਗੁਰਦੁਆਰਾ ਮੰਜੀ ਸਾਹਿਬ , ਬੰਗਾ ਰੋਡ ਨਵਾਂਸ਼ਹਿਰ ਵਿਖੇ ਰੱਖੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਦੱਸਿਆ ਕਿ ਮੰਚ ਦੀ ਟੀਮ ਨੇ ਅੱਜ ਪਾਵਰ ਪਲਾਂਟ ਦਾ ਦੌਰਾ ਕਰਕੇ ਦੇਖਿਆ ਕਿ ਪਾਵਰ ਪਲਾਂਟ ਦੀ ਸੁਆਹ ਰੋਕਣ ਵਾਲੀ ਮਸ਼ੀਨਰੀ ਦੀ ਫਿਟਿੰਗ ਦਾ ਕੰਮ ਧੀਮੀ ਰਫਤਾਰ ਨਾਲ ਚੱਲ ਰਿਹਾ ਹੈ । ਸ਼ਹਿਰ ਵਾਸੀ ਸੁਆਹ ਦਾ ਸੰਤਾਪ ਲਗਾਤਾਰ ਭੋਗ ਰਹੇ ਹਨ ਪਰ ਜਿਲਾ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਅਰਾਮ ਦੀ ਨੀਂਦ ਸੁੱਤਾ ਪਿਆ ਹੈ ਜਿਸਨੂੰ ਲੋਕਾਂ ਦੀ ਸਿਹਤ ਦੀ ਜਰਾ ਵੀ ਚਿੰਤਾ ਨਹੀਂ ਲੱਗਦੀ । ਉਹਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨਾਲ ਇਕ ਵਾਰ ਫਿਰ ਵਾਅਦਾ ਕੀਤਾ ਸੀ ਕਿ 28 ਫਰਵਰੀ ਤੱਕ ਸੁਆਹ ਡਿੱਗਣੀ ਮੁਕੰਮਲ ਤੌਰ ਉੱਤੇ ਬੰਦ ਹੋ ਜਾਵੇਗੀ। ਉਹਨਾਂ ਡਿਪਟੀ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਹਨਾਂ ਦੇ ਉਸ ਦਾਅਵੇ ਦਾ ਕੀ ਬਣਿਆਂ? ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਅਜਿਹੇ ਭਰੋਸੇ ਦਿਵਾ ਚੁੱਕੇ ਹਨ ਜਿਹਨਾਂ ਨੂੰ ਪੂਰਾ ਕਰਵਾਉਣ ਤੋਂ ਉਹ ਹੁਣ ਤੱਕ ਅਸਮਰੱਥ ਰਹੇ ਹਨ ਜਦਕਿ ਇਹ ਵਾਅਦੇ ਅਤੇ ਦਾਅਵੇ ਪੂਰੇ ਕਰਾਉਣ ਦੀ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ। ਇਸ ਸੁਆਹ ਨਾਲ ਲੋਕਾਂ ਦੀਆਂ ਅੱਖਾਂ ਜਖਮੀ ਹੋ ਰਹੀਆਂ ਹਨ, ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਲੋਕ ਕੱਪੜੇ ਧੋਕੇ ਬਾਹਰ ਸੁੱਕਣੇ ਨਹੀਂ ਪਾ ਸਕਦੇ। ਔਰਤਾਂ ਸਾਰਾ ਦਿਨ ਘਰਾਂ ਦੀਆਂ ਸਫਾਈਆਂ ਵਿੱਚ ਲੱਗੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਾਸੀ ਇਸ ਸੁਆਹ ਨੂੰ ਬੰਦ ਕਰਨ ਦੀ ਮੰਗ ਨੂੰ ਲੈਕੇ ਮੁਜਾਹਰਾ ਕਰ ਚੁੱਕੇ ਹਨ, ਪਾਵਰ ਪਲਾਂਟ ਦਾ ਘਿਰਾਓ ਕਰ ਚੁੱਕੇ ਹਨ ਅਤੇ ਚੰਡੀਗੜ ਚੌਂਕ ਵਿੱਚ ਧਰਨਾ ਲਾ ਚੁੱਕੇ ਹਨ।ਉਹਨਾਂ ਕਿਹਾ ਕਿ ਲੋਕ ਸੰਘਰਸ਼ ਮੰਚ 12 ਮਾਰਚ ਦੀ ਮੀਟਿੰਗ ਵਿੱਚ ਕੋਈ ਸਖਤ ਫੈਸਲਾ ਲਵੇਗਾ। ਅੱਜ ਪਾਵਰ ਪਲਾਂਟ ਦਾ ਦੌਰਾ ਕਰਨ ਵਾਲਿਆਂ ਵਿੱਚ ਅਸ਼ਵਨੀ ਜੋਸ਼ੀ, ਪਰਵੀਨ ਭਾਟੀਆ ਐਮ.ਸੀ, ਸਤਨਾਮ ਸਿੰਘ ਗੁਲਾਟੀ, ਐਡਵੋਕੇਟ ਪਰਮਜੀਤ ਸਿੰਘ ਬਖਸ਼ੀ ਪ੍ਰਧਾਨ ਬਾਰ ਐਸੋਸੀਏਸ਼ਨ ਨਵਾਂਸ਼ਹਿਰ, ਅਸ਼ਵਨੀ ਵਲੱਗਣ, ਵਿਵੇਕ ਮਾਰਕੰਡਾ, ਪ੍ਰਫੈਸਰ ਇਕਬਾਲ ਸਿੰਘ ਚੀਮਾ, ਸਤਨਾਮ ਸਿੰਘ ਸੁੱਜੋਂ ਮੰਚ ਆਗੂ ਸ਼ਾਮਲ ਸਨ।
ਕੈਪਸ਼ਨ :ਪਾਵਰ ਪਲਾਂਟ ਦੇ ਦੌਰੇ ਸਮੇਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਆਗੂ।