ਨਵਾਂਸ਼ਹਿਰ 19 ਜਨਵਰੀ :- ਅੱਜ ਨਿਊ ਆਟੋ ਵਰਕਰਜ਼ ਯੁਨੀਅਨ(ਇਫਟੂ) ਨਵਾਂਸ਼ਹਿਰ ਨੇ ਇੱਥੇ ਭਰਵੀਂ ਮੀਟਿੰਗ ਕਰਕੇ ਸ਼ਹਿਰ ਵਿੱਚ ਡਿੱਗ ਰਹੀ ਸੁਆਹ ਬੰਦ ਕਰਵਾਉਣ ਲਈ ਕੋਜੈਨਰੇਸ਼ਨ ਪਾਵਰ ਪਲਾਂਟ ਦੇ 24 ਜਨਵਰੀ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਨਿਊ ਆਟੋ ਵਰਕਰਜ਼ ਯੁਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕਲੇਰ ਅਤੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿੱਚ ਚੱਲ ਰਿਹਾ ਨਿੱਜੀ ਕੰਪਨੀ ਦਾ ਕੋਜੈਨਰੇਸ਼ਨ ਪਾਵਰ ਪਲਾਂਟ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਉੱਤੇ ਜਹਿਰੀਲੀ ਸੁਆਹ ਸੁੱਟ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਸੁਆਹ ਦੇ ਮਨੁੱਖੀ ਸਿਹਤ ਉੱਤੇ ਘਾਤਕ ਅਸਰ ਭਵਿੱਖ ਵਿੱਚ ਸਾਹਮਣੇ ਆਉਣਗੇ।ਸੁਆਹ ਦੀ ਇਹ ਸਮੱਸਿਆ ਦਸੰਬਰ 2022 ਤੋਂ ਕਾਫੀ ਵਧੀ ਹੋਈ ਹੈ । ਜਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਵਾਰ ਵਾਰ ਲਿਆਉਣ ਦੇ ਬਾਵਜੂਦ ਨਾ ਤਾਂ ਇਸ ਸਮੱਸਿਆ ਦਾ ਹੱਲ ਕਰਵਾਇਆ ਨਾ ਹੀ ਪਾਵਰ ਪਲਾਂਟ ਦੇ ਪ੍ਰਬੰਧਕਾਂ ਵਿਰੁੱਧ ਕੋਈ ਠੋਸ ਕਾਨੂੰਨੀ ਕਾਰਵਾਈ ਕੀਤੀ ,ਮੀਟਿੰਗਾਂ ਕਰਕੇ ਅਤੇ ਬਿਆਨਬਾਜੀ ਕਰਕੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਇਹ ਜਹਿਰੀਲੀ ਸੁਆਹ ਲਗਾਤਾਰ ਲੋਕਾਂ ਉੱਤੇ ਸੁੱਟਣ ਲਈ ਸਮਾਂ ਵਧਾਇਆ ਜਾਂਦਾ ਰਿਹਾ।ਆਗੂਆਂ ਨੇ ਕਿਹਾ ਕਿ ਆਟੋ ਵਰਕਰ ਯੂਨੀਅਨ ਦੇ ਵਰਕਰ ਖੁਦ ਵੀ ਇਸ ਘਿਰਾਓ ਵਿੱਚ ਸ਼ਾਮਲ ਹੋਣਗੇ ਅਤੇ ਆਪਣੇ ਆਟੋਆਂ ਰਾਹੀਂ ਢੋਅ ਕੇ ਘਿਰਾਓ ਕਰਨ ਵਾਲੇ ਲੋਕਾਂ ਨੂੰ ਘਿਰਾਓ ਵਾਲੀ ਥਾਂ ਤੇ ਲਿਆਉਣਗੇ।ਇਸ ਮੀਟਿੰਗ ਨੂੰ ਵਿਜੈ, ਹਰਬੰਸ ਸਿੰਘ, ਰੋਹਿਤ, ਲਵਲੀ, ਤਰਨਦੀਪ ਅਤੇ ਅਵਤਾਰ ਸਿੰਘ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ : ਪਾਵਰ ਪਲਾਂਟ ਦੇ ਪ੍ਰਬੰਧਕਾਂ ਅਤੇ ਜਿਲਾ ਪ੍ਰਸ਼ਾਸਨ ਵਿਰੁੱਧ ਨਾਹਰੇਬਾਜੀ ਕਰਦੇ ਹੋਏ ਆਟੋ ਵਰਕਰ।