ਮੁੱਖ ਮੰਤਰੀ ਪੰਜਾਬ ਇਸਦਾ ਕੱਢਣ ਜੀਰਾ ਸ਼ਰਾਬ ਫੈਕਟਰੀ ਵਾਂਗੂੰ ਕੋਈ ਹੱਲ
ਨਵਾਂਸ਼ਹਿਰ 17 ਜਨਵਰੀ :- ਸਹਿਕਾਰੀ ਖੰਡ ਮਿੱਲ ਵਿਚ ਚੱਲ ਰਿਹਾ ਸਰਾਇਆ ਇੰਡਸਟਰੀਜ਼ ਦਾ ਕੋ-ਜੇਨਰੇਸ਼ਨ ਪਾਵਰ ਪਲਾਂਟ ਵਿੱਚੋਂ ਨਿਕਲਦੀ ਸੁਆਹ ਨਵਾਂਸ਼ਹਿਰ ਵਾਸੀਆਂ ਲਈ ਜਾਨ ਦਾ ਖੌਅ ਬਣੀ ਹੋਈ ਹੈ ਪਰ ਇਸ ਪਲਾਂਟ ਦੇ ਪ੍ਰਬੰਧਕ ਨਿੱਤ ਨਵਾਂ ਝੂਠ ਮਾਰ ਰਹੇ ਹਨ ਜਦਕਿ ਜਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਪਾਵਰ ਪਲਾਂਟ ਦੇ ਪ੍ਰਦੂਸ਼ਣ ਨੂੰ ਰੋਕਣ ਤੋਂ ਅਸਮਰੱਥ ਸਾਬਤ ਹੋ ਰਹੇ ਹਨ। ਇਸ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਹੈ ਕਿ ਜਿਲਾ ਪ੍ਰਸ਼ਾਸਨ ਵੱਲੋਂ 11 ਜਨਵਰੀ ਨੂੰ ਇਸ ਸਬੰਧੀ ਕੀਤੀ ਗਈ ਵੱਡੀ ਮੀਟਿੰਗ ਵਿਚ ਇਸ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਡਾਇਰੈਕਟਰ ਨੇ ਆਖਿਆ ਸੀ ਕਿ ਸਕਰਬਰ ਤਿਆਰ ਹੋਕੇ ਉਹਨਾਂ ਦੇ ਪਾਵਰ ਪਲਾਂਟ ਵਿਚ ਪਹੁੰਚ ਜਾਵੇਗਾ ਜਿਸਨੂੰ ਫਿੱਟ ਕਰਨ ਉੱਤੇ ਸੁਆਹ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ ਹੁਣ ਸਕਰਬਰ 15 ਤੋਂ 17 ਫਰਵਰੀ ਤੱਕ ਫਿਟ ਕਰ ਲਏ ਜਾਣ ਦੀਆਂ ਗੱਲਾਂ ਕਰ ਰਹੇ ਹਨ।ਇਸਦਾ ਮਤਲਵ ਹੈ ਕਿ ਇਸ ਤਰ੍ਹਾਂ ਆਖਕੇ ਪਾਵਰ ਪਲਾਂਟ ਦੇ ਪ੍ਰਬੰਧਕ ਘੱਟੋ ਘੱਟ ਇਕ ਮਹੀਨੇ ਲਈ ਹੋਰ ਸੁਆਹ ਦਾ ਪ੍ਰਦੂਸ਼ਣ ਫੈਲਾਉਣ ਦਾ ਹੱਕਦਾਰ ਸਮਝਦੇ ਹਨ ਉਹਨਾਂ ਦੇ ਇਸ ਹੱਕ ਉੱਤੇ ਪ੍ਰਸ਼ਾਸਨ ਨੇ ਸਹੀ ਮਾਰ ਦਿੱਤੀ ਹੈ ਪਰ ਲੋਕ ਸੰਘਰਸ਼ ਮੰਚ ਨੂੰ ਇਹ ਮਨਜੂਰ ਨਹੀਂ।
ਜਸਬੀਰ ਦੀਪ ਨੇ ਕਿਹਾ ਹੈ ਕਿ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਉੱਤੇ ਬਹੁਤ ਹੀ ਘਾਤਕ ਕਿਸਮ ਦੀਆਂ ਕੀੜੇ ਮਾਰ ਦਵਾਈਆਂ ਦਾ ਛਿੜਕਾਅ ਹੁੰਦਾ ਹੈ, ਝੋਨੇ ਦੀ ਪਰਾਲੀ ਨਾਲ ਇਹ ਕੀੜੇ ਮਾਰ ਦਵਾਈਆਂ ਰਹਿੰਦੀਆਂ ਹਨ ਇਸ ਪਾਵਰ ਪਲਾਂਟ ਵਿਚ ਇਹ ਝੋਨੇ ਦੀ ਪਰਾਲੀ ਸਾੜੀ ਜਾ ਰਹੀ ਹੈ ਜਿਸ ਦੀ ਜਹਿਰੀਲੀ ਸੁਆਹ ਸਾਹ ਰਾਹੀਂ ਲੋਕਾਂ ਦੇ ਅੰਦਰ ਜਾ ਰਹੀ ਹੈ । ਡਾਕਟਰਾਂ ਅਨੁਸਾਰ ਇਸ ਸੁਆਹ ਨਾਲ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ। ਇਹ ਸੁਆਹ ਫੇਫੜਿਆਂ ਵਿੱਚ ਜਾਕੇ ਜੰਮ ਜਾਂਦੀ ਹੈ,ਪੇਟ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ।ਇਹ ਸੁਆਹ ਗਲੇ ਦੀ ਸੋਜ,ਦਮੇਂ ਦੀ ਬਿਮਾਰੀ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ। ਇਸ ਨਾਲ ਚਮੜੀ ਦੀ ਅਲਰਜੀ, ਨੱਕ ਦੀਆਂ ਛਿੱਕਾਂ ਪੈਦਾ ਕਰਦੀ ਹੈ।ਇਹ ਸੁਆਹ ਅੱਖਾਂ ਦੀ ਅਲਰਜੀ ਪੈਦਾ ਕਰਦੀ ਹੈ, ਅੱਖਾਂ ਵਿੱਚ ਜਖਮ ਕਰਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।
ਜਸਬੀਰ ਦੀਪ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਰਾਹੀਂ ਸ਼ਹਿਰ ਅਤੇ ਪ੍ਰਭਾਵਿਤ ਪਿੰਡਾਂ ਵਿੱਚ ਘਰ ਘਰ ਜਾਕੇ ਪਾਵਰ ਪਲਾਂਟ ਦੀ ਸੁਆਹ ਨਾਲ ਵਿਅਕਤੀਆਂ ਦੇ ਉਕਤ ਤਰ੍ਹਾਂ ਦੇ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਤਾਂ ਇਸ ਸਬੰਧੀ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਸਲਾਬਤਪੁਰ (ਜੀਰਾ) ਦੀ ਸ਼ਰਾਬ ਦੀ ਫੈਕਟਰੀ ਵਾਂਗੂੰ ਕੋਈ ਰਾਹ ਕੱਢਕੇ ਨਵਾਂਸ਼ਹਿਰ ਨੂੰ ਵਾਸੀਆਂ ਨੂੰ ਜਹਿਰੀਲੀ ਸੁਆਹ ਦੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ।