ਨਵਾਂਸ਼ਹਿਰ, 12 ਜਨਵਰੀ :- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਪੇਂਡੂ ਵਿਕਾਸ ਕਾਰਜਾਂ ਦੇ ਜਾਇਜ਼ੇ ਲਈ ਪਿੰਡਾਂ ’ਚ ਕੈਂਪ ਲਾਉਣ ਦੇ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਲੜੀ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਾਹਲੋਂ ਦੇ ਜੰਝ ਘਰ ਵਿਖੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੈਂਪ ਲਾਇਆ ਗਿਆ।
ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਜੋ ਕਿ ਇਸ ਕੈਂਪ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਪੁੱਜੇ ਨੇ ਦੱਸਿਆ ਕਿ ਇਸ ਕੈਂਪ ’ਚ ਸਾਹਲੋਂ ਸਮੇਤ ਆਲੇ-ਦੁਆਲੇ ਦੇ ਪਿੰਡਾਂ ਸਕੋਹਪੁਰ, ਕਮਾਮ, ਸੋਢੀਆਂ ਤੇ ਗੜ੍ਹ ਪਧਾਣਾ ਦੇ ਪੰਚਾਇਤੀ ਕਾਰਜਾਂ ਦਾ ਮੁਲਾਂਕਣ ਕਰਨ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ/ਵਸਨੀਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪਿੰਡਾਂ ’ਚ ਚਲਦੇ ਵਿਕਾਸ ਕਾਰਜਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਬਲਾਕ ਔੜ ਦੇ ਬੀ ਡੀ ਪੀ ਓ ਹੇਮ ਰਾਜ ਨੂੰ ਲੋੜੀਂਦੀ ਕਾਰਵਾਈ ਕਰਨ ਅਤੇ ਮੁਸ਼ਕਿਲ ਦੀ ਸੂਰਤ ’ਚ ਏ ਡੀ ਸੀ (ਪੇਂਡੂ ਵਿਕਾਸ) ਦੇ ਦਫ਼ਤਰ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ, ਮਾਲ ਮਹਿਕਮੇ, ਖੁਰਾਕ ਤੇ ਸਪਲਾਈ ਮਹਿਕਮੇ, ਮੰਡੀ ਬੋਰਡ, ਪੇਂਡੂ ਜਲ ਸਪਲਾਈ ਵਿਭਾਗ, ਪਾਵਰਕਾਮ, ਸੀ ਡੀ ਪੀ ਓ ਅਤੇ ਮਨਰੇਗਾ ਨਾਲ ਸਬੰਧਤ ਮੁਸ਼ਕਿਲਾਂ ਆਈਆਂ ਜਿਨ੍ਹਾਂ ਨੂੰ ਇਨ੍ਹਾਂ ਵਿਭਾਗਾਂ ਨੂੰ ਸਮਾਂ-ਬੱਧ ਨਿਪਟਾਰੇ ਲਈ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਅਜਿਹੇ ਕੈਂਪ ਹੋਰਨਾਂ ਪਿੰਡਾਂ ’ਚ ਵੀ ਲਾਏ ਜਾਣਗੇ।