ਨਵਾਂਸ਼ਹਿਰ 16 ਫਰਵਰੀ :- ਅੱਜ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ 16 ਫਰਵਰੀ 1987 ਨੂੰ ਟੈਗੋਰ ਮਾਡਲ ਸਕੂਲ ਨਵਾਂਸ਼ਹਿਰ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਮਲਬੇ ਹੇਠਾਂ ਆਕੇ ਮਾਰੇ ਗਏ 17 ਬੱਚਿਆਂ ਅਤੇ 2 ਅਧਿਆਪਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਮ੍ਰਿਤਕਾਂ ਦੀ ਯਾਦ ਵਿੱਚ ਬਣੇ ਸਥਾਨਕ ਫੱਟੀ ਬਸਤਾ ਚੌਂਕ ਵਿੱਚ ਇਕੱਤਰ ਹੋਏ ਆਗੂਆਂ ਨੇ ਫੁੱਲ ਪੱਤੀਆਂ ਭੇਂਟ ਕਰਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਰੁਪਿੰਦਰ ਕੌਰ ਦੁਰਗਾ ਪੁਰ, ਹਰਬੰਸ ਕੌਰ, ਕਿਰਨਜੀਤ ਕੌਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜੂ ਬਰਨਾਲਾ ਨੇ ਕਿਹਾ ਟੈਗੋਰ ਮਾਡਲ ਸਕੂਲ ਦਾ ਵਾਪਰਿਆ ਦੁਖਾਂਤ ਬਹੁਤ ਵੱਡਾ ਅਤੇ ਕਦੇ ਵੀ ਨਾ ਭੁਲਾਉਣਯੋਗ ਹੈ।ਜਿਸਦੇ ਸੱਲ੍ਹ ਅੱਜ ਵੀ ਨਵਾਂਸ਼ਹਿਰ ਵਾਸੀਆਂ ਦੇ ਦਿਲਾਂ ਉੱਤੇ ਤਾਜਾ ਹਨ।ਅਧਿਆਪਕ ਮਲਕੀਤ ਸਿੰਘ ਅਤੇ ਅਧਿਆਪਕਾ ਅਨੀਤਾ ਭੰਡਾਰੀ ਇਸ ਹਾਦਸੇ ਦੇ ਅਜਿਹੇ ਸ਼ਹੀਦ ਹਨ ਜੋ ਬੱਚਿਆਂ ਦੀਆਂ ਜਾਨਾਂ ਬਚਾਉਂਦੇ ਹੋਏ ਆਪਣੀਆਂ ਜਿੰਦਗੀਆਂ ਨਿਛਾਵਰ ਕਰ ਗਏ। ਉਹਨਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਈ ਵਪਾਰਕ ਅਦਾਰੇ, ਧਾਰਮਿਕ , ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਆਪਣੀ ਮਸ਼ਹੂਰੀ ਲਈ ਇਸ ਚੌਂਕ ਤੇ ਆਪਣੇ ਬੈਨਰ ਅਤੇ ਫਲੈਕਸ ਲਾਕੇ ਇਸ ਯਾਦਗਾਰ ਨੂੰ ਢਕਣ ਦਾ ਯਤਨ ਕਰਦੀਆਂ ਹਨ।ਉਹਨਾਂ ਕਿਹਾ ਕਿ ਇਸ ਦੁਰਘਟਨਾ ਬਾਰੇ ਉਸ ਸਮੇਂ ਜਮਹੂਰੀ ਅਧਿਕਾਰ ਸਭਾ (ਏ ਐਫ ਡੀ ਆਰ) ਨਵਾਂਸ਼ਹਿਰ ਨੇ ਇਕ ਜਾਂਚ ਰਿਪੋਰਟ ਛਾਪਕੇ ਲੋਕਾਂ ਵਿੱਚ ਵੰਡੀ ਸੀ ਜਿਸ ਵਿੱਚ ਇਸ ਘਟਨਾ ਦਾ ਮੁੱਖ ਕਾਰਨ ਸਕੂਲ ਦੀ ਪੁਰਾਣੀ ਅਤੇ ਜਰਜਰ ਹੋ ਚੁੱਕੀ ਸਕੂਲ ਦੀ ਇਮਾਰਤ ਨੂੰ ਦੱਸਿਆ ਸੀ।ਉਹਨਾਂ ਕਿਹਾ ਕਿ ਇਹ ਸਮੇਂ ਦੀਆਂ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਘਟੀਆ ਇਮਾਰਤਾਂ ਉੱਤੇ ਨਜ਼ਰ ਰੱਖਣ।
ਇਸ ਮੌਕੇ ਬਲਵਿੰਦਰ ਕੌਰ, ਜੈਸਵੀਨ ਅਤੇ ਹਰਪਾਲ ਕੌਰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਕੈਪਸ਼ਨ : ਬੱਚਿਆਂ ਅਤੇ ਅਧਿਆਪਕਾਂ ਦੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਆਗੂ।