ਏ ਡੀ ਸੀ (ਪੇਂਡੂ ਵਿਕਾਸ) ਨੂੰ ਜ਼ਿਲ੍ਹੇ ਦੇ ਪਿੰਡਾਂ ’ਚ ਗੰਦੇ ਪਾਣੀ ਦੀ ਨਿਕਾਸੀ ਅਤੇ ਠੋਸ ਕੂੜੇ ਦੇ ਹੱਲ ਲਈ ਤਜ਼ਵੀਜ਼ ਬਣਾਉਣ ਲਈ ਕਿਹਾ
ਬੰਗਾ, 2 ਫ਼ਰਵਰੀ (ਸੰਧੂ) ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਦੇ ਪਿੰਡ ਢਾਹਾਂ ਕਲੇਰਾਂ ਦਾ ਦੌਰਾ ਕਰਕੇ ਪਿੰਡ ’ਚ ਗੰਦੇ ਪਾਣੀ ਦੇ ਨਿਕਾਸ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਵੀ ਮੌਜੂਦ ਸਨ। ਡੀ ਸੀ ਰੰਧਾਵਾ ਨੇ ਇਸ ਮੌਕੇ ਪਿੰਡ ’ਚ ਪਾਣੀ ਦੇ ਨਿਕਾਸ ਲਈ ਬਣਾਏ ਜਾ ਰਹੇ ਛੱਪੜ ਦੀ ਪੁਟਾਈ ਦਾ ਕੰਮ ਵੀ ਦੇਖਿਆ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਪਾਣੀ ਦੇ ਨਿਕਾਸ ਨੂੰ ਲੈ ਕੇ ਦਰਪੇਸ਼ ਮੁਸ਼ਕਿਲ ਦੇ ਹੱਲ ਲਈ ਹਰ ਸੰਭਵ ਯਤਨ ਸਮਾਂਬੱਧ ਤਰੀਕੇ ਨਾਲ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ’ਚ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਵਧੀਕ ਡੀ ਸੀ ਨੂੰ ਪਿੰਡਾਂ ਦੇ ਠੋਸ ਕੂੜੇ ਦੇ ਨਿਪਟਾਰੇ ਲਈ ਕੰਪੋਸਟ ਯੂਨਿਟ ਲਾ ਕੇ, ਖਾਦ ’ਚ ਬਦਲਣ ਤੇ ਵਰਤੋਂ ’ਚ ਲਿਆਉਣ ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪਿੰਡਾਂ ’ਚ ਦੋ ਹੀ ਮੁਸ਼ਕਿਲਾਂ ਪ੍ਰਮੁੱਖ ਹੁੰਦੀਆਂ ਹਨ, ਪਹਿਲੀ ਗੰਦੇ ਪਾਣੀ ਦੀ ਨਿਕਾਸੀ ਦੀ ਤੇ ਦੂਸਰੀ ਪਿੰਡਾਂ ਦੇ ਠੋਸ ਕੂੜੇ ਦੇ ਨਿਪਟਾਰੇ ਦੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਭਾਰਟਾ ਕਲਾਂ ਜਿਸ ਨੂੰ ਸੂਬਾ ਪੱਧਰ ’ਤੇ ਠੋਸ ਕੂੜੇ ਦੇ ਨਿਪਟਾਰੇ ਲਈ ਮਿਸਾਲੀ ਯਤਨਾਂ ਲਈ ਸਨਮਾਨਿਆ ਵੀ ਜਾ ਚੁੱਕਾ ਹੈ, ਨੂੰ ਮਾਡਲ ਵਜੋਂ ਅਪਣਾ ਕੇ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਮੱਦਦ ਨਾਲ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ’ਚ ਵੀ ਠੋਸ ਕੂੜੇ ਨੂੰ ਖਾਦ ’ਚ ਬਦਲਣ ਅਤੇ ਨਿਕਾਸੀ ਪਾਣੀ ਦੀ ਮੁੜ ਵਰਤੋਂ ਦੀਆਂ ਸੰਭਾਵਨਾਵਾਂ ’ਤੇ ਕੰਮ ਕੀਤਾ ਜਾਵੇ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਸਮੇਤ ਢਾਹਾਂ ਕਲੇਰਾਂ ਵਿਖੇ ਨਵੇਂ ਬਣਾਏ ਜਾ ਰਹੇ ਛੱਪੜ ਦਾ ਜਾਇਜ਼ਾ ਲੈਂਦੇ ਹੋਏ।