2️⃣4️⃣ ਜਨਵਰੀ,1928
*ਰਘਬੀਰ ਸਿੰਘ ਰਾਜਾਸਾਸੀ ਨੇ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਈ।ਸਾਈਮਨ ਕਮਿਸ਼ਨ ਦੇ ਆਉਣ ‘ਤੇ ਓਸ ਵੇਲੇ ਦੇ ਖਾੜਕੂ-ਸੁਰ ਵਾਲੇ ਅਕਾਲੀ ਆਗੂ ਕਾਂਗਰਸ ਨਾਲ ਰਲ ਕੇ ਇਸ ਕਮਿਸ਼ਨ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਸਨ ਤੇ ਦੂਜੇ ਪਾਸੇ ਚੀਫ਼ ਖਾਲਸਾ ਦੀਵਾਨ ਅਤੇ ਇਸ ਦੇ ਹਿਮਾਇਤੀਆਂ ਨੇ ਸਾਈਮਨ ਕਮਿਸ਼ਨ ਕੋਲ ਪੇਸ਼ ਹੋ ਕੇ ਸਿੱਖਾਂ ਦਾ ਪੱਖ ਪੇਸ਼ ਕਰਨ ਦਾ ਫ਼ੈਸਲਾ ਕੀਤਾ।*
ਇਨ੍ਹਾਂ ਦੀ ਇਕ ਮੀਟਿੰਗ 24 ਜਨਵਰੀ,1928 ਦੇ ਦਿਨ ਰਾਜਾਸਾਂਸੀ (ਅੰਮ੍ਰਿਤਸਰ) ਵਿਚ ਲੈਫ਼ਟੀਨੈਂਟ ਕਰਨਲ ਰਘੁਬੀਰ ਸਿੰਘ ਦੇ ਸੱਦੇ ’ਤੇ ਹੋਈ। ਇਸ ਵਿਚ ਸਰ ਜੋਗਿੰਦਰਾ ਸਿੰਘ (ਜ਼ਰਾਇਤ ਵਜ਼ੀਰ, ਪੰਜਾਬ) ਤੋਂ ਇਲਾਵਾ ਪੰਜਾਬ ਕੌਂਸਲ ਦੇ ਕੁਝ ਸਿੱਖ ਮੈਂਬਰ ਅਤੇ ਚੀਫ਼ ਖਾਲਸਾ ਦੀਵਾਨ ਦੇ ਕੁਝ ਆਗੂ ਸਾਮਿਲ ਹੋਏ।
ਇਨ੍ਹਾਂ ਨੇ ਇਸ ਮੀਟਿੰਗ ਵਿਚ ‘‘ਸੈਂਟਰਲ ਸਿੱਖ ਐਸੋਸੀਏਸ਼ਨ’’ ਨਾਂ ਦੀ ਜਥੇਬੰਦੀ ਬਨਾਉਣ ਦਾ ਫ਼ੈਸਲਾ ਕੀਤਾ। ਇਨ੍ਹਾਂ ਵਿਚੋਂ ਕਈ ਆਗੂ ਪਹਿਲੋਂ ‘‘ਸੈਂਟਰਲ ਸਿੱਖ ਲੀਗ’’ ਨਾਲ ਵੀ ਸਬੰਧਤ ਸਨ ਪਰ ਅਕਤੂਬਰ 1920 ਵਿਚ ਉਸ ’ਤੇ ਖਾੜਕੂ ਅਕਾਲੀ ਧੜੇ ਦਾ ਕਬਜ਼ਾ ਹੋ ਜਾਣ ਮਗਰੋਂ ਇਹ ਲੋਕ ਉਸ ਤੋਂ ਦੂਰ ਹੋ ਗਏ ਸਨ ਤੇ ਉਨ੍ਹਾਂ ਨੇ ਇਸ ਦੇ ਮੁਕਾਬਲੇ ’ਤੇ ਇਹ ਜਥੇਬੰਦੀ ਬਣਾਈ ਗਈ ਸੀ।
ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਸਾਈਮਨ ਕਮਿਸ਼ਨ ਕੋਲ ਪੇਸ਼ ਹੋ ਕੇ ਸਿੱਖਾਂ ਦਾ ਪੱਖ ਜ਼ਰੂਰ ਪੇਸ਼ ਕੀਤਾ ਜਾਵੇ। ਇਸ ਸਬੰਧ ਵਿਚ ਪਾਸ ਕੀਤਾ ਗਿਆ ਕਿ ‘‘ਅਸੀਂ ਇਸ ਸੂਬੇ ਵਿਚ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਦੇ ਮਾਲਿਕ ਹਾਂ ਅਤੇ ਸਰਕਾਰ ਨੂੰ ਤੀਜੇ ਹਿੱਸੇ ਤੋਂ ਵੱਧ ਲਗਾਨ ਦੇਂਦੇ ਹਾਂ।
ਬਰਤਾਨੀਆਂ ਦੀ ਭਾਰਤ ਵਿਚ ਫ਼ੌਜੀ ਤਵਾਰੀਖ਼ ਵਿਚ ਵੀ ਸਾਡਾ ਰਿਕਾਰਡ ਬੇਮਿਸਾਲ ਹੈ। ਮੁਲਕ ਨਾਲ ਵਫ਼ਾਦਾਰੀ ਅਤੇ ਸਾਡੀਆਂ ਕੁਰਬਾਨੀਆਂ ਕਰ ਕੇ ਖ਼ਾਸ ਸਹੂਲਤਾਂ ਸਬੰਧੀ ਸਾਡਾ ਦਾਅਵਾ ਸਹੀ ਹੈ।’’ ਇਸ ਮੀਟਿੰਗ ਵਿਚ ਇਹ ਮੰਗ ਵੀ ਕੀਤੀ ਗਈ ਕਿ ਸਿੱਖਾਂ ਨੂੰ ਸੈਂਟਰ ਅਤੇ ਸੂਬਾਈ ਵਜ਼ਾਰਤਾਂ ਵਿਚ ਹਿੱਸਾ ਦਿਤਾ ਜਾਵੇ ਅਤੇ ਵਾਇਸਰਾਏ ਦੀ ਕੌਂਸਲ ਵਿਚ ਵੀ ਇਕ ਸਿੱਖ ਸ਼ਾਮਿਲ ਕੀਤਾ ਜਾਵੇ।
ਉਝ ਇਸ ਮੀਟਿੰਗ ਨੇ ਵੀ, ਕਾਂਗਰਸ ਤੇ ਅਕਾਲੀ ਦਲ ਵਾਂਗ, ਇਸ ਕਮਿਸ਼ਨ ਵਿਚ ਕਿਸੇ ਭਾਰਤੀ ਨੂੰ ਸ਼ਾਮਿਲ ਨਾ ਕਰਨ ਤੇ ਰੋਸ ਜ਼ਾਹਿਰ ਕੀਤਾ।
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_